ਜ਼ੀਰਕਪੁਰ 'ਚ ਸਫਾਈ ਕਰਮਚਾਰੀਆਂ ਦਾ ਵੱਡਾ ਰੋਸ ਮਾਰਚ; 9 ਦਿਨਾਂ ਤੋਂ ਹੜਤਾਲ ਜਾਰੀ, ਕੂੜੇ ਦੇ ਢੇਰਾਂ ਹੇਠ ਦੱਬਿਆ ਸ਼ਹਿਰ
ਸੜਕਾਂ, ਕਾਲੋਨੀਆਂ ਅਤੇ ਜਨਤਕ ਥਾਵਾਂ ’ਤੇ ਗੰਦਗੀ ਵਧਣ ਨਾਲ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ ਤੋਂ ਜਲਦ ਮਸਲੇ ਦਾ ਹੱਲ ਕੱਢਣ ਦੀ ਮੰਗ ਕੀਤੀ ਹੈ।
Publish Date: Fri, 15 May 2026 11:46 AM (IST)
Updated Date: Fri, 15 May 2026 11:49 AM (IST)
ਜੇ.ਐੱਸ.ਕਲੇਰ, ਪੰਜਾਬੀ ਜਾਗਰਣ ਜ਼ੀਰਕਪੁਰ: ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਨੌਂ ਦਿਨਾਂ ਤੋਂ ਹੜਤਾਲ ’ਤੇ ਬੈਠੇ ਸਫਾਈ ਕਰਮਚਾਰੀਆਂ ਨੇ ਸ਼ੁੱਕਰਵਾਰ ਨੂੰ ਸ਼ਹਿਰ ਵਿੱਚ ਵੱਡਾ ਰੋਸ ਮਾਰਚ ਕੱਢਿਆ। ਰੋਸ ਪ੍ਰਦਰਸ਼ਨ ਦੌਰਾਨ ਕਰਮਚਾਰੀਆਂ ਨੇ ਪੰਜਾਬ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਆਪਣੀਆਂ ਮੰਗਾਂ ਜਲਦ ਮੰਨਣ ਦੀ ਮੰਗ ਕੀਤੀ।
ਜਾਣਕਾਰੀ ਅਨੁਸਾਰ ਵੀਰਵਾਰ ਸ਼ਾਮ ਨੂੰ ਏਡੀਸੀ ਮੋਹਾਲੀ ਵੱਲੋਂ ਹੜਤਾਲੀ ਕਰਮਚਾਰੀਆਂ ਨਾਲ ਮੁਲਾਕਾਤ ਕੀਤੀ ਗਈ ਸੀ। ਇਸ ਦੌਰਾਨ ਮੰਗਾਂ ਸਬੰਧੀ ਸਥਾਨਕ ਸਰਕਾਰਾਂ ਵਿਭਾਗ ਦੇ ਡਾਇਰੈਕਟਰ ਨਾਲ ਸ਼ੁੱਕਰਵਾਰ ਦੁਪਹਿਰ 12 ਵਜੇ ਮੀਟਿੰਗ ਤੈਅ ਕੀਤੀ ਗਈ।
ਇਸ ਮੀਟਿੰਗ ਲਈ ਕਰਮਚਾਰੀ ਰੋਸ ਮਾਰਚ ਕਰਦੇ ਹੋਏ ਰਵਾਨਾ ਹੋਏ। ਦੂਜੇ ਪਾਸੇ, ਲਗਾਤਾਰ ਨੌਂ ਦਿਨਾਂ ਤੋਂ ਸਫਾਈ ਸੇਵਾਵਾਂ ਠੱਪ ਹੋਣ ਕਾਰਨ ਜ਼ੀਰਕਪੁਰ ਸ਼ਹਿਰ ਵਿੱਚ ਕਈ ਥਾਵਾਂ ’ਤੇ ਕੂੜੇ ਦੇ ਢੇਰ ਲੱਗ ਗਏ ਹਨ। ਸੜਕਾਂ, ਕਾਲੋਨੀਆਂ ਅਤੇ ਜਨਤਕ ਥਾਵਾਂ ’ਤੇ ਗੰਦਗੀ ਵਧਣ ਨਾਲ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ ਤੋਂ ਜਲਦ ਮਸਲੇ ਦਾ ਹੱਲ ਕੱਢਣ ਦੀ ਮੰਗ ਕੀਤੀ ਹੈ।