ਮਿੱਡ-ਡੇ ਮੀਲ ਵਰਕਰਾਂ ਨੂੰ ਘੱਟ ਮਿਹਨਤਾਨਾ ਭੇਜਣ ’ਤੇ ਗੁੱਸਾ, ਯੂਨੀਅਨਾਂ ਨੇ ਸਰਕਾਰ ਨੂੰ ਦਿੱਤੀ ਚੇਤਾਵਨੀ
ਮਿੱਡ-ਡੇ ਮੀਲ ਵਰਕਰਾਂ ਨੂੰ ਘੱਟ ਮਿਹਨਤਾਨਾ ਭੇਜਣ ’ਤੇ ਗੁੱਸਾ, ਯੂਨੀਅਨਾਂ ਨੇ ਸਰਕਾਰ ਨੂੰ ਦਿੱਤੀ ਚੇਤਾਵਨੀ
Publish Date: Wed, 19 Nov 2025 07:51 PM (IST)
Updated Date: Wed, 19 Nov 2025 07:52 PM (IST)

ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਮਿੱਡ-ਡੇ ਮੀਲ ਵਰਕਰ ਯੂਨੀਅਨ ਵੱਲੋਂ ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਤੇ ਸੱਤਾ ਵਿਚ ਆਉਣ ਤੋਂ ਪਹਿਲਾਂ ਕੀਤੇ ਗਏ ਵਾਅਦਿਆਂ ਤੋਂ ਮੁਕਰਨ ਅਤੇ ਬਦਲੇ ਦੀ ਰਾਜਨੀਤੀ ਕਰਨ ਦੇ ਦੋਸ਼ ਲਗਾਏ ਹਨ। ਯੂਨੀਅਨ ਮੈਂਬਰਾਂ ਨੇ ਸੂਬਾ ਸਰਕਾਰ ਨੂੰ ਲੰਬੇ ਹੱਥੀਂ ਲੈਂਦੇ ਹੋਏ ਕਿਹਾ ਕਿ ਇਸ ਦੀ ਤਾਜ਼ਾ ਮਿਸਾਲ ਸਰਕਾਰੀ ਸਕੂਲਾਂ ਵਿਚ ਬਹੁਤ ਹੀ ਨਿਗੂਣੇ ਮਾਣ ਭੱਤੇ ਤੇ ਕੰਮ ਕਰ ਰਹੀਆਂ ਮਿੱਡ-ਡੇ ਮੀਲ ਵਰਕਰ ਬੀਬੀਆਂ ਅਤੇ ਸਫ਼ਾਈ ਸੇਵਕਾਂ ਨਾਲ ਹੋਏ ਵਿਵਹਾਰ ਤੋਂ ਮਿਲਦੀ ਹੈ। ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਆਗੂਆਂ, ਜਿਨ੍ਹਾਂ ਵਿਚ ਸਰਵ ਸ਼੍ਰੀ ਕਰਮਾਪੁਰੀ, ਗੁਰਬਿੰਦਰ ਸਿੰਘ, ਰਵਿੰਦਰ ਸਿੰਘ ਪੱਪੀ, ਮਨਪ੍ਰੀਤ ਸਿੰਘ ਗੋਸਲਾਂ, ਤੇਜਿੰਦਰ ਸਿੰਘ ਪਥਰੇੜੀਆ, ਸੁਰੇਸ਼ ਕੁਮਾਰ ਠਾਕੁਰ, ਅਮਨਦੀਪ ਸਿੰਘ ਛੱਤਬੀੜ, ਸੁਲੱਖਣ ਸਿੰਘ ਸਿਸਵਾ, ਅਜਮੇਰ ਸਿੰਘ ਲੌਂਗੀਆ, ਅਤੇ ਹਰਨੇਕ ਸਿੰਘ ਮਾਵੀ (ਸਾਬਕਾ ਆਗੂ ਯੂਨੀਅਨ) ਸ਼ਾਮਲ ਹਨ, ਨੇ ਇਸ ਕਾਰਵਾਈ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸੱਤਾ ਵਿਚ ਆਉਣ ਤੋਂ ਪਹਿਲਾਂ ਆਪ ਸਰਕਾਰ ਨੇ ਮਿੱਡ-ਡੇ-ਮੀਲ ਵਰਕਰਾਂ ਨੂੰ ਹਰਿਆਣਾ ਪੈਟਰਨ ਤੇ ਮਾਣ ਭੱਤਾ ਦੇਣ ਦਾ ਲੁਭਾਵਣਾ ਵਾਅਦਾ ਕੀਤਾ ਸੀ। ਇਸ ਵਾਅਦੇ ਨੂੰ ਪੂਰਾ ਕਰਵਾਉਣ ਲਈ ਮਿੱਡ-ਡੇ ਮੀਲ ਵਰਕਰ ਯੂਨੀਅਨ ਵੱਲੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ ਪ੍ਰੰਤੂ ਉਸ ਸਮੇਂ ਵਰਕਰਾਂ ਨੂੰ ਵੱਡਾ ਝਟਕਾ ਲੱਗਾ ਅਤੇ ਅੰਤਾਂ ਦੀ ਹੈਰਾਨੀ ਹੋਈ, ਜਦੋਂ ਉਨ੍ਹਾਂ ਦੇ ਖਾਤਿਆਂ ਵਿਚ ਐਲਾਨੇ ਗਏ ਮਾਣ ਭੱਤੇ ਤੋਂ ਘੱਟ ਮਿਹਨਤਾਨਾ ਭੇਜਿਆ ਗਿਆ।ਸਮੂਹ ਆਗੂਆਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਜਲਦੀ ਹੀ ਇਨ੍ਹਾਂ ਵਰਕਰਾਂ ਦਾ ਬਕਾਇਆ ਰਹਿੰਦਾ ਮਾਣ ਭੱਤਾ ਉਨ੍ਹਾਂ ਦੇ ਖਾਤਿਆਂ ਵਿਚ ਜਾਰੀ ਨਾ ਕੀਤਾ ਗਿਆ ਤਾਂ ਜਥੇਬੰਦੀਆਂ ਵੱਲੋਂ ਸਰਕਾਰ ਖ਼ਿਲਾਫ਼ ਜ਼ੋਰਦਾਰ ਸੰਘਰਸ਼ ਵਿੱਢਿਆ ਜਾਵੇਗਾ, ਜਿਸ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।