ਪੰਜਾਬ ਰਾਜ ਚੋਣ ਕਮਿਸ਼ਨ ਨੇ ਅੱਜ ਪ੍ਰੈੱਸ ਕਾਨਫਰੰਸ ਬੁਲਾਈ ਹੈ। ਜਿਸ ਵਿਚ ਨਿਗਮ ਤੇ ਨਗਰ ਕੌਂਸਲ ਚੋਣਾਂ ਦਾ ਐਲਾਨ ਕੀਤਾ ਜਾਵੇਗਾ। ਜਿਸ ਤੋਂ ਮਗਰੋਂ ਹੀ ਚੋਣ ਜ਼ਾਬਤਾ ਲੱਗ ਜਾਵੇਗਾ।

ਜੈ ਸਿੰਘ ਛਿੱਬਰ, ਚੰਡੀਗੜ੍ਹ: ਪੰਜਾਬ ਰਾਜ ਚੋਣ ਕਮਿਸ਼ਨ ਨੇ ਅੱਜ ਪ੍ਰੈੱਸ ਕਾਨਫਰੰਸ ਬੁਲਾਈ ਹੈ। ਜਿਸ ਵਿਚ ਨਿਗਮ ਤੇ ਨਗਰ ਕੌਂਸਲ ਚੋਣਾਂ ਦਾ ਐਲਾਨ ਕੀਤਾ ਜਾਵੇਗਾ। ਜਿਸ ਤੋਂ ਮਗਰੋਂ ਹੀ ਚੋਣ ਜ਼ਾਬਤਾ ਲੱਗ ਜਾਵੇਗਾ।
ਜ਼ਿਕਰਯੋਗ ਹੈ ਕਿ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਸੂਬਾ ਸਰਕਾਰ ਨੇ ਤਿਆਰੀ ਖਿੱਚ ਦਿੱਤੀ ਹੈ। ਪੰਜਾਬ ਸਰਕਾਰ ਨੇ ਪੰਜਾਬ ਰਾਜ ਚੋਣ ਕਮਿਸ਼ਨ ਨੂੰ ਚੋਣਾਂ ਕਰਵਾਉਣ ਬਾਰੇ ਸਹਿਮਤੀ ਦੇ ਦਿੱਤੀ ਹੈ ਅਤੇ ਇਹ ਚੋਣਾਂ ਮਈ ਦੇ ਆਖ਼ਰੀ ਹਫ਼ਤੇ 29 ਜਾਂ 30 ਮਈ ਨੂੰ ਕਰਵਾਈਆਂ ਜਾ ਸਕਦੀਆਂ ਹਨ। ਜੇਕਰ ਮਈ ਦੇ ਆਖ਼ਰੀ ਹਫ਼ਤੇ ਚੋਣਾਂ ਸਬੰਧੀ ਸ਼ਡਿਊਲ ਜਾਰੀ ਕਰਨ ਵਿਚ ਕੋਈ ਸੰਵਿਧਾਨਕ ਜਾਂ ਤਕਨੀਕੀ ਅੜਚਣ ਪੈਦਾ ਹੋਈ ਤਾਂ ਜੂਨ ਦੇ ਪਹਿਲੇ ਹਫ਼ਤੇ ਚੋਣਾਂ ਕਰਵਾਈਆ ਜਾ ਸਕਦੀਆਂ ਹਨ। ਇੱਥੇ ਦੱਸਿਆ ਜਾਂਦਾ ਹੈ ਕਿ ਸੂਬੇ ਦੀਆਂ 9 ਕਾਰਪੋਰੇਸ਼ਨਾਂ (ਨਗਰ ਨਿਗਮ) ਅਤੇ 102 ਨਗਰ ਕੌਂਸਲ,ਨਗਰ ਪੰਚਾਇਤਾਂ ਦੀਆਂ ਚੋਣਾਂ ਲੰਬਿਤ ਹਨ।
ਹਾਲਾਂਕਿ ਚੋਣ ਕਮਿਸ਼ਨ ਨੇ ਚੋਣਾਂ ਕਰਵਾਉਣ ਬਾਰੇ ਰਸਮੀ ਤੌਰ ’ਤੇ ਤਾਰੀਖ ਦਾ ਐਲਾਨ ਨਹੀਂ ਕੀਤਾ ਪਰ ਸੂਬੇ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਚੋਣ ਸਰਗਰਮੀਆਂ ਆਰੰਭ ਕੀਤੀਆਂ ਹੋਈਆਂ ਹਨ। ਕਾਂਗਰਸ ਅਤੇ ਭਾਜਪਾ ਨੇ ਪਿਛਲੇ ਦਿਨੀਂ ਵੱਖ-ਵੱਖ ਨਗਰ ਕੌਂਸਲਾਂ ਅਤੇ ਨਗਰ ਨਿਗਮਾਂ ਲਈ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਬਤੌਰ ਆਬਜ਼ਰਵਰ ਨਿਯੁਕਤ ਕਰ ਦਿੱਤਾ ਹੈ। ਦੱਸਿਆ ਜਾਂਦਾ ਹੈ ਕਿ ਚੋਣ ਕਮਿਸ਼ਨ ਐਤਵਾਰ ਜਾਂ ਸੋਮਵਾਰ ਨੂੰ ਚੋਣਾਂ ਸਬੰਧੀ ਤਾਰੀਖ ਦਾ ਐਲਾਨ ਕਰ ਸਕਦਾ ਹੈ। ਚੋਣਾਂ ਦੇ ਐਲਾਨ ਹੋਣ ਨਾਲ ਹੀ ਸਬੰਧਤ ਸ਼ਹਿਰਾਂ, ਜਿਲ੍ਹਿਆਂ ਵਿਚ ਚੋਣ ਜ਼ਾਬਤਾ ਲੱਗ ਜਾਵੇਗਾ।
ਸ੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਸ਼ੁੱਕਰਵਾਰ ਨੂੰ ਮੀਟਿੰਗ ’ਚ ਇਹ ਚੋਣਾਂ ਪਾਰਟੀ ਦੇ ਚੋਣ ਨਿਸ਼ਾਨ ਤੱਕੜੀ ’ਤੇ ਲੜਨ ਦਾ ਫੈਸਲਾ ਕੀਤਾ ਹੈ। ਇਸੇ ਤਰ੍ਹਾਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਤੋਂ ਬਾਅਦ ਬਹੁਜਨ ਸਮਾਜ ਪਾਰਟੀ ਨੇ ਵੀ ਪਾਰਟੀ ਦੇ ਚੋਣ ਨਿਸ਼ਾਨ ’ਤੇ ਚੋਣਾਂ ਲੜ੍ਹਨ ਦਾ ਫੈਸਲਾ ਕੀਤਾ ਹੈ। ਸਿਆਸੀ ਹਲਕਿਆਂ ’ਚ ਇਨ੍ਹਾਂ ਚੋਣਾਂ ਨੂੰ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਅਗਲੇ ਵਰ੍ਹੇ, ਫਰਵਰੀ ’ਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਹਨ। ਹਾਲਾਂਕਿ ਇਹ ਵੀ ਚਰਚਾ ਹੈ ਕਿ ਦੇਸ਼ ’ਚ ਮਰਦਮਸ਼ੁਮਾਰੀ ਦਾ ਕੰਮ ਸ਼ੁਰੂ ਹੋਣ ਕਰਕੇ ਵਿਧਾਨ ਸਭਾ ਚੋਣਾਂ ਕੁੱਝ ਮਹੀਨੇ ਪਹਿਲਾਂ ਹੋ ਸਕਦੀਆਂ ਹਨ। ਇਹੀ ਕਾਰਨ ਹੈ ਕਿ ਸਿਆਸੀ ਪਾਰਟੀਆਂ ਨੇ ਆਪਣੀਆਂ ਸਿਆਸੀ ਸਰਗਰਮੀਆਂ ਵਧਾਈਆਂ ਹੋਈਆਂ ਹਨ।
ਸਿਆਸੀ ਹਲਕਿਆਂ ’ਚ ਚਰਚਾ ਹੈ ਕਿ ਇਨ੍ਹਾਂ ਚੋਣਾਂ ਦਾ ਰੰਗ ਵਿਧਾਨ ਸਭਾ ਚੋਣਾਂ ’ਚ ਦੇਖਣ ਨੂੰ ਮਿਲੇਗਾ। ਇਹ ਚੋਣਾਂ ਰਾਜਨੀਤਿਕ ਪਾਰਟੀਆਂ ਦੀ ਸ਼ਹਿਰਾਂ ਤੇ ਕਸਬਿਆਂ ’ਚ ਅਸਲ ਸਥਿਤੀ ਦਾ ਉਲੇਖ ਕਰਨਗੀਆਂ। ਸਿਆਸੀ ਆਗੂਆਂ ਦਾ ਮੰਨਣਾ ਹੈ ਕਿ ਇਹਨਾਂ ਚੋਣਾਂ ਦਾ ਅਸਰ ਵਿਧਾਨ ਸਭਾ ਚੋਣਾਂ ’ਤੇ ਪੈ ਸਕਦਾ ਹੈ। ਇਹੀ ਕਾਰਨ ਹੈ ਕਿ ਸਿਆਸੀ ਪਾਰਟੀਆਂ ਸਥਾਨਕ ਚੋਣਾਂ ਕਰੋ ਜਾਂ ਮਰੋ ਦੀ ਰਣਨੀਤੀ ਤਹਿਤ ਲੜਨ ਲਈ ਤਿਆਰੀ ਖਿੱਚ ਰਹੀਆਂ ਹਨ।
ਹੁਕਮਰਾਨ ਧਿਰ ਨੇ ਵੱਖ ਵੱਖ ਸ਼ਹਿਰਾਂ ਤੇ ਕਸਬਿਆਂ ’ਚ ਜਿੱਥੇ ਚੋਣਾਂ ਹੋਣੀਆਂ ਹਨ, ਵਿਖੇ ਪੂਰੀ ਸਰਗਰਮੀ ਨਾਲ ਤਿਆਰੀ ਖਿੱਚੀ ਹੋਈ ਹੈ। ਕੈਬਨਿਟ ਮੰਤਰੀਆਂ ਵਲੋਂ ਵਿਧਾਇਕਾਂ ਅਤੇ ਹੋਰ ਸੀਨੀਅਰ ਆਗੂਆਂ ਨਾਲ ਮੀਟਿੰਗਾਂ ਕਰਕੇ ਚੰਗੀ ਦਿੱਖ ਅਤੇ ਜਿੱਤਣ ਵਾਲੇ ਉਮੀਦਵਾਰਾਂ ਦੀਆਂ ਲਿਸਟਾਂ ਬਣਾਈਆਂ ਜਾ ਰਹੀਆਂ ਹਨ। ਹੁਕਮਰਾਨ ਧਿਰ ਇਹ ਸੰਕੇਤ ਦੇਣਾ ਚਾਹੁੰਦੀ ਹੈ ਕਿ ਉਹਨਾਂ ਕੋਲ੍ਹ ਕੌਂਸਲਰ ਦੀ ਟਿਕਟ ਲਈ ਦਾਅਵੇਦਾਰੀਆਂ ਦੀ ਲੰਬੀ ਲਿਸਟ ਹੈ। ਕੁਝ ਮਹੀਨੇ ਪਹਿਲਾਂ ਕੁੱਝ ਜ਼ਿਲ੍ਹਿਆਂ ’ਚ ਜ਼ਿਲ੍ਹਾ ਪ੍ਰੀਸ਼ਦ ਅਤੇ ਨਗਰ ਪੰਚਾਇਤ ਚੋਣਾਂ ’ਚ ਹੁਕਮਰਾਨ ਧਿਰ ਦੀ ਕਾਰਗੁਜ਼ਾਰੀ ਵਧੀਆ ਨਹੀਂ ਰਹੀ ਸੀ, ਜਿਸ ਕਰਕੇ ਪਾਰਟੀ ਜਿੱਤਣ ਵਾਲੇ ਮਜਬੂਤ ਉਮੀਦਵਾਰਾਂ ਦੀ ਭਾਲ ’ਚ ਹੈ। ਗਰਮੀ ਦੇ ਮੌਸਮ ਕਾਰਨ ਕੁਦਰਤੀ ਤੌਰ ’ਤੇ ਜਿੱਥੇ ਤਾਪਮਾਨ ਸਿਖ਼ਰ ’ਤੇ ਰਹੇਗਾ ਉੱਥੇ ਸੂਬੇ ਦਾ ਸਿਆਸੀ ਪਾਰਾ ਵੀ ਸਿਖ਼ਰ ’ਤੇ ਦੇਖਣ ਨੂੰ ਮਿਲੇਗਾ।