ਇਹ ਮਾਮਲਾ 2025 ’ਚ ਦਰਜ ਹੋਏ ਆਮਦਨ ਤੋਂ ਵੱਧ ਜਾਇਦਾਦ ਦੇ ਕੇਸ ਨਾਲ ਜੁੜਿਆ ਹੋਇਆ ਹੈ। ਵਿਜੀਲੈਂਸ ਬਿਊਰੋ ਦੇ ਜਾਂਚ ਅਧਿਕਾਰੀ ਇੰਸਪੈਕਟਰ ਇੰਦਰਪਾਲ ਸਿੰਘ ਨੇ ਅਦਾਲਤ ’ਚ ਅਰਜ਼ੀ ਦੇ ਕੇ ਦੱਸਿਆ ਕਿ ਜਾਂਚ ਦੌਰਾਨ ਗਜਪਤ ਸਿੰਘ ਗਰੇਵਾਲ ਦੀ ਭੂਮਿਕਾ ਬੇਹੱਦ ਸ਼ੱਕੀ ਪਾਈ ਗਈ ਹੈ।

ਜੀਐੱਸ ਸੰਧੂ, ਪੰਜਾਬੀ ਜਾਗਰਣ ਐੱਸਏਐੱਸ ਨਗਰ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਇਕ ਵਾਰ ਫਿਰ ਵਧ ਗਈਆਂ ਹਨ। ਮੁਹਾਲੀ ਦੀ ਵਿਸ਼ੇਸ਼ ਵਿਜੀਲੈਂਸ ਅਦਾਲਤ ਨੇ ਮਜੀਠੀਆ ਦੇ ਸਾਲੇ ਗਜਪਤ ਸਿੰਘ ਗਰੇਵਾਲ ਖ਼ਿਲਾਫ਼ ਗ਼ੈਰ-ਜ਼ਮਾਨਤੀ ਗ੍ਰਿਫ਼ਤਾਰੀ ਵਾਰੰਟ ਜਾਰੀ ਕਰ ਦਿੱਤਾ ਹੈ। ਇਹ ਮਾਮਲਾ 2025 ’ਚ ਦਰਜ ਹੋਏ ਆਮਦਨ ਤੋਂ ਵੱਧ ਜਾਇਦਾਦ ਦੇ ਕੇਸ ਨਾਲ ਜੁੜਿਆ ਹੋਇਆ ਹੈ। ਵਿਜੀਲੈਂਸ ਬਿਊਰੋ ਦੇ ਜਾਂਚ ਅਧਿਕਾਰੀ ਇੰਸਪੈਕਟਰ ਇੰਦਰਪਾਲ ਸਿੰਘ ਨੇ ਅਦਾਲਤ ’ਚ ਅਰਜ਼ੀ ਦੇ ਕੇ ਦੱਸਿਆ ਕਿ ਜਾਂਚ ਦੌਰਾਨ ਗਜਪਤ ਸਿੰਘ ਗਰੇਵਾਲ ਦੀ ਭੂਮਿਕਾ ਬੇਹੱਦ ਸ਼ੱਕੀ ਪਾਈ ਗਈ ਹੈ।
ਜਾਇਦਾਦਾਂ ਛੁਪਾਉਣ ’ਚ ਅਹਿਮ ਭੂਮਿਕਾ ਦਾ ਦਾਅਵਾ
ਵਿਜੀਲੈਂਸ ਦਾ ਦਾਅਵਾ ਹੈ ਕਿ ਗਰੇਵਾਲ ਨੇ ਮਜੀਠੀਆ ਦੀਆਂ ਕਥਿਤ ਗ਼ੈਰ-ਕਾਨੂੰਨੀ ਜਾਇਦਾਦਾਂ ਨੂੰ ਇਕੱਠਾ ਕਰਨ, ਟਰਾਂਸਫ਼ਰ ਕਰਨ ਤੇ ਛੁਪਾਉਣ ’ਚ ਅਹਿਮ ਭੂਮਿਕਾ ਨਿਭਾਈ। ਜਾਂਚ ’ਚ ਪਤਾ ਲੱਗਾ ਹੈ ਕਿ ਕਈ ਜਾਇਦਾਦਾਂ ਤੇ ਬੈਂਕ ਲੈਣ-ਦੇਣ ਗਰੇਵਾਲ ਜ਼ਰੀਏ ਹੀ ਹੋਏ ਸਨ। ਵਿਜੀਲੈਂਸ ਨੇ ਗਰੇਵਾਲ ਨੂੰ ਵਾਰ-ਵਾਰ ਸੰਮਨ ਤੇ ਨੋਟਿਸ ਭੇਜੇ, ਪਰ ਉਨ੍ਹਾਂ ਜਾਂਚ ’ਚ ਸਹਿਯੋਗ ਕਰਨ ਤੋਂ ਲਗਾਤਾਰ ਇਨਕਾਰ ਕੀਤਾ ਤੇ ਜਾਣ-ਬੁੱਝ ਕੇ ਦੇਰੀ ਦੀ ਰਣਨੀਤੀ ਅਪਣਾਈ। ਸੈਕਸ਼ਨ-179 ਬੀਐੱਨਐੱਸਐੱਸ ਤਹਿਤ ਨੋਟਿਸ ਜਾਰੀ ਹੋਣ ਦੇ ਬਾਵਜੂਦ ਵੀ ਗਰੇਵਾਲ ਹਾਜ਼ਰ ਨਹੀਂ ਹੋਏ।
ਜਾਂਚ ਅਧਿਕਾਰੀ ਨੇ ਅਦਾਲਤ ਨੂੰ ਦੱਸਿਆ ਕਿ ਗਰੇਵਾਲ ਖ਼ਿਲਾਫ਼ ਨਾ ਤਾਂ ਕੋਈ ਅਗਾਊਂ ਜ਼ਮਾਨਤ, ਨਾ ਕੋਈ ਸਟੇਅ ਆਰਡਰ ਤੇ ਨਾ ਹੀ ਕੋਈ ਜ਼ਮਾਨਤ ਅਰਜ਼ੀ ਪੈਂਡਿੰਗ ਹੈ। ਅਦਾਲਤ ਨੇ ਵਿਜੀਲੈਂਸ ਦੀਆਂ ਦਲੀਲਾਂ ਤੇ ਰਿਕਾਰਡ ਦਾ ਅਧਿਐਨ ਕਰਨ ਤੋਂ ਬਾਅਦ ਅਰਜ਼ੀ ਮਨਜ਼ੂਰ ਕਰ ਲਈ। ਵਿਸ਼ੇਸ਼ ਜੱਜ ਨੇ ਹੁਕਮਾਂ ’ਚ ਕਿਹਾ ਕਿ ਮੁਲਜ਼ਮ ਗਜਪਤ ਸਿੰਘ ਗਰੇਵਾਲ ਖ਼ਿਲਾਫ਼ ਪੇਸ਼ ਕੀਤੇ ਗਏ ਤੱਥਾਂ ਤੇ ਹਾਲਾਤ ਦੇ ਮੱਦੇਨਜ਼ਰ ਉਨ੍ਹਾਂ ਵਿਰੁੱਧ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਜਾਂਦੇ ਹਨ।
ਮਜੀਠੀਆ ਖ਼ਿਲਾਫ਼ ਚਾਰਜਸ਼ੀਟ ਦੀ ਤਿਆਰੀ; ਸੁਣਵਾਈ 26 ਨੂੰ
ਵਿਜੀਲੈਂਸ ਬਿਊਰੋ ਨੇ ਮਜੀਠੀਆ ਖ਼ਿਲਾਫ਼ ਵੀ ਚਾਰਜਸ਼ੀਟ ਦਾਖ਼ਲ ਕਰਨ ਦੀ ਤਿਆਰੀ ਤੇਜ਼ ਕਰ ਦਿੱਤੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਗਰੇਵਾਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਮਾਮਲੇ ਵਿਚ ਕਈ ਨਵੇਂ ਖ਼ੁਲਾਸੇ ਹੋ ਸਕਦੇ ਹਨ। ਅਦਾਲਤ ਨੇ 10 ਨਵੰਬਰ ਨੂੰ ਮਜੀਠੀਆ ਨੂੰ ਵੀਡੀਓ ਕਾਨਫ਼ਰੰਸਿੰਗ ਰਾਹੀਂ ਜੇਲ੍ਹ ਤੋਂ ਪੇਸ਼ ਕੀਤਾ ਸੀ। ਹੁਣ 26 ਨਵੰਬਰ ਨੂੰ ਇਸ ਮਾਮਲੇ ਵਿਚ ਚਾਰਜ ਫਰੇਮ ਕੀਤੇ ਜਾਣ 'ਤੇ ਦੁਬਾਰਾ ਸੁਣਵਾਈ ਹੋਵੇਗੀ। ਅਦਾਲਤ ਨੇ ਜੇਲ੍ਹ ਪ੍ਰਸ਼ਾਸਨ ਨੂੰ ਬਿਕਰਮ ਸਿੰਘ ਮਜੀਠੀਆ ਨੂੰ ਵੀਡੀਓ ਕਾਨਫ਼ਰੰਸਿੰਗ ਰਾਹੀਂ ਪੇਸ਼ ਕਰਨ ਦੇ ਹੁਕਮ ਦਿੱਤੇ ਹਨ। ਵਿਜੀਲੈਂਸ ਬਿਊਰੋ ਨੇ ਗਰੇਵਾਲ ਦੀ ਭਾਲ ਤੇਜ਼ ਕਰ ਦਿੱਤੀ ਹੈ ਅਤੇ ਉਨ੍ਹਾਂ ਦੀਆਂ ਜਾਇਦਾਦਾਂ 'ਤੇ ਵੀ ਨਜ਼ਰ ਰੱਖੀ ਜਾ ਰਹੀ ਹੈ।