ਮੁੱਖ ਚੋਣ ਅਫ਼ਸਰ ਵੱਲੋਂ ਵੋਟਰਾਂ ਨੂੰ ਲੋਕਤੰਤਰੀ ਪ੍ਰਕਿਰਿਆ ’ਚ ਸਰਗਰਮ ਭਾਗੀਦਾਰੀ ਲਈ ਅਪੀਲ
ਵੋਟਰਾਂ ਨੂੰ ਲੋਕਤੰਤਰੀ ਪ੍ਰਕਿਰਿਆ ਵਿਚ ਜ਼ਿੰਮੇਵਾਰ ਅਤੇ ਸਰਗਰਮ ਭਾਗੀਦਾਰੀ ਲਈ ਅਪੀਲ,
Publish Date: Sun, 25 Jan 2026 08:19 PM (IST)
Updated Date: Sun, 25 Jan 2026 08:22 PM (IST)

- ਮੁਹਾਲੀ ’ਚ 16ਵੇਂ ਰਾਸ਼ਟਰੀ ਮਤਦਾਤਾ ਦਿਵਸ ਮੌਕੇ ਸੂਬਾ ਪੱਧਰੀ ਸਮਾਗਮ ਕਰਵਾਇਆ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਲੋਕਤੰਤਰੀ ਪ੍ਰਕਿਰਿਆ ਵਿਚ ਜ਼ਿੰਮੇਵਾਰ ਅਤੇ ਸਰਗਰਮ ਭਾਗੀਦਾਰੀ ਦੀ ਅਪੀਲ ਕਰਦੇ ਹੋਏ ਪੰਜਾਬ ਦੀ ਮੁੱਖ ਚੋਣ ਅਫ਼ਸਰ ਅਨਿੰਦਿਤਾ ਮਿੱਤਰਾ ਨੇ ਜਨਤੰਤਰ ਅਤੇ ਲੋਕਤੰਤਰ ਦੇ ਅਤੁੱਟ ਸਬੰਧ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਲੋਕਤੰਤਰ ਉਹ ਮਜ਼ਬੂਤ ਨੀਂਹ ਹੈ, ਜਿਸ ’ਤੇ ਸਾਰੀਆਂ ਸੰਸਥਾਵਾਂ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰ ਸਕਦੀਆਂ ਹਨ। ਅਮਿਟੀ ਯੂਨੀਵਰਸਿਟੀ, ਸੈਕਟਰ-82, ਮੁਹਾਲੀ ਵਿਚ ਕਰਵਾਏ 16ਵੇਂ ਰਾਸ਼ਟਰੀ ਮਤਦਾਤਾ ਦਿਵਸ ਦੇ ਸੂਬਾ ਪੱਧਰੀ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਸੀਈਓ ਪੰਜਾਬ ਨੇ ਭਾਰਤੀ ਸੰਵਿਧਾਨ ਦੇ ਸ਼ਿਲਪਕਾਰ ਡਾ. ਬੀਆਰ ਅੰਬੇਡਕਰ ਨੂੰ ਵਿਸ਼ੇਸ਼ ਤੌਰ ’ਤੇ ਯਾਦ ਕੀਤਾ, ਜਿਨ੍ਹਾਂ ਦੀ ਦੂਰਦਰਸ਼ੀ ਅਗਵਾਈ ਨਾਲ ਭਾਰਤੀ ਚੋਣ ਕਮਿਸ਼ਨ ਨੂੰ ਸੰਵਿਧਾਨਕ ਦਰਜਾ ਪ੍ਰਾਪਤ ਹੋਇਆ। ਇਸ ਮੌਕੇ ਅਨਿੰਦਿਤਾ ਮਿੱਤਰਾ ਨੇ ਜ਼ਿਲ੍ਹਾ ਪ੍ਰਸ਼ਾਸਨ, ਅਮਿਟੀ ਯੂਨੀਵਰਸਿਟੀ, ਅਧਿਆਪਕਾਂ, ਵਿਦਿਆਰਥੀਆਂ ਅਤੇ ਸਾਰੇ ਸਹਿਯੋਗੀਆਂ ਦਾ ਉਤਸ਼ਾਹਪੂਰਣ ਅਤੇ ਸਾਰੇ ਵਰਗਾਂ ਦੀ ਸ਼ਮੂਲੀਅਤ ਵਾਲਾ ਸਮਾਗਮ ਕਰਵਾਉਣ ਲਈ ਧੰਨਵਾਦ ਕੀਤਾ। ਸਕੂਲ ਸਿੱਖਿਆ ਅਤੇ ਉੱਚ ਸਿੱਖਿਆ, ਪੰਜਾਬ ਦੀ ਸਕੱਤਰ ਰਹਿੰਦੇ ਆਪਣੇ ਪਿਛਲੇ ਤਜ਼ਰਬੇ ਸਾਂਝੇ ਕਰਦਿਆਂ ਉਨ੍ਹਾਂ ਕਿਹਾ ਕਿ ਲਗਭਗ 26 ਲੱਖ ਵਿਦਿਆਰਥੀਆਂ ਨਾਲ ਨੇੜਿਓਂ ਕੰਮ ਕਰਨ ਦੌਰਾਨ, ਉਨ੍ਹਾਂ ਦਾ ਇਹ ਵਿਸ਼ਵਾਸ ਹੋਰ ਮਜ਼ਬੂਤ ਹੋਇਆ ਕਿ ਨੌਜਵਾਨ ਆਪਣੇ ਪਰਿਵਾਰਾਂ ਅਤੇ ਸਮਾਜ ਸਮੇਤ ਦੋ ਕਰੋੜ ਤੋਂ ਵੱਧ ਮਤਦਾਤਾਵਾਂ ਨੂੰ ਜਾਗਰੂਕ ਕਰਨ ਵਿਚ ਬਦਲਾਅ ਭਰਪੂਰ ਭੂਮਿਕਾ ਨਿਭਾ ਸਕਦੇ ਹਨ। 16ਵਾਂ ਰਾਸ਼ਟਰੀ ਮਤਦਾਤਾ ਦਿਵਸ ‘ਮਾਈ ਇੰਡੀਆ, ਮਾਈ ਵੋਟ’ ਥੀਮ ਅਤੇ ‘ਭਾਰਤੀ ਲੋਕਤੰਤਰ ਦੇ ਕੇਂਦਰ ਵਿਚ ਨਾਗਰਿਕ’ ਟੈਗਲਾਈਨ ਹੇਠ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦਾ ਵੀਡੀਓ ਸੰਦੇਸ਼ ਵੀ ਦਿਖਾਇਆ ਗਿਆ, ਜਿਸ ਵਿਚ ਉਨ੍ਹਾਂ ਨੇ ਲੋਕਤੰਤਰੀ ਢਾਂਚੇ ਨੂੰ ਮਜ਼ਬੂਤ ਕਰਨ ਵਿਚ ਨੌਜਵਾਨ ਮਤਦਾਤਾਵਾਂ ਦੀ ਅਹਿਮ ਭੂਮਿਕਾ ’ਤੇ ਜ਼ੋਰ ਦਿੱਤਾ ਅਤੇ ਉਨ੍ਹਾਂ ਨੂੰ ਚੋਣ ਪ੍ਰਕਿਰਿਆ ਵਿਚ ਸਰਗਰਮ ਭਾਗੀਦਾਰੀ ਲਈ ਪ੍ਰੇਰਿਤ ਕਰਨ ਲਈ ਅਪੀਲ ਕੀਤੀ। ਇਸ ਮੌਕੇ ਅਮਨਦੀਪ ਬਾਂਸਲ, ਐਡੀਸ਼ਨਲ ਮੁੱਖ ਚੋਣ ਅਧਿਕਾਰੀ ਕੋਮਲ ਮਿੱਤਲ, ਡਿਪਟੀ ਕਮਿਸ਼ਨਰ, ਐੱਸਏਐੱਸ ਨਗਰ, ਸਕੱਤਰ ਸਿੰਘ ਬਲ, ਜੁਆਇੰਟ ਸੀਈਓ; ਗੀਤਿਕਾ ਸਿੰਘ, ਏਡੀਸੀ (ਜਨਰਲ); ਅੰਜੂ ਬਾਲਾ, ਡਿਪਟੀ ਸੀਈਓ; ਮਨਜੀਤ ਕੌਰ, ਇਲੈਕਟੋਰਲ ਅਫ਼ਸਰ ਅਤੇ ਡਾ. ਪੁਨੀਤ ਸ਼ਰਮਾ, ਪ੍ਰੋ. ਵਾਈਸ ਚਾਂਸਲਰ, ਅਮਿਟੀ ਯੂਨੀਵਰਸਿਟੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਸਮਾਗਮ ਦੀ ਸ਼ੁਰੂਆਤ ਮਤਦਾਤਾ ਜਾਗਰੂਕਤਾ ਲਈ ਬਾਈਕ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਕੀਤੀ ਗਈ, ਜੋ ਕਿ ‘ਮਿੱਤਰਾਂ ਦੀ ਮੋਟਰਸਾਈਕਲ ਮੰਡਲੀ’ ਦੇ ਸਹਿਯੋਗ ਨਾਲ ਹੋਈ। ਇਸ ਦੇ ਨਾਲ ਸਵੀਪ ਪੇਂਟਿੰਗ ਪ੍ਰਦਰਸ਼ਨੀ ਅਤੇ ਰੰਗੋਲੀ ਪ੍ਰਦਰਸ਼ਨੀਆਂ ਰਾਹੀਂ ਲੋਕਤੰਤਰੀ ਮੁੱਲਾਂ ਨੂੰ ਦਰਸਾਇਆ ਗਿਆ, ਜਿਸ ਨਾਲ ਮਤਦਾਤਾ ਸਿੱਖਿਆ ਅਤੇ ਭਾਗੀਦਾਰੀ ਦੀ ਮਹੱਤਤਾ ਉਭਾਰੀ ਗਈ। ਚੋਣ ਮਸ਼ੀਨਰੀ ਦੀ ਸਮਰਪਿਤ ਸੇਵਾ ਦੀ ਪ੍ਰਸ਼ੰਸਾ ਕਰਦਿਆਂ ਮਿੱਤਰਾ ਨੇ ਬੂਥ ਲੈਵਲ ਅਧਿਕਾਰੀਆਂ, ਪੋਲਿੰਗ ਕਰਮਚਾਰੀਆਂ ਅਤੇ ਅਧਿਕਾਰੀਆਂ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਅਤੇ ਲੋਕਤੰਤਰੀ ਡਿਊਟੀ ਦੀ ਸੇਵਾ ਵਿਚ ਜਾਨਾਂ ਨਿਓਛਾਵਰ ਕਰਨ ਵਾਲਿਆਂ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਨੇ ਬਾਈਕਰਾਂ, ਕਲਾਕਾਰਾਂ ਅਤੇ ਪ੍ਰਦਰਸ਼ਨਕਾਰਾਂ ਸਮੇਤ ਵੱਖ-ਵੱਖ ਸਰਗਰਮੀਆਂ ਦੇ ਭਾਗੀਦਾਰਾਂ ਨੂੰ ਮਤਦਾਤਾ ਜਾਗਰੂਕਤਾ ਵਿਚ ਦਿੱਤੇ ਵਡਮੁੱਲੇ ਯੋਗਦਾਨ ਲਈ ਵਧਾਈ ਵੀ ਦਿੱਤੀ। ਪ੍ਰੋਗਰਾਮ ਦੌਰਾਨ ਸੱਭਿਆਚਾਰਕ ਅਤੇ ਜਾਗਰੂਕਤਾ ਪੇਸ਼ਕਾਰੀਆਂ ਦੀ ਲੜੀ ਪੇਸ਼ ਕੀਤੀ ਗਈ, ਜਿਸ ਵਿਚ ਸੁਆਗਤੀ ਗੀਤ, ਗਿੱਧਾ, ਭੰਗੜਾ, ਯੋਗਾ ਪ੍ਰਦਰਸ਼ਨ ਅਤੇ ਦਿਵਿਆਂਗ ਮਤਦਾਤਾਵਾਂ ਵੱਲੋਂ ਪੇਸ਼ ਕੀਤਾ ਗਿਆ ਵਿਸ਼ੇਸ਼ ਮਤਦਾਤਾ ਜਾਗਰੂਕਤਾ ਗੀਤ ਸ਼ਾਮਲ ਸਨ, ਜੋ ਸਭ ਦੀ ਸ਼ਮੂਲੀਅਤ ਭਰਪੂਰ ਲੋਕਤੰਤਰ ਦੀ ਅਸਲ ਰੂਹ ਨੂੰ ਦਰਸਾਉਂਦੇ ਹਨ। ਵਿਦਿਆਰਥੀਆਂ ਅਤੇ ਨੌਜਵਾਨ ਵੋਟਰਾਂ ਨੇ ਵੀ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਲੋਕਤੰਤਰੀ ਮੁੱਲਾਂ ਨੂੰ ਮਜ਼ਬੂਤ ਕਰਨ ਵਿਚ ਨੌਜਵਾਨਾਂ ਦੀ ਕੇਂਦਰੀ ਭੂਮਿਕਾ ’ਤੇ ਜ਼ੋਰ ਦਿੱਤਾ। ਇਸ ਮੌਕੇ ਸੀਈਓ ਸ਼੍ਰੀਮਤੀ ਮਿੱਤਰਾ ਵੱਲੋਂ ਚੋਣ ਥੀਮ ਆਧਾਰਤ ਕੈਲੰਡਰ ਵੀ ਜਾਰੀ ਕੀਤਾ ਗਿਆ। ਇਸ ਮੌਕੇ ਦੌਰਾਨ ਸੂਬਾ ਪੱਧਰੀ ਅਤੇ ਜ਼ਿਲ੍ਹਾ ਪੱਧਰੀ ਇਨਾਮ ਵੀ ਦਿੱਤੇ ਗਏ। ਇਨਾਮ ਪ੍ਰਾਪਤ ਕਰਨ ਵਾਲਿਆਂ ਵਿਚ ਲੁਧਿਆਣਾ ਅਤੇ ਤਰਨਤਾਰਨ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਧਿਕਾਰੀਆਂ ਦੇ ਪ੍ਰਤੀਨਿਧੀ, ਜ਼ਿਲ੍ਹਾ ਪੱਧਰ ਤੇ ਸਰਵੋਤਮ ਇਲੈਕਟੋਰਲ ਰਜਿਸਟ੍ਰੇਸ਼ਨ ਅਧਿਕਾਰੀ ਵਜੋਂ ਐੱਸਡੀਐੱਮ ਅਮਿਤ ਗੁਪਤਾ (ਡੇਰਾਬੱਸੀ), ਨੋਡਲ ਅਧਿਕਾਰੀ ਰੂਮਾ ਰਾਣੀ (ਪ੍ਰਿੰਸੀਪਲ, ਮੁਬਾਰਕਪੁਰ ਸਕੂਲ), ਬੀਐੱਲਓ ਰਾਜੀਵ ਕੁਮਾਰ (ਬੂਥ ਨੰਬਰ 99, ਡੇਰਾਬੱਸੀ), ਜ਼ਿਲ੍ਹਾ ਆਈਕਨ ਰਾਜੇਸ਼ ਧਾਰਵਾਲ, ਪ੍ਰੇਮ ਸਿੰਘ (ਪਦਮਸ਼੍ਰੀ), ਪੂਨਮ ਲਾਲ, ਆਰਟਿਸਟ ਗੁਰਪ੍ਰੀਤ ਸਿੰਘ ਨਾਮਧਾਰੀ, ਬਾਈਕਰਜ਼ ਕਲੱਬ, ਯੋਗਾ ਟਰੇਨਰ ਅਤੇ ਸਕੂਲੀ ਵਿਦਿਆਰਥੀ ਸ਼ਾਮਲ ਸਨ, ਜਿਨ੍ਹਾਂ ਨੂੰ ਮਤਦਾਤਾ ਜਾਗਰੂਕਤਾ ਲਈ ਸਰਵੋਤਮ ਯੋਗਦਾਨ ਦੇਣ ਵਜੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਾਜ਼ਰੀਨ ਨੂੰ ਵੋਟਰ ਪ੍ਰਣ ਵੀ ਦਿਵਾਇਆ ਗਿਆ।