7 ਸੰਸਦ ਮੈਂਬਰਾਂ ਮਗਰੋਂ 50 ਵਿਧਾਇਕ ਛੱਡ ਸਕਦੇ ਨੇ ‘ਆਪ’, ਵੜਿੰਗ ਨੇ ਕਿਹਾ- ਜਦੋਂ ਪੈਸਾ ਵਿਚਾਰਧਾਰਾ ’ਤੇ ਹਾਵੀ ਹੋ ਜਾਵੇ, ਤਾਂ ਇਹੀ ਹੁੰਦਾ
ਵੜਿੰਗ ਨੇ ਕਿਹਾ ਕਿ ‘ਆਪ’ ਕੋਲ ਕੋਈ ਵਿਚਾਰਧਾਰਾ ਨਹੀਂ ਹੈ ਅਤੇ ਇਸ ਦੇ ਵਿਧਾਇਕਾਂ ਤੇ ਸੰਸਦ ਮੈਂਬਰਾਂ ਵਿਚ ਵੀ ਕੋਈ ਵਿਚਾਰਧਾਰਕ ਵਚਨਬੱਧਤਾ ਨਹੀਂ ਹੈ। ਇਸ ਲਈ ਇਨ੍ਹਾਂ ਦਾ ਭਾਜਪਾ ਵਿਚ ਜਾਣਾ ਹੈਰਾਨੀ ਵਾਲੀ ਗੱਲ ਨਹੀਂ। ਉਨ੍ਹਾਂ ਕਿਹਾ ਕਿ ਅੱਜ ਸਿਰਫ਼ 7 ਸੰਸਦ ਮੈਂਬਰ ਹਨ, ਕੱਲ੍ਹ ਨੂੰ 50 ਵਿਧਾਇਕ ਵੀ ‘ਆਪ’ ਛੱਡ ਸਕਦੇ ਹਨ। ਆਪ ਨੇ ਰਾਜ ਸਭਾ ਅਤੇ ਵਿਧਾਨ ਸਭਾ ਦੀਆਂ ਟਿਕਟਾਂ ਕਿਵੇਂ ਵੰਡੀਆਂ ਸਨ, ਇਹ ਸਭ ਨੂੰ ਪਤਾ ਹੈ।
Publish Date: Sat, 25 Apr 2026 09:18 AM (IST)
Updated Date: Sat, 25 Apr 2026 09:23 AM (IST)
ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਸੱਤ ਸੰਸਦ ਮੈਂਬਰਾਂ ਦਾ ਭਾਜਪਾ ਵਿਚ ਜਾਣ ਨਾਲ ਪੰਜਾਬ ਵਿਚ ਕੋਈ ਵੱਡਾ ਫਰਕ ਨਹੀਂ ਪਾਏਗਾ, ਦਰਅਸਲ ਇਹ ਸਾਰੇ ਸੰਸਦ ਮੈਂਬਰ ਬਿਨਾਂ ਜੜਾਂ ਵਾਲੇ ਹਨ ਅਤੇ ਇਨ੍ਹਾਂ ਦਾ ਸੂਬੇ ਵਿਚ ਕੋਈ ਅਧਾਰ ਨਹੀਂ ਹੈ।
ਵੜਿੰਗ ਨੇ ਕਿਹਾ ਕਿ ‘ਆਪ’ ਕੋਲ ਕੋਈ ਵਿਚਾਰਧਾਰਾ ਨਹੀਂ ਹੈ ਅਤੇ ਇਸ ਦੇ ਵਿਧਾਇਕਾਂ ਤੇ ਸੰਸਦ ਮੈਂਬਰਾਂ ਵਿਚ ਵੀ ਕੋਈ ਵਿਚਾਰਧਾਰਕ ਵਚਨਬੱਧਤਾ ਨਹੀਂ ਹੈ। ਇਸ ਲਈ ਇਨ੍ਹਾਂ ਦਾ ਭਾਜਪਾ ਵਿਚ ਜਾਣਾ ਹੈਰਾਨੀ ਵਾਲੀ ਗੱਲ ਨਹੀਂ। ਉਨ੍ਹਾਂ ਕਿਹਾ ਕਿ ਅੱਜ ਸਿਰਫ਼ 7 ਸੰਸਦ ਮੈਂਬਰ ਹਨ, ਕੱਲ੍ਹ ਨੂੰ 50 ਵਿਧਾਇਕ ਵੀ ‘ਆਪ’ ਛੱਡ ਸਕਦੇ ਹਨ। ਆਪ ਨੇ ਰਾਜ ਸਭਾ ਅਤੇ ਵਿਧਾਨ ਸਭਾ ਦੀਆਂ ਟਿਕਟਾਂ ਕਿਵੇਂ ਵੰਡੀਆਂ ਸਨ, ਇਹ ਸਭ ਨੂੰ ਪਤਾ ਹੈ।
ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਕਿਵੇਂ ਵੱਡੇ ਕਾਰੋਬਾਰੀ, ਜਿਨ੍ਹਾਂ ਦਾ ਪੰਜਾਬ ਨਾਲ ਕੋਈ ਲੈਣਾ-ਦੇਣਾ ਨਹੀਂ ਸੀ, ਨੂੰ ‘ਆਪ’ ਵੱਲੋਂ ਰਾਜ ਸਭਾ ਲਈ ਭੇਜਿਆ ਗਿਆ, ਜਦਕਿ ਪਾਰਟੀ ਦੇ ਵਰਕਰਾਂ ਤੇ ਵਲੰਟੀਅਰਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਸੀ। ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ ਨੇ ਹਮੇਸ਼ਾਂ ਪਾਰਟੀ ਦੇ ਵਰਕਰਾਂ ਨੂੰ ਮੌਕਾ ਦਿੱਤਾ ਹੈ। ਉਨ੍ਹਾਂ ਨੇ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਤੋਂ ਹਾਲ ਹੀ ਵਿਚ ਕੀਤੀਆਂ ਨਾਮਜ਼ਦਗੀਆਂ ਦਾ ਜ਼ਿਕਰ ਕੀਤਾ, ਜਿੱਥੇ ਹਿਮਾਚਲ ਵਿਚ ਪਾਰਟੀ ਨੇ ਇਕ ਜ਼ਿਲ੍ਹਾ ਪ੍ਰਧਾਨ ਨੂੰ ਅਤੇ ਹਰਿਆਣਾ ਵਿਚ ਇਕ ਟਰੇਡ ਯੂਨੀਅਨ ਆਗੂ ਨੂੰ ਟਿਕਟ ਦੇ ਕੇ ਜਿਤਾਇਆ ਸੀ।