ਮੋਹਾਲੀ ਦੇ ਸੋਹਾਣਾ ਸਥਿਤ ਸੈਕਟਰ-79 ਦੇ ਮੈਦਾਨ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਬੈਦਵਾਨ ਸਪੋਰਟਸ ਕਲੱਬ ਵੱਲੋਂ ਕਰਵਾਏ ਜਾ ਰਹੇ ਕਬੱਡੀ ਮੈਚ ਦੌਰਾਨ ਗੋਲ਼ੀਬਾਰੀ ਹੋਣ ਦੀ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਬੋਲੈਰੋ ਸਵਾਰ ਹਮਲਾਵਰਾਂ ਨੇ ਕਬੱਡੀ ਪ੍ਰਮੋਟਰ ਅਤੇ ਸਾਬਕਾ ਖਿਡਾਰੀ ਕੰਵਰ ਦਿਗਵਿਜੈ ਸਿੰਘ ਉਰਫ਼ ਰਾਣਾ ਬਲਾਚੌਰਿਆ ਨੂੰ ਗੋਲ਼ੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ।

ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਮੋਹਾਲੀ ਦੇ ਸੋਹਾਣਾ ਸਥਿਤ ਸੈਕਟਰ-79 ਦੇ ਮੈਦਾਨ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਬੈਦਵਾਨ ਸਪੋਰਟਸ ਕਲੱਬ ਵੱਲੋਂ ਕਰਵਾਏ ਜਾ ਰਹੇ ਕਬੱਡੀ ਮੈਚ ਦੌਰਾਨ ਗੋਲ਼ੀਬਾਰੀ ਹੋਣ ਦੀ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਬੋਲੈਰੋ ਸਵਾਰ ਹਮਲਾਵਰਾਂ ਨੇ ਕਬੱਡੀ ਪ੍ਰਮੋਟਰ ਅਤੇ ਸਾਬਕਾ ਖਿਡਾਰੀ ਕੰਵਰ ਦਿਗਵਿਜੈ ਸਿੰਘ ਉਰਫ਼ ਰਾਣਾ ਬਲਾਚੌਰਿਆ ਨੂੰ ਗੋਲ਼ੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਰਾਣਾ ਬਲਾਚੌਰਿਆ ਦੀ ਮੌਤ ਇਲਾਜ ਦੌਰਾਨ ਹਸਪਤਾਲ ਵਿੱਚ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਰਾਣਾ ਬਲਾਚੌਰਿਆ ਦਾ ਵਿਆਹ ਸਿਰਫ਼ 10 ਦਿਨ ਪਹਿਲਾਂ ਹੀ ਹੋਇਆ ਸੀ। ਹਾਲਾਂਕਿ
ਪ੍ਰਤੱਖਦਰਸ਼ੀਆਂ ਮੁਤਾਬਕ, ਜਦੋਂ ਟੀਮਾਂ ਬਾਹਰ ਆ ਰਹੀਆਂ ਸਨ ਤਾਂ ਹਮਲਾਵਰ ਸੈਲਫੀ ਲੈਣ ਦੇ ਬਹਾਨੇ ਰਾਣਾ ਬਲਾਚੌਰਿਆ ਦੇ ਕੋਲ ਆਏ ਅਤੇ ਉਸਦੇ ਸਿਰ ਤੇ ਚਿਹਰੇ 'ਤੇ 4 ਤੋਂ 5 ਗੋਲ਼ੀਆਂ ਚਲਾਈਆਂ, ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਘਟਨਾ ਵੇਲੇ ਸਿੰਗਰ ਮਨਕੀਰਤ ਔਲਖ ਦੇ ਆਉਣ ਤੋਂ ਕਰੀਬ ਅੱਧਾ ਘੰਟਾ ਪਹਿਲਾਂ ਇਹ ਵਾਰਦਾਤ ਹੋਈ। ਮੈਚ ਕਮੈਂਟੇਟਰ ਸੇਵਕ ਸ਼ੇਰਗੜ੍ਹ ਅਨੁਸਾਰ, ਰਾਣਾ ਸੈਮੀਫਾਈਨਲ ਮੈਚ ਦੀ ਟਾਈ ਪਵਾਉਣ ਤੋਂ ਬਾਅਦ ਗਰਾਊਂਡ ਤੋਂ ਬਾਹਰ ਆ ਰਿਹਾ ਸੀ।
ਕੀ ਲਿਖਿਆ ਗਿਆ ਸੋਸ਼ਲ ਮੀਡੀਆ ਪੋਸਟ ਵਿਚ
ਇਸ ਘਿਨਾਉਣੇ ਕਤਲ ਤੋਂ ਬਾਅਦ ਦਵਿੰਦਰ ਬੰਬੀਹਾ ਗੈਂਗ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਗੈਂਗ ਨੇ ਦਾਅਵਾ ਕੀਤਾ ਹੈ ਕਿ ਰਾਣਾ ਬਲਾਚੌਰਿਆ, ਸਿੱਧੂ ਮੂਸੇਵਾਲਾ ਦੇ ਕਾਤਲਾਂ ਦਾ ਸਾਥੀ ਸੀ ਅਤੇ ਉਸਨੇ ਕਾਤਲਾਂ ਨੂੰ ਰਹਿਣ ਲਈ ਜਗ੍ਹਾ ਦਿੱਤੀ ਸੀ। ਪੋਸਟ ਵਿੱਚ ਕਿਹਾ ਗਿਆ ਹੈ ਕਿ ਰਾਣਾ ਨੂੰ ਮਾਰ ਕੇ ਉਨ੍ਹਾਂ ਨੇ ਆਪਣੇ ਭਾਈ ਸਿੱਧੂ ਮੂਸੇਵਾਲਾ ਦੀ ਹੱਤਿਆ ਦਾ ਬਦਲਾ ਲਿਆ ਹੈ। ਬੰਬੀਹਾ ਗੈਂਗ ਨੇ ਕਬੱਡੀ ਖਿਡਾਰੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਉਹ 'ਜੱਗੂ' ਅਤੇ 'ਹੈਰੀ' ਦੀ ਟੀਮ ਵਿੱਚ ਨਾ ਖੇਡਣ, ਨਹੀਂ ਤਾਂ ਇਸਦਾ ਨਤੀਜਾ ਵੀ ਅਜਿਹਾ ਹੀ ਹੋਵੇਗਾ।
ਬੰਬੀਹਾ ਗੈਂਗ ਵੱਲੋਂ ਜਾਰੀ ਕੀਤੀ ਪੋਸਟ ਵਿੱਚ ਲਿਖਿਆ ਗਿਆ ਹੈ: "ਅੱਜ ਜੋ ਮੋਹਾਲੀ ਵਿੱਚ ਕਬੱਡੀ ਕੱਪ ਵਿੱਚ ਰਾਣਾ ਬਲਾਚੌਰੀਆ ਦਾ ਕਤਲ ਹੋਇਆ ਹੈ, ਉਸ ਦੀ ਜ਼ਿੰਮੇਵਾਰੀ ਅਸੀਂ ਡੋਨੀਬਲ, ਸਗਨਪ੍ਰੀਤ, ਮੋਹਬਬਤ ਰੰਧਾਵਾ, ਅਮਰ ਖੱਬੇ, ਪ੍ਰਭਦਾਸੂਵਾਲ ਅਤੇ ਕੌਸ਼ਲ ਚੌਧਰੀ ਲੈਂਦੇ ਹਾਂ। ਇਹ ਆਦਮੀ ਅਫਸੋਸਨਾਕ ਢੰਗ ਨਾਲ ਅੰਤਰਜਾਲੀ ਜੱਗੂ ਅਤੇ ਲਾਰੈਂਸ ਨਾਲ ਸਾਂਝ ਰੱਖਦਾ ਸੀ। ਇਸ ਨੇ ਸਿੱਧੂ ਮੂਸੇਵਾਲਾ ਦੇ ਕਾਤਲ ਨੂੰ ਰਹਿਣ ਲਈ ਜਗ੍ਹਾ ਦਿਵਾਈ ਅਤੇ ਖੁਦ ਉਨ੍ਹਾਂ ਨੂੰ ਸੰਭਾਲਿਆ। ਅੱਜ ਰਾਣਾ ਨੂੰ ਮਾਰ ਕੇ ਅਸੀਂ ਆਪਣੇ ਭਰਾ ਸਿੱਧੂ ਮੂਸੇਵਾਲਾ ਦੀ ਹੱਤਿਆ ਦਾ ਬਦਲਾ ਲਿਆ ਹੈ। ਇਹ ਕੰਮ ਸਾਡੇ ਆਪਣੇ ਭਰਾ ਮੱਕ੍ਹਣ ਅੰਮ੍ਰਿਤਸਰ ਅਤੇ ਡਿਫਾਲਟਰ ਕਰਨ ਨੇ ਕੀਤਾ ਹੈ।"
ਗੈਂਗ ਨੇ ਆਪਣੀ ਪੋਸਟ ਵਿੱਚ ਅੱਗੇ ਲਿਖਿਆ: "ਬਾਕੀ ਅੱਜ ਤੋਂ ਸਾਰੇ ਖਿਡਾਰੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਇੱਕ ਵਿਨਤੀ ਹੈ ਕਿ ਕੋਈ ਵੀ ਜੱਗੂ ਅਤੇ ਹੈਰੀ ਦੀ ਟੀਮ ਵਿੱਚ ਨਾ ਖੇਡੇ। ਨਹੀਂ ਤਾਂ ਨਤੀਜਾ ਐਸਾ ਹੀ ਮਿਲੇਗਾ। ਸਾਨੂੰ ਕਬੱਡੀ ਨਾਲ ਕੋਈ ਐਲਰਜੀ ਨਹੀਂ। ਬੱਸ ਜੱਗੂ ਅਤੇ ਹੈਰੀ ਦੀ ਕਬੱਡੀ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਚਾਹੀਦੀ। ਵੇਟ ਐਂਡ ਵਾਚ।" ਪੋਸਟ ਦੇ ਅੰਤ ਵਿੱਚ ਗੋਪੀ ਘਨਸ਼ਿਆਮਪੁਰੀਆ ਗਰੁੱਪ, ਮੰਘਨਸ਼ਿਆਮਪੁਰ, ਦਵਿੰਦਰ ਬੰਬੀਹਾ ਗਰੁੱਪ, ਪਵਨ ਸ਼ਕੀਲ, ਰਾਣਾ ਬਾਈ, ਆਫ਼ਰੀਦੀ ਤੂਤ, ਮਨਜੋਤ ਸਿੱਧੂ ਐਚਆਰ ਅਤੇ ਰਾਣਾ ਕੰਡੋਵਾਲ ਵਰਗੇ ਨਾਮ ਲਿਖੇ ਗਏ ਹਨ।
ਪੁਲਿਸ ਦੀ ਜਾਂਚ ਅਤੇ ਸ਼ਮੂਲੀਅਤ
ਮੋਹਾਲੀ ਦੇ ਐਸਐਸਪੀ ਹਰਮਨਦੀਪ ਸਿੰਘ ਹੰਸ ਨੇ ਪੁਸ਼ਟੀ ਕੀਤੀ ਕਿ ਕਬੱਡੀ ਪ੍ਰਮੋਟਰ ਰਾਣਾ ਬਲਾਚੌਰਿਆ ਨੂੰ ਗੋਲ਼ੀ ਲੱਗੀ ਹੈ ਅਤੇ ਹਮਲਾਵਰ ਪ੍ਰਸ਼ੰਸਕ ਬਣ ਕੇ ਆਏ ਸਨ। ਉਨ੍ਹਾਂ ਦੱਸਿਆ ਕਿ ਲੋਕਾਂ ਵੱਲੋਂ ਪਿੱਛਾ ਕਰਨ 'ਤੇ ਬਦਮਾਸ਼ਾਂ ਨੇ 2-3 ਰਾਊਂਡ ਹੋਰ ਫਾਇਰਿੰਗ ਕੀਤੀ। ਹਮਲਾਵਰਾਂ ਦੀ ਗਿਣਤੀ 3 ਤੋਂ 4 ਦੱਸੀ ਜਾ ਰਹੀ ਹੈ। ਐੱਸਐੱਸਪੀ ਨੇ ਕਿਹਾ ਕਿ ਫਿਲਹਾਲ ਰੰਜਿਸ਼ ਦਾ ਕਾਰਨ ਸਪੱਸ਼ਟ ਨਹੀਂ ਹੈ, ਪਰ ਬੰਬੀਹਾ ਗੈਂਗ ਨਾਲ ਰੰਜਿਸ਼ ਅਤੇ ਲੱਕੀ ਪਟਿਆਲ ਨਾਲ ਝਗੜੇ ਦੇ ਐਂਗਲ ਤੋਂ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਇਲਾਕੇ ਵਿੱਚ ਲੱਗੇ ਕੈਮਰਿਆਂ ਦੀ ਰਿਕਾਰਡਿੰਗ ਦੇਖੀ ਜਾ ਰਹੀ ਹੈ।