ਬਾਰ ਐਸੋਸੀਏਸ਼ਨ ਡੇਰਾਬੱਸੀ ਵੱਲੋਂ ਕਲਮ ਛੱਡ ਹੜਤਾਲ, ਅਦਾਲਤੀ ਕੰਮਕਾਜ ਪੂਰੀ ਤਰ੍ਹਾਂ ਠੱਪ
ਬਾਰ ਐਸੋਸੀਏਸ਼ਨ ਡੇਰਾਬੱਸੀ ਵੱਲੋਂ ਕਲਮ ਛੱਡ ਹੜਤਾਲ, ਅਦਾਲਤੀ ਕੰਮਕਾਜ ਪੂਰੀ ਤਰ੍ਹਾਂ ਠੱਪ
Publish Date: Thu, 05 Feb 2026 06:12 PM (IST)
Updated Date: Thu, 05 Feb 2026 06:14 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਬਾਰ ਐਸੋਸੀਏਸ਼ਨ ਡੇਰਾਬੱਸੀ ਵੱਲੋਂ ਸੂਬਾ ਪੱਧਰੀ ਹੜਤਾਲ ਦੀ ਕਾਲ ਦੇ ਤਹਿਤ ਅਦਾਲਤੀ ਕੰਮਕਾਜ ਪੂਰੀ ਤਰ੍ਹਾਂ ਬੰਦ ਰੱਖਦਿਆਂ ਕਲਮ ਛੱਡ ਹੜਤਾਲ ਕੀਤੀ ਗਈ, ਜਿਸਨੂੰ ਬਾਰ ਦੇ ਸਾਰੇ ਵਕੀਲਾਂ ਵੱਲੋਂ ਪੂਰਾ ਸਮਰਥਨ ਮਿਲਿਆ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਵਿਕਰਮਜੀਤ ਸਿੰਘ ਦੱਪਰ ਨੇ ਦੱਸਿਆ ਕਿ ਚਾਰ ਫਰਵਰੀ ਨੂੰ ਪੰਜਾਬ ਭਰ ਦੀਆਂ ਬਾਰ ਐਸੋਸੀਏਸ਼ਨਾਂ ਦੇ ਪ੍ਰਧਾਨਾਂ ਦੀ ਸਾਂਝੀ ਬੈਠਕ ’ਚ ਤਿੰਨ ਦਿਨਾਂ ਦੀ ਮੁਕੰਮਲ ਹੜਤਾਲ ਬਾਰੇ ਸਾਂਝਾ ਮਤਾ ਪਾਸ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਐਕਸ਼ਨ ਪਲਾਨ ਕੇਸਾਂ ਦੇ ਤੁਰੰਤ ਨਿਪਟਾਰੇ ਦੀ ਪ੍ਰਕਿਰਿਆ ਕਾਰਨ ਵਕੀਲ ਭਾਈਚਾਰਾ ਭਾਰੀ ਦਬਾਅ ਹੇਠ ਹੈ, ਜਿਸ ਨਾਲ ਨਿਰਪੱਖ ਅਤੇ ਨਿਆਂਸੰਗਤ ਇਨਸਾਫ਼ ਪ੍ਰਦਾਨ ਕਰਨ ਵਿਚ ਮੁਸ਼ਕਲਾਂ ਆ ਰਹੀਆਂ ਹਨ। ਪ੍ਰਧਾਨ ਦੱਪਰ ਨੇ ਇਹ ਵੀ ਕਿਹਾ ਕਿ ਲੀਗਲ ਏਡ ਡਿਫੈਂਸ ਕਾਊਂਸਲ ਸਕੀਮ ਰੋਜ਼ਾਨਾ ਪ੍ਰੈਕਟਿਸ ਕਰ ਰਹੇ ਵਕੀਲਾਂ ਦੀ ਪ੍ਰੈਕਟਿਸ ’ਤੇ ਸਿੱਧਾ ਅਸਰ ਪਾ ਰਹੀ ਹੈ। ਮੁਫ਼ਤ ਕਾਨੂੰਨੀ ਸਹਾਇਤਾ ਬਾਰੇ ਗ਼ਲਤ ਪ੍ਰਚਾਰ ਅਤੇ ਇਸਦਾ ਗ਼ਲਤ ਇਸਤੇਮਾਲ ਵਕੀਲ ਭਾਈਚਾਰੇ ਲਈ ਚਿੰਤਾ ਦਾ ਵਿਸ਼ਾ ਹੈ। ਇਸ ਮਸਲੇ ’ਤੇ ਪਹਿਲਾਂ ਵੀ ਹੜਤਾਲ ਕੀਤੀ ਗਈ ਸੀ, ਪਰ ਅਜੇ ਤੱਕ ਪ੍ਰਸ਼ਾਸਨ ਵੱਲੋਂ ਕੋਈ ਢੁੱਕਵੀਂ ਸੁਣਵਾਈ ਨਹੀਂ ਹੋਈ। ਇਸ ਮੌਕੇ ਬਾਰ ਐਸੋਸੀਏਸ਼ਨ ਦੀ ਐਗਜ਼ਿਕਿਊਟਿਵ ਕਮੇਟੀ ਦੇ ਉਪ ਪ੍ਰਧਾਨ ਰਾਮ ਕੁਮਾਰ ਧੀਮਾਨ, ਜਨਰਲ ਸਕੱਤਰ ਇੰਦਰਪਾਲ ਸਿੰਘ ਖਾਰੀ, ਜੁਆਇੰਟ ਸਕੱਤਰ ਸੀਮਾ ਧੀਮਾਨ, ਹਰਪ੍ਰੀਤ ਸਿੰਘ ਸੈਣੀ ਸਮੇਤ ਸੁੱਚਾ ਵਕੀਲ, ਮਿੱਤਰਪਾਲ ਸੈਣੀ, ਸੁਮਿਤ ਗੋਇਲ, ਰਵਿੰਦਰ ਬੱਤਰਾ, ਦਤਿੰਦਰ ਗਾਂਧੀ, ਬਿਪਿੰਦਰਦੀਪ, ਵਿਸ਼ਵਜੀਤ, ਸੁਮਨ ਚੌਹਾਨ, ਅੰਜਲੀ, ਅਰੁਣਾ ਕੁਮਾਰੀ, ਵਿਵੇਕ ਵਸ਼ਿਸ਼ਟ ਆਦਿ ਵਕੀਲ ਹਾਜ਼ਰ ਸਨ।