ਆਤਿਸ਼ੀ ਨੂੰ ਵਿਧਾਨ ਸਭਾ ਮੈਂਬਰਸ਼ਿਪ ਤੋਂ ਬਰਖ਼ਾਸਤ ਕੀਤਾ ਜਾਵੇ : ਸੁਖਬੀਰ ਸਿੰਘ ਬਾਦਲ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਿੱਲੀ ਵਿਧਾਨ ਸਭਾ ਦੇ ਸਪੀਕਰ ਵਿਜੇਂਦਰ ਗੁਪਤਾ ਨੂੰ ਅਪੀਲ ਕੀਤੀ ਕਿ ਉਹ ਗੁਰੂ ਸਾਹਿਬਾਨ ਖ਼ਿਲਾਫ਼ ਕੀਤੀਆਂ ਅਪਮਾਨਯੋਗ ਟਿੱਪਣੀਆਂ ਲਈ ਵਿਰੋਧੀ ਧਿਰ ਦੇ ਆਗੂ ਆਤਿਸ਼ੀ ਦੀ ਵਿਧਾਨ ਸਭਾ ਮੈਂਬਰਸ਼ਿਪ ਰੱਦ ਕਰਨ।
Publish Date: Sun, 18 Jan 2026 09:35 AM (IST)
Updated Date: Sun, 18 Jan 2026 09:36 AM (IST)

ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਿੱਲੀ ਵਿਧਾਨ ਸਭਾ ਦੇ ਸਪੀਕਰ ਵਿਜੇਂਦਰ ਗੁਪਤਾ ਨੂੰ ਅਪੀਲ ਕੀਤੀ ਕਿ ਉਹ ਗੁਰੂ ਸਾਹਿਬਾਨ ਖ਼ਿਲਾਫ਼ ਕੀਤੀਆਂ ਅਪਮਾਨਯੋਗ ਟਿੱਪਣੀਆਂ ਲਈ ਵਿਰੋਧੀ ਧਿਰ ਦੇ ਆਗੂ ਆਤਿਸ਼ੀ ਦੀ ਵਿਧਾਨ ਸਭਾ ਮੈਂਬਰਸ਼ਿਪ ਰੱਦ ਕਰਨ।
ਸਪੀਕਰ ਨੂੰ ਲਿਖੇ ਇਕ ਪੱਤਰ ’ਚ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਬਤੌਰ ਅਕਾਲੀ ਦਲ ਦੇ ਪ੍ਰਧਾਨ ਤੇ ਇਕ ਸਮਰਪਿਤ ਸਿੱਖ ਵਜੋਂ ਉਨ੍ਹਾਂ ਨੂੰ ਆਤਿਸ਼ੀ ਦੇ ਰਵੱਈਏ ਤੋਂ ਬਹੁਤ ਰੋਹ ਹੈ। ਉਨ੍ਹਾਂ ਕਿਹਾ ਕਿ ਵਿਧਾਨਕ ਦ੍ਰਿਸ਼ਟੀ ਤੋਂ ਆਤਿਸ਼ੀ ਵੱਲੋਂ ਕੀਤਾ ਗਿਆ ਕੰਮ ਸਦਨ ਦੀ ਮਾਣ ਮਰਿਆਦਾ ਤੇ ਮਾਣ-ਸਨਮਾਨ ਦਾ ਅਪਮਾਨ ਹੈ ਜਿਸ ਕਾਰਨ ਉਹ ਵਿਧਾਇਕ ਨਹੀਂ ਰਹਿ ਸਕਦੇ। ਉਨ੍ਹਾਂ ਕਿਹਾ ਕਿ ਜੋ ਮੈਂਬਰ ਧਰਮ ਦਾ ਅਪਮਾਨ ਕਰੇ ਤੇ ਗੁਰੂ ਸਾਹਿਬਾਨ ਅਤੇ ਘੱਟ ਗਿਣਤੀ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਸੱਟ ਮਾਰੇ ਉਸ ਨੂੰ ਮੈਂਬਰ ਰਹਿਣ ਦਾ ਨੈਤਿਕ ਅਧਿਕਾਰ ਨਹੀਂ ਤੇ ਨਾ ਹੀ ਉਸ ਨੂੰ ਕਾਨੂੰਨ ਘਾੜਾ ਰਹਿਣ ਦਾ ਸੰਵਿਧਾਨਕ ਅਧਿਕਾਰ ਹੈ। ਉਹਨਾਂ ਕਿਹਾ ਕਿ ਇਸ ਸਭ ਦੀ ਰੋਸ਼ਨੀ ਵਿਚ ਉਹ ਬੇਨਤੀ ਕਰਦੇ ਹਨ ਕਿ ਆਤਿਸ਼ੀ ਦੇ ਖਿਲਾਫ ਧਾਰਾ 295 ਏ ਤਹਿਤ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਅਤੇ ਧਾਰਾ 153-ਏ ਤਹਿਤ ਭਾਈਚਾਰਿਆਂ ’ਚ ਦੁਸ਼ਮਣੀ ਭੜਕਾਉਣ ਤਹਿਤ ਵੀ ਕੇਸ ਦਰਜ ਕੀਤਾ ਜਾਵੇ।
ਬਾਦਲ ਨੇ ਕਿਹਾ ਕਿ ਆਤਿਸ਼ੀ ਦੇ ਬਿਆਨਾਂ ਨਾਲ ਪੰਜਾਬ ਤੇ ਦੇਸ਼ ’ਚ ਬਹੁਤ ਹੀ ਮੁਸ਼ਕਿਲ ਨਾਲ ਕਮਾਏ ਸ਼ਾਂਤੀ ਤੇ ਫਿਰਕੂ ਸਦਭਾਵਨਾ ਦੇ ਮਾਹੌਲ ਲਈ ਗੰਭੀਰ ਖ਼ਤਰਾ ਪੈਦਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਦੁਨੀਆਂ ਭਰ ਦੇ ਸਿੱਖ ਉਨ੍ਹਾਂ ਵੱਲ ਵੇਖ ਰਹੇ ਹਨ। ਉਨ੍ਹਾਂ ਸਪੀਕਰ ਨੂੰ ਦੱਸਿਆ ਕਿ ਇਸ ਮਾਮਲੇ ’ਤੇ ਪੰਥਕ ਸੰਸਥਾਵਾਂ ’ਚ ਗੰਭੀਰ ਚਿੰਤਾ ਪੈਦਾ ਹੋਈ ਹੈ, ਜਿਸ ਦੀ ਅਗਵਾਈ ਸਿੱਖਾਂ ਦੀ ਸਰਵਉਚ ਧਾਰਮਿਕ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਕਰ ਰਹੀ ਹੈ।
ਬਾਦਲ ਨੇ ਦਿੱਲੀ ਵਿਧਾਨ ਸਭਾ ਦੇ ਸਪੀਕਰ ਨੂੰ ਦੱਸਿਆ ਕਿ ਸਿੱਖ ਗੁਰੂ ਸਾਹਿਬਾਨ ਨੇ ਅਕਾਲ ਪੁਰਖ਼ ਦੀ ਸਰਵਉੱਚਤਾ ਦੀ ਗੱਲ ਕੀਤੀ ਤੇ ਖਾਲਸਾ ਪੰਥ ਧਰਮ, ਜਾਤ ਪਾਤ, ਨਸਲ ਤੋਂ ਉਪਰ ਉਠ ਕੇ ਸਰਬ ਸਾਂਝੀਵਾਲਤਾ ਦੀ ਗੱਲ ਕਰਦਾ ਹੈ। ਉਨ੍ਹਾਂ ਕਿਹਾ ਕਿ ਖਾਲਸਾ ਪੰਥ ਸਿੱਖਾਂ ਦੇ ਜੀਵੰਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਪ੍ਰੇਰਨਾ ਤੇ ਅਧਿਕਾਰ ਲੈਂਦਾ ਹੈ। ਉਨ੍ਹਾਂ ਸਪੀਕਰ ਨੂੰ ਅਪੀਲ ਕੀਤੀ ਕਿ ਉਹ ਭਵਿੱਖੀ ਪੀੜੀਆਂ ਵਾਸਤੇ ਉਦਾਹਰਨ ਪੇਸ਼ ਕਰਨ ਤਾਂ ਜੋ ਦੇਸ਼ ਵਿਚ ਸਾਰੇ ਧਰਮਾਂ ਖਾਸ ਤੌਰ ’ਤੇ ਘੱਟ ਗਿਣਤੀਆਂ ਲਈ ਉਦਾਹਰਣ ਪੇਸ਼ ਕੀਤੀ ਜਾ ਸਕੇ।