ਇਹ ਜਾਣਨਾ ਅਹਿਮ ਹੈ ਕਿ ਪੰਜਾਬ ਦੇ ਖ਼ੁਰਾਕ, ਨਾਗਰਿਕ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਨੇ 9 ਅਪ੍ਰੈਲ ਨੂੰ ਖ਼ਰੀਦ ਦੇ ਨਿਯਮਾਂ ਵਿਚ ਛੋਟ ਦੀ ਮੰਗ ਕੀਤੀ ਸੀ, ਜਿਸ ਤੋਂ ਬਾਅਦ ਕੇਂਦਰ ਸਰਕਾਰ ਨੇ ਆਪਣੀ ਟੀਮ ਪੰਜਾਬ ਵਿਚ ਭੇਜੀ ਸੀ। ਟੀਮ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਅਤੇ ਚੰਡੀਗੜ੍ਹ ਕੇਂਦਰ ਸ਼ਾਸਤ ਪ੍ਰਦੇਸ਼ ਦੀਆਂ ਕਈ ਮੰਡੀਆਂ ਅਤੇ ਖ਼ਰੀਦ ਕੇਂਦਰਾਂ ਤੋਂ ਕਣਕ ਦੇ ਨਮੂਨੇ ਇਕੱਠੇ ਕੀਤੇ
ਕੈਲਾਸ਼ ਨਾਥ, ਜਾਗਰਣ, ਚੰਡੀਗੜ੍ਹ : ਪੰਜਾਬ ਦੇ ਕਿਸਾਨਾਂ ਲਈ ਚੰਗੀ ਖ਼ਬਰ ਹੈ। ਕੇਂਦਰ ਸਰਕਾਰ ਜਲਦੀ ਹੀ ਕਣਕ ਖ਼ਰੀਦ ਦੇ ਮਾਪਦੰਡਾਂ ਵਿਚ ਛੋਟ ਦੇਣ ਬਾਰੇ ਐਲਾਨ ਕਰ ਸਕਦੀ ਹੈ। ਇਹ ਛੋਟ ਗੜੇਮਾਰੀ ਤੇ ਮੀਂਹ ਕਾਰਨ ਕਣਕ ਦੀ ਫ਼ਸਲ 'ਤੇ ਪੈਣ ਵਾਲੇ ਮਾੜੇ ਅਸਰ ਕਾਰਨ ਦਿੱਤੀ ਜਾਵੇਗੀ। ਕੇਂਦਰੀ ਟੀਮ ਨੇ ਪਿਛਲੇ ਦਿਨਾਂ ਵਿਚ ਪੰਜਾਬ ਦੀਆਂ ਮੰਡੀਆਂ ਦਾ ਦੌਰਾ ਕੀਤਾ ਸੀ, ਜਿਸ ਤੋਂ ਬਾਅਦ ਭਾਰਤੀ ਖ਼ੁਰਾਕ ਨਿਗਮ ਦੀ ਪੰਜਾਬ ਇਕਾਈ ਨੇ ਇਸ ਬਾਰੇ ਸਿਫਾਰਸ਼ ਕੀਤੀ ਹੈ। ਅਹਿਮ ਗੱਲ ਇਹ ਹੈ ਕਿ ਸਿਫਾਰਸ਼ ਮੁਤਾਬਕ ਸੁੰਗੜੇ ਅਤੇ ਟੁੱਟੇ ਦਾਣਿਆਂ 'ਤੇ 20 ਫ਼ੀਸਦ ਅਤੇ ਚਮਕਹੀਣ ਦਾਣਿਆਂ 'ਤੇ 80 ਫ਼ੀਸਦ ਤੱਕ ਛੋਟ ਮਿਲ ਸਕਦੀ ਹੈ। ਇਹ ਰਾਜਸਥਾਨ ਤੇ ਹਰਿਆਣਾ ਨੂੰ ਮਿਲੀ ਛੋਟ ਤੋਂ ਵੱਧ ਹੋਵੇਗੀ।
ਭਾਰਤੀ ਖ਼ੁਰਾਕ ਨਿਗਮ (ਐੱਫਸੀਆਈ) ਨੇ ਹਰਿਆਣਾ ਵਿਚ 70 ਫ਼ੀਸਦ ਚਮਕਹੀਣ ਦਾਣੇ ਅਤੇ 15 ਫ਼ੀਸਦ ਤੱਕ ਟੁੱਟੇ ਅਤੇ ਸੁੰਗੜੇ ਦਾਣੇ ਖ਼ਰੀਦਣ ਦੀ ਮਨਜ਼ੂਰੀ ਦਿੱਤੀ ਹੈ। ਜਦਕਿ, ਰਾਜਸਥਾਨ ਵਿਚ ਇਹ ਹੱਦ ਸਿਲਸਿਲੇਵਾਰ 50 ਅਤੇ 15 ਫ਼ੀਸਦ ਹੈ। ਗੜੇਮਾਰੀ ਅਤੇ ਮੀਂਹ ਕਾਰਨ ਪੰਜਾਬ ਵਿਚ ਵੱਧ ਨੁਕਸਾਨ ਹੋਇਆ ਹੈ। ਪੰਜਾਬ ਸਰਕਾਰ ਮੁਤਾਬਕ ਸੂਬੇ ਵਿਚ 1.30 ਲੱਖ ਏਕੜ ਫ਼ਸਲ ਗੜੇਮਾਰੀ ਅਤੇ ਮੀਂਹ ਕਾਰਨ ਪ੍ਰਭਾਵਤ ਹੈ। ਸਰਕਾਰ ਹਾਲੇ ਵੀ ਗਿਰਦਾਵਰੀ ਕਰਵਾ ਰਹੀ ਹੈ। ਦੂਜੇ ਪਾਸੇ, ਮੀਂਹ ਕਾਰਨ ਦਾਣਿਆਂ ਵਿਚ ਚਮਕ ਨਾ ਹੋਣ ਕਾਰਨ ਏਜੰਸੀਆਂ ਕਣਕ ਦੀ ਖ਼ਰੀਦ ਨਹੀਂ ਕਰ ਰਹੀਆਂ, ਇਸ ਕਾਰਨ ਮੰਡੀਆਂ ਵਿਚ ਫ਼ਸਲ ਦਾ ਅੰਬਾਰ ਵੱਧਦਾ ਜਾ ਰਿਹਾ ਹੈ।
ਇਹ ਜਾਣਨਾ ਅਹਿਮ ਹੈ ਕਿ ਪੰਜਾਬ ਦੇ ਖ਼ੁਰਾਕ, ਨਾਗਰਿਕ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਨੇ 9 ਅਪ੍ਰੈਲ ਨੂੰ ਖ਼ਰੀਦ ਦੇ ਨਿਯਮਾਂ ਵਿਚ ਛੋਟ ਦੀ ਮੰਗ ਕੀਤੀ ਸੀ, ਜਿਸ ਤੋਂ ਬਾਅਦ ਕੇਂਦਰ ਸਰਕਾਰ ਨੇ ਆਪਣੀ ਟੀਮ ਪੰਜਾਬ ਵਿਚ ਭੇਜੀ ਸੀ। ਟੀਮ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਅਤੇ ਚੰਡੀਗੜ੍ਹ ਕੇਂਦਰ ਸ਼ਾਸਤ ਪ੍ਰਦੇਸ਼ ਦੀਆਂ ਕਈ ਮੰਡੀਆਂ ਅਤੇ ਖ਼ਰੀਦ ਕੇਂਦਰਾਂ ਤੋਂ ਕਣਕ ਦੇ ਨਮੂਨੇ ਇਕੱਠੇ ਕੀਤੇ। ਇਸ ਤੋਂ ਬਾਅਦ ਕਣਕ ਦੀ ਖ਼ਰੀਦ ਲਈ ਨਿਰਧਾਰਤ ਇਕਸਾਰ ਮਾਪਦੰਡਾਂ ਦੇ ਅਨੁਕੂਲਤਾ ਦੀ ਪੜਤਾਲ ਕਰਨ ਲਈ ਇਨ੍ਹਾਂ ਨਮੂਨਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ। ਜਾਂਚ ਵਿਚ ਸਪੱਸ਼ਟ ਹੋਇਆ ਕਿ ਕਣਕ ਦੇ ਦਾਣਿਆਂ ਦੀ ਚਮਕ ਗਾਇਬ ਹੋਣਾ, ਦਾਣੇ ਸੁੰਗੜਣਾ ਅਤੇ ਟੁੱਟਣ ਪਿੱਛੇ ਮੀਂਹ ਤੇ ਗੜੇਮਾਰੀ ਵੱਡਾ ਕਾਰਨ ਰਹੇ। ਇਸ ਵਿਸ਼ਲੇਸ਼ਣ ਦੇ ਅਧਾਰ 'ਤੇ ਐੱਫਸੀਆਈ ਪੰਜਾਬ ਨੇ ਸਿਫਾਰਸ਼ ਕੀਤੀ ਹੈ ਕਿ 20 ਫ਼ੀਸਦ ਤੱਕ ਸੁੰਗੜੇ ਅਤੇ ਟੁੱਟੇ ਹੋਏ ਦਾਣਿਆਂ ਨੂੰ ਅਤੇ 80 ਫ਼ੀਸਦ ਤੱਕ ਚਮਕ ਵਿਚ ਕਮੀ ਵਾਲੇ ਦਾਣਿਆਂ ਨੂੰ ਬਿਨਾਂ ਕਿਸੇ ਮੁੱਲ ਕਟੌਤੀ ਤੋੰ ਖਰੀਦ ਵਿਚ ਛੋਟ ਦੀ ਪ੍ਰਵਾਨਗੀ ਦਿੱਤੀ ਜਾਵੇ। ਹਾਲਾਂਕਿ ਅਧਿਕਾਰਤ ਤੌਰ 'ਤੇ ਹਾਲੇ ਇਸ ਬਾਰੇ ਐਲਾਨ ਨਹੀਂ ਹੋਇਆ ਹੈ। ਮੰਨਿਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਤੱਕ ਇਸ ਦਾ ਐਲਾਨ ਹੋ ਸਕਦੀ ਹੈ।