ਮਾਲਕਣ ਨੂੰ ਮਾਰ-ਮਾਰ ਕੇ ਕੀਤਾ ਅੱਧਮੋਇਆ ; ਨੌਕਰ ਘਰ ’ਚੋਂ ਨਕਦੀ ਅਤੇ ਸੋਨੇ-ਚਾਂਦੀ ਦੇ ਗਹਿਣੇ ਲੈ ਕੇ ਫ਼ਰਾਰ
ਕਰੀਬ 5 ਦਿਨ ਪਹਿਲਾਂ ਕੰਮ 'ਤੇ ਰੱਖੇ ਨੌਕਰ ਨੇ ਮਾਲਕਣ ਨੂੰ ਘਰ ਵਿਚ ਇਕੱਲੀ ਦੇਖ ਕੇ ਉਸ 'ਤੇ ਬੇਰਹਿਮੀ ਨਾਲ ਹਮਲਾ ਕਰ ਦਿੱਤਾ ਅਤੇ ਲਹੂ-ਲੁਹਾਨ ਅਤੇ ਅੱਧਮੋਈ ਹਾਲਤ ਵਿਚ ਛੱਡ ਕੇ ਘਰ ਵਿਚ ਪਈ ਨਕਦੀ, ਸੋਨਾ-ਚਾਂਦੀ ਦੇ ਗਹਿਣੇ ਲੁੱਟ ਕੇ ਫ਼ਰਾਰ ਹੋ ਗਿਆ।
Publish Date: Mon, 18 May 2026 11:23 AM (IST)
Updated Date: Mon, 18 May 2026 11:25 AM (IST)
ਅਮਰਜੀਤ ਸਿੰਘ, ਪੰਜਾਬੀ ਜਾਗਰਣ, ਮੁਹਾਲੀ : ਮੁਹਾਲੀ ਦੇ ਨਜ਼ਦੀਕ ਖਰੜ ਦੀ ਇਕ ਹਾਊਸਿੰਗ ਸੁਸਾਇਟੀ ਵਿਚ ਇਕ ਨੌਕਰ ਵੱਲੋਂ ਦਿਨ-ਦਿਹਾੜੇ ਲੁੱਟ ਦੀ ਖ਼ੌਫ਼ਨਾਕ ਵਾਰਦਾਤ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।
ਕਰੀਬ 5 ਦਿਨ ਪਹਿਲਾਂ ਕੰਮ 'ਤੇ ਰੱਖੇ ਨੌਕਰ ਨੇ ਮਾਲਕਣ ਨੂੰ ਘਰ ਵਿਚ ਇਕੱਲੀ ਦੇਖ ਕੇ ਉਸ 'ਤੇ ਬੇਰਹਿਮੀ ਨਾਲ ਹਮਲਾ ਕਰ ਦਿੱਤਾ ਅਤੇ ਲਹੂ-ਲੁਹਾਨ ਅਤੇ ਅੱਧਮੋਈ ਹਾਲਤ ਵਿਚ ਛੱਡ ਕੇ ਘਰ ਵਿਚ ਪਈ ਨਕਦੀ, ਸੋਨਾ-ਚਾਂਦੀ ਦੇ ਗਹਿਣੇ ਲੁੱਟ ਕੇ ਫ਼ਰਾਰ ਹੋ ਗਿਆ। ਪੀੜਤ ਮਹਿਲਾ ਇਸ ਵੇਲੇ ਮੁਹਾਲੀ ਦੇ ਇਕ ਨਿੱਜੀ ਹਸਪਤਾਲ ਵਿਚ ਜ਼ੇਰੇ-ਇਲਾਜ ਹੈ।
ਸ਼ਿਕਾਇਤਕਰਤਾ ਈਨਾਮ ਸਾਬਿਰ ਨੇ ਦੱਸਿਆ ਕਿ ਉਹ ਆਪਣੀ ਪਤਨੀ ਸ਼ਬਨਮ ਨਾਲ ਪਿਛਲੇ ਕਈ ਸਾਲਾਂ ਤੋਂ ਖਰੜ ਵਿਖੇ ਰਹਿ ਰਹੇ ਹਨ। ਉਸਨੇ ਦੱਸਿਆ ਕਿ ਕਰੀਬ 5-6 ਦਿਨ ਪਹਿਲਾਂ ਹੀ ਬਿਹਾਰ ਦੇ ਰਹਿਣ ਵਾਲੇ ਹੀਰਾ ਲਾਲ ਸਾਹਨੀ ਉਰਫ਼ ਹੈਰੀ ਨਾਂ ਦੇ ਨੌਕਰ ਨੂੰ ਘਰ ਦੇ ਕੰਮਾਂ ਲਈ ਰੱਖਿਆ ਸੀ।
ਉਸਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਜਿਮ ਚਲਾ ਗਿਆ ਸੀ ਅਤੇ ਉਸਦੀ ਪਤਨੀ ਘਰ ਵਿਚ ਹੀ ਸੀ ਅਤੇ ਨੌਕਰ ਰਸੋਈ ਵਿਚ ਕੰਮ ਕਰ ਰਿਹਾ ਸੀ। ਜਦੋਂ ਉਹ ਜਿਮ ਤੋਂ ਵਾਪਸ ਆਇਆ ਤਾਂ ਨੌਕਰ ਘਰੋਂ ਗਾਇਬ ਸੀ, ਜਦਕਿ ਉਸਦੀ ਪਤਨੀ ਦੇ ਬੈੱਡਰੂਮ ਦਾ ਦਰਵਾਜ਼ਾ ਅੰਦਰੋਂ ਬੰਦ ਸੀ ਅਤੇ ਅੰਦਰੋਂ ਉਸ ਦੇ ਰੋਣ ਦੀ ਆਵਾਜ਼ ਆ ਰਹੀ ਸੀ। ਉਸਨੇ ਦਰਵਾਜ਼ਾ ਖੋਲ੍ਹਣ ਲਈ ਕਿਹਾ ਤਾਂ ਉਸ ਨੇ ਰੋਂਦਿਆਂ ਕਿਹਾ ਕਿ ਉਹ ਉੱਠਣ ਦੀ ਹਾਲਤ ਵਿਚ ਨਹੀਂ ਹੈ, ਜਿਸ ਕਾਰਨ ਕਾਰਨ ਗੁਆਂਢੀਆਂ ਦੀ ਮਦਦ ਨਾਲ ਦਰਵਾਜ਼ਾ ਤੋੜ ਦਿੱਤਾ। ਅੰਦਰ ਜਾਣ 'ਤੇ ਉਸ ਦੇ ਹੋਸ਼ ਉੱਡ ਗਏ, ਉਸ ਦੀ ਪਤਨੀ ਪਖ਼ਾਨੇ ਵਿਚ ਖ਼ੂਨ ਨਾਲ ਲੱਥਪੱਥ ਪਈ ਸੀ ਅਤੇ ਬੈੱਡ ਤੇ ਫ਼ਰਸ਼ 'ਤੇ ਖ਼ੂਨ ਖਿਲਰਿਆ ਹੋਇਆ ਸੀ।
ਪੀੜਤ ਮਹਿਲਾ ਸ਼ਬਨਮ ਨੇ ਦੱਸਿਆ ਕਿ ਨੌਕਰ ਹੀਰਾ ਲਾਲ ਉਰਫ਼ ਹੈਰੀ ਨੇ ਉਸ ਨੂੰ ਇਕੱਲੀ ਦੇਖ ਕੇ ਰਸੋਈ ਵਿਚ ਵਰਤੇ ਜਾਣ ਵਾਲੇ ਵੇਲਣੇ ਨਾਲ ਉਸ ਦੇ ਸਿਰ ਅਤੇ ਸਰੀਰ 'ਤੇ ਬੇਰਹਿਮੀ ਨਾਲ ਵਾਰ ਕੀਤੇ। ਉਸ ਨੂੰ ਅਧਮੋਇਆ ਕਰਨ ਤੋਂ ਬਾਅਦ ਮੁਲਜ਼ਮ ਘਰ ਵਿਚ ਪਈ ਨਕਦੀ, ਮੋਬਾਈਲ ਫ਼ੋਨ ਅਤੇ ਲੱਖਾਂ ਰੁਪਏ ਦੇ ਸੋਨੇ-ਚਾਂਦੀ ਦੇ ਗਹਿਣੇ ਲੈ ਕੇ ਫ਼ਰਾਰ ਹੋ ਗਿਆ। ਪਤੀ ਵੱਲੋਂ ਤੁਰੰਤ ਜ਼ਖਮੀ ਪਤਨੀ ਨੂੰ ਮੁਹਾਲੀ ਦੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ।
ਈਨਾਮ ਸਾਬਿਰ ਦੀ ਸ਼ਿਕਾਇਤ 'ਤੇ ਖਰੜ ਥਾਣਾ ਪੁਲਿਸ ਨੇ ਬਿਹਾਰ ਦੇ ਰਹਿਣ ਵਾਲੇ ਮੁਲਜ਼ਮ ਨੌਕਰ ਹੀਰਾ ਲਾਲ ਸਾਹਨੀ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।