ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ’ਚ ਅੰਦਰੂਨੀ ਮਤਭੇਦ ਸਾਹਮਣੇ ਆਉਣ ਲੱਗੇ ਹਨ। ਪਾਰਟੀ ਦੇ ਜਨਰਲ ਸਕੱਤਰ ਅਤੇ ਬੁਲਾਰੇ ਚਰਨਜੀਤ ਸਿੰਘ ਬਰਾੜ ਨੇ ਬੁੱਧਵਾਰ ਨੂੰ ਪਾਰਟੀ ਦੇ ਸਾਰੇ ਅਹੁੱਦਿਆਂ ਅਤੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ।
ਜੈ ਸਿੰਘ ਛਿੱਬਰ, ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ’ਚ ਅੰਦਰੂਨੀ ਮਤਭੇਦ ਸਾਹਮਣੇ ਆਉਣ ਲੱਗੇ ਹਨ। ਪਾਰਟੀ ਦੇ ਜਨਰਲ ਸਕੱਤਰ ਅਤੇ ਬੁਲਾਰੇ ਚਰਨਜੀਤ ਸਿੰਘ ਬਰਾੜ ਨੇ ਬੁੱਧਵਾਰ ਨੂੰ ਪਾਰਟੀ ਦੇ ਸਾਰੇ ਅਹੁੱਦਿਆਂ ਅਤੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ।
ਉਨ੍ਹਾਂ ਲਿਖਿਆ, ''ਸਤਿਕਾਰਯੋਗ ਭਰਤੀ ਕਰਤਾ ਡੈਲੀਗੇਟ ਸਹਿਬਾਨ ਅਤੇ ਹਰੇਕ ਵਰਕਰ ਤੋਂ ਮਾਫ਼ੀ ਚਾਹੁੰਦਾ ਹੋਇਆ ਬੜੇ ਹੀ ਭਰੇ ਮਨ ਨਾਲ ਸ਼੍ਰੋਮਣੀ ਅਕਾਲੀ ਦਲ ਪੁੱਨਰ ਸੁਰਜੀਤ ਦੇ ਸਾਰੇ ਅਹੁੱਦਿਆਂ ਅਤੇ ਮੁੱਢਲੀ ਮੈਬਰਸਿੱਪ ਤੋ ਅਸਤੀਫਾ ਦੇ ਰਿਹਾਂ ਹਾਂ। ਭਾਵੇਕਿ ਆਪਣੇ ਹੱਥੀ ਮਕਾਨ ਬਣਾ ਕੇ ਛੱਡਣਾਂ ਬਹੁੱਤ ਆਉਖਾ ਹੁੰਦਾ ਹੈ ਪਰ ਹਾਲਾਤ ਹੀ ਅਜਿਹੇ ਬਣ ਗਏ ਹਨ ਕਿ ਕੋਈ ਚਾਰਾ ਨਹੀ ਬਚਿਆ। ਮੈਨੂੰ ਇਸ ਗੱਲ ਦਾ ਗਹਿਰਾ ਅਹਿਸਾਸ ਹੈ ਕਿ ਪੰਜ ਮੈਬਰੀ ਭਰਤੀ ਕਮੇਟੀ ਰਾਹੀ ਕਰਵਾਈ ਗਈ ਭਰਤੀ ਲਈ ਮੈ ਬਹੁੱਤ ਹੀ ਉਤਸਾਹਿਤ ਤਰੀਕੇ ਨਾਲ ਦਿੱਨ ਰਾਤ ਮਿਹਨਤ ਕਰਕੇ ਤੁਹਾਡੇ ਵਿੱਚੋ ਬਹੁੱਤ ਸਾਰਿਆਂ ਨੂੰ ਵਾਸਤਾ ਪਾ ਕੇ ਵੀ ਭਰਤੀ ਕਰਵਾਈ ਸੀ ਤੇ ਖਾਸ ਕਰ ਮਾਲਵੇ ਵਿੱਚ ਬਾਦਲ ਪਰਿਵਾਰ ਦਾ ਆਪਣਾਂ ਨਿੱਜੀ ਦਬਾਅ ਹੋਣ ਦੇ ਬਾਵਜੂਦ ਵੀ ਮਾਲਵੇ ਸਮੇਤ ਸਾਰੇ ਹੀ ਪੰਜਾਬ ਅਤੇ ਪੰਜਾਬ ਤੋ ਬਾਹਰ ਵੀ ਭਰਤੀ ਕਰਕੇ ਡੈਲੀਗੇਟ ਸਹਿਬਾਨ ਦੀ ਚੋਣ ਕਰਵਾਈ। ਜਿਸ ਨਾਲ ਸਭ ਨੂੰ ਆਸ ਬੱਝੀ ਕਿ ਪੰਥ ਤੇ ਪੰਜਾਬ ਪਰਸਤ ਨਵੀ ਨਰੋਈ ਲੀਡਰਸਿੱਪ ਚੁਣ ਕੇ ਪਾਰਟੀ ਦੀ ਪੁਨਰ ਸੁਰਜੀਤੀ ਹੋਵੇਗੀ।
ਪਰ ਬੜੇ ਭਰੇ ਮਨ ਨਾਲ ਕਹਿਣਾ ਪੈ ਰਿਹਾ ਹੈ ਕਿ ਜਿਸ ਤਰਾਂ ਸ਼੍ਰੋਮਣੀ ਅਕਾਲੀ ਦਲ ਵੱਲੋ ਸਿਧਾਂਤਕ ਤੌਰ 'ਤੇ ਬੜੀਆਂ ਵੱਡੀਆਂ ਕੁਤਾਹੀਆਂ ਕੀਤੀਆਂ ਸਨ, ਜਿਸ ਕਰਕੇ ਮੇਰੇ ਪਰਿਵਾਰ ਦੀ ਮੁੱਢ ਤੋ ਹੀ ਬਾਦਲ ਪਰਿਵਾਰ ਨਾਲ ਸਿਆਸੀ ਤੋਂ ਬਣੀ ਪਰਿਵਾਰਕ ਸਾਂਝ ਨੂੰ ਵੀ ਛੱਡਿਆ ਸੀ। ਭਾਵੇਂ ਪਾਰਟੀ ਪ੍ਰਧਾਨ ਨਾਲ ਸਿਧਾਂਤਕ ਵਿਚਾਰਾਂ ਦੇ ਵਖਰੇਵਿਆਂ ਦੇ ਬਾਵਜੂਦ ਉਥੇ ਜਾਤੀ ਤੌਰ 'ਤੇ ਇੱਜ਼ਤ ਮਾਣ ਵਿੱਚ ਕੋਈ ਕਮੀ ਨਹੀਂ ਸੀ ਪਰ ਸਿਧਾਂਤਕ ਤੌਰ 'ਤੇ ਆਈਆਂ ਵੱਡੀਆਂ ਉਣਤਾਈਆਂ ਕਰਕੇ ਸਾਰਾ ਕੁਝ ਖੁੱਦ ਛੱਡ ਕੇ ਸੁਧਾਰ ਵੱਲ ਨੂੰ ਹੋ ਤੁਰਿਆ ਸੀ। ਪਰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਅੱਜ ਨਵੀਂ ਪਾਰਟੀ ਦੀ ਪੁੱਨਰ ਸੁਰਜੀਤੀ ਵਿੱਚ ਵੀ ਸਿਧਾਤਾਂ ਤੇ ਪਹਿਰਾ ਨਹੀਂ ਦਿੱਤਾ ਜਾ ਰਿਹਾ ਹੈ। ਇੱਥੋ ਤੱਕ ਕਿ ਮਿਤੀ 11 ਅਗਸਤ ਨੂੰ ਪਾਰਟੀ ਪ੍ਰਧਾਨ ਦੀ ਚੋਣ ਤੋ ਬਾਅਦ ਪੰਜ ਮਹੀਨੇ ਵਿੱਚ ਕਿਸੇ ਵੀ ਲੋਕ ਮੁੱਦਿਆਂ ਲਈ ਧਰਤੀ 'ਤੇ ਕਿਤੇ ਵੀ ਲੜਦੇ ਨਜ਼ਰ ਨਹੀਂ ਆਏ ਅਤੇ ਨਾ ਹੀ ਪਾਰਟੀ ਨੂੰ ਕੋਈ ਵੀ ਠੋਸ ਪਰੋਗਰਾਮ ਦਿੱਤਾ ਗਿਆ। ਜਿਸ ਕਰਕੇ ਭਰਤੀ ਕਰਨ ਵਾਲੇ ਹਰੇਕ ਵਰਕਰ ਦਾ ਮਨੋਬਲ ਲਗਪਗ ਟੁੱਟ ਚੁੱਕਿਆ ਹੈ।''
ਸੋ ਮੈਂ ਕਿਸੇ ਦੀ ਨੁਕਤਾਚੀਨੀ ਕਰਨ ਦੀ ਬਜਾਏ ਗੁਰੂ ਸਾਹਿਬ ਦੀ ਬਾਣੀ ਵਿੱਚੋ ਪੰਕਤੀ ਰਾਹੀ ਆਪਣਾ ਵਿਚਾਰ ਵਿਅਕਤ ਕਰਦਾਂ ਹਾਂ ਕਿ "ਹਮ ਨਹੀ ਚੰਗੇ ਬੁਰਾ ਨਹੀ ਕੋਇ"।
ਆਸ ਕਰਦਾਂ ਹਾਂ ਕਿ ਪੁਨਰ ਸੁਰਜੀਤੀ ਲਈ ਸੁਧਾਰ ਦੇ ਰਸਤੇ ਤੋ ਭੜਕੀ ਹੋਈ ਲੀਡਰਸਿੱਪ ਹਾਲੇ ਵੀ ਆਪਣੇ ਆਪ ਨੂੰ ਦਰੁੱਸਤ ਕਰ ਲੈਣ ਤਾਂ ਪਾਰਟੀ ਚ ਸੁਧਾਰ ਹੋ ਸਕਦਾ ਹੈ ਤੇ ਪਾਰਟੀ ਕਾਮਯਾਬ ਹੋਵੇ ਮੇਰੀਆਂ ਪਾਰਟੀ ਲਈ ਇਹੀ ਸੁਭਕਾਮਨਾਵਾਂ ਹਨ।
ਮੈ ਇਹ ਵੀ ਉਮੀਦ ਕਰਦਾਂ ਕਿ ਮੇਰੇ ਨਾਲ ਕਿਸੇ ਤਰਾਂ ਦੀ ਬਿਆਨਬਾਜ਼ੀ 'ਚ ਨਹੀਂ ਪੈਣਗੇ ਕਿਉਂਕਿ ਮੇਰੇ ਵੱਲੋਂ ਜਵਾਬ ਦੇਣ ਨਾਲ ਇਸ ਧੜੇ ਦਾ ਵੱਡਾ ਨੁਕਸਾਨ ਹੋਵੇਗਾ। ਮੇਰੇ ਦੁਆਰਾ ਹੀ ਪਹਿਲੀ ਚਿੱਠੀ ਲਿਖ ਕੇ ਸੁਰੂ ਕੀਤੀ ਇਹ ਦੂਸਰੀ ਸੁਧਾਰ ਲਹਿਰ ਦਾ ਨੁਕਸਾਨ ਕਿਸੇ ਕੀਮਤ ਵਿੱਚ ਮੈਂ ਨਹੀਂ ਕਰਨਾ ਚਾਹੁੰਦਾ। ਇਸੇ ਕਰਕੇ ਹੀ ਮੈਂ 13 ਅਕਤੂਬਰ 2025 ਤੋਂ ਕੰਮ ਛੱਡ ਕੇ ਚੁੱਪ-ਚਾਪ ਘਰ ਬੈਠ ਗਿਆ ਸੀ ਪਰ ਜ਼ਿੰਦਗੀ ਬੈਠਣ ਦਾ ਨਾਮ ਨਹੀਂ ਇਹ ਪਹੀਆ ਚਲਦਾ ਰਹੇ ਫਿਰ ਜ਼ਿੰਦਗੀ ਕਹਾਉਂਦਾ ਹੈ। ਵਾਹਿਗੁਰੂ ਸਾਹਿਬ ਜੀ ਜਿਥੇ ਚਾਹੁੰਣਗੇ ਉਥੇ ਆਉਣ ਵਾਲੇ ਸਮੇਂ ਵਿੱਚ ਪੰਥ ਅਤੇ ਪੰਜਾਬ ਲਈ ਸੇਵਾ ਲੈ ਲੈਣਗੇ।
ਜ਼ਿਕਰਯੋਗ ਹੈ ਕਿ ਬਰਾੜ ਦਾ ਅਸਤੀਫ਼ਾ ਉਸ ਵਕਤ ਸਾਹਮਣੇ ਆਇਆ ਹੈ, ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇੇ ਮਾਘੀ ਮੇਲੇ ਮੌਕੇ ਸ੍ਰੀ ਮੁਕਤਸਰ ਸਾਹਿਬ ਵਿਖੇ ਆਯੋਜਿਤ ਰੈਲੀ ਵਿਚ ਸਾਰਿਆਂ ਨੂੰ ਅਕਾਲੀ ਦਲ ਦੇ ਭਲੇ ਅਤੇ ਪੰਜਾਬ ਦੇ ਵਿਕਾਸ ਲਈ ਆਪਸੀ ਮਤਭੇਦ ਛੱਡਕੇ ਇਕ ਝੰਡੇ ਹੇਠ ਇਕੱਠੇ ਹੋਣ ਦੀ ਗੱਲ ਕਹੀ ਹੈ।