ਪੁਲਿਸ ਹਿਰਾਸਤ ਵਿੱਚ ਸਨੈਚਿੰਗ ਦੇ ਦੋਸ਼ ਹੇਠ ਕਾਬੂ ਕੀਤੇ ਗਏ ਮੁਲਜ਼ਮ ਦੀ ਅਚਾਨਕ ਵਿਗੜੀ ਸਿਹਤ ਹੋਈ ਮੌਤ

ਟੀਪੀਐੱਸ ਗਿੱਲ, ਪੰਜਾਬੀ ਜਾਗਰਣ
ਜ਼ੀਰਕਪੁਰ: ਸਨੈਚਿੰਗ ਦੇ ਮਾਮਲੇ ’ਚ ਗ੍ਰਿਫ਼ਤਾਰ ਇਕ ਨੌਜਵਾਨ ਦੀ ਸ਼ਨੀਵਾਰ ਰਾਤ ਨੂੰ ਅਚਾਨਕ ਸਿਹਤ ਵਿਗੜਨ ਤੋਂ ਬਾਅਦ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 23 ਸਾਲਾ ਰਜਨੀਸ਼ ਸ਼ਰਮਾ ਵਜੋਂ ਹੋਈ ਹੈ, ਜੋ ਕਿ ਢਕੌਲੀ ਦੇ ਸ਼ਕਤੀ ਇਨਕਲੇਵ ਦਾ ਰਹਿਣ ਵਾਲਾ ਹੈ, ਜੋ ਹਾਲ ਹੀ ਵਿੱਚ ਵੀਆਈਪੀ ਰੋਡ ’ਤੇ ਰੇਲ ਵਿਹਾਰ ਸੁਸਾਇਟੀ ਵਿੱਚ ਆਪਣੇ ਮਾਮੇ ਨਾਲ ਰਹਿ ਰਿਹਾ ਸੀ ਅਤੇ ਮਾਮੇ ਦੇ ਨਾਲ ਹੀ ਵਾਟਰ ਪਰੂਫਿੰਗ ਦਾ ਕੰਮ ਕਰਦਾ ਸੀ। ਪੁਲਿਸ ਦੇ ਅਨੁਸਾਰ, ਰਜਨੀਸ਼ ਨੂੰ ਸ਼ਨੀਵਾਰ ਨੂੰ ਇੱਕ ਸਨੈਚਿੰਗ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਸ਼ੁਰੂਆਤੀ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਉਹ ਲੱਗਭੱਗ ਸੱਤ ਤੋਂ ਅੱਠ ਘਟਨਾਵਾਂ ਵਿੱਚ ਸ਼ਾਮਲ ਸੀ। ਪੁਲਿਸ ਨੂੰ ਉਮੀਦ ਸੀ ਕਿ ਉਸ ਦੀ ਗ੍ਰਿਫ਼ਤਾਰੀ ਨਾਲ ਇਲਾਕੇ ਵਿੱਚ ਕਈ ਅਣਸੁਲਝੇ ਸਨੈਚਿੰਗ ਦੇ ਮਾਮਲੇ ਹੱਲ ਹੋ ਜਾਣਗੇ।
ਪੁਲਿਸ ਦਾ ਕਹਿਣਾ ਹੈ ਕਿ ਪਿਛਲੀਆਂ ਘਟਨਾਵਾਂ ਦੇ ਸੀਸੀਟੀਵੀ ਫੁਟੇਜ ਵਿੱਚ ਦੇਖਿਆ ਗਿਆ ਚਿਹਰਾ ਰਜਨੀਸ਼ ਨਾਲ ਮੇਲ ਖਾਂਦਾ ਹੈ, ਇਸ ਲਈ ਉਨ੍ਹਾਂ ਨੂੰ ਉਮੀਦ ਸੀ ਕਿ ਉਸ ਦੀ ਗ੍ਰਿਫ਼ਤਾਰੀ ਨਾਲ ਸਨੈਚਿੰਗ ਦੇ ਕਈ ਕੇਸ ਹੱਲ ਹੋ ਜਾਣਗੇ। ਪੁਲਿਸ ਦੇ ਅਨੁਸਾਰ, ਸ਼ਨੀਵਾਰ ਰਾਤ ਨੂੰ ਰਜਨੀਸ਼ ਦੀ ਸਿਹਤ ਅਚਾਨਕ 9:30 ਵਜੇ ਦੇ ਕਰੀਬ ਵਿਗੜ ਗਈ। ਉਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਦੀ ਜਾਣਕਾਰੀ ਮਿਲਦੇ ਹੀ, ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਐਤਵਾਰ ਸਵੇਰੇ ਜਾਂਚ ਕਰਨ ਲਈ ਪੁਲਿਸ ਸਟੇਸ਼ਨ ਪਹੁੰਚੇ ਅਤੇ ਮੌਜੂਦ ਅਧਿਕਾਰੀਆਂ ਤੋਂ ਲੱਗਭੱਗ ਚਾਰ ਘੰਟੇ ਤੱਕ ਵਿਸਥਾਰ ਨਾਲ ਪੁੱਛਗਿੱਛ ਕੀਤੀ।
ਤਿੰਨ ਡਾਕਟਰਾਂ, ਡਾ. ਸਚਿਨ, ਡਾ. ਦੀਪਇੰਦਰ (ਪੈਥਾਲੋਜਿਸਟ) ਅਤੇ ਡਾ. ਜੈਸਿਕਾ ਦੇ ਪੈਨਲ ਨੇ ਡੇਰਾਬੱਸੀ ਹਸਪਤਾਲ ਵਿੱਚ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਮੌਜੂਦਗੀ ਵਿੱਚ ਪੋਸਟਮਾਰਟਮ ਕੀਤਾ। ਡਾਕਟਰਾਂ ਦੇ ਅਨੁਸਾਰ, ਮ੍ਰਿਤਕ ਦੇ ਸਰੀਰ ’ਤੇ ਸੱਟ ਜਾਂ ਹਮਲੇ ਦੇ ਕੋਈ ਨਿਸ਼ਾਨ ਨਹੀਂ ਮਿਲੇ। ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਮੌਤ ਦਾ ਕਾਰਨ ਨਸ਼ੇ ਦਾ ਸੇਵਨ ਜਾਂ ਨਸ਼ਾ ਨਾ ਮਿਲਣ ਕਰਕੇ ਨਸ਼ੇ ਦੀ ਤੋੜ ਕਾਰਨ ਲੱਗ ਰਿਹਾ ਹੈ। ਸਹੀ ਕਾਰਨ ਦਾ ਪਤਾ ਲਗਾਉਣ ਲਈ ਮ੍ਰਿਤਕ ਦੇ ਵਿਸਰਾ ਅਤੇ ਦਿਲ ਨੂੰ ਫੋਰੈਂਸਿਕ ਜਾਂਚ ਲਈ ਭੇਜਿਆ ਜਾਵੇਗਾ। ਪੁਲਿਸ ਨੇ ਮਾਮਲੇ ਵਿੱਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੋਸਟਮਾਰਟਮ ਤੋਂ ਬਾਅਦ, ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ, ਅਤੇ ਬਾਅਦ ਦੁਪਹਿਰ ਜ਼ੀਰਕਪੁਰ ਸ਼ਮਸ਼ਾਨਘਾਟ ਵਿੱਚ ਲਾਸ਼ ਦਾ ਸਸਕਾਰ ਕਰ ਦਿੱਤਾ ਗਿਆ।
ਪਹਿਲਾਂ ਕਈ ਮਾਮਲੇ ਦਰਜ, ਜਾਂਚ ਰੁਕ ਗਈ
ਪੁਲਿਸ ਅਧਿਕਾਰੀਆਂ ਦੇ ਅਨੁਸਾਰ, ਮ੍ਰਿਤਕ ਰਜਨੀਸ਼ ’ਤੇ ਪਹਿਲਾਂ ਚੋਰੀ, ਡਕੈਤੀ ਅਤੇ ਖੋਹ ਦੇ ਕਈ ਮਾਮਲਿਆਂ ਵਿੱਚ ਮਾਮਲਾ ਦਰਜ ਸਨ। ਉਸ ਦੀ ਗ੍ਰਿਫਤਾਰੀ ਨੂੰ ਇਲਾਕੇ ਵਿੱਚ ਹਾਲ ਹੀ ਵਿੱਚ ਹੋਈਆਂ ਘਟਨਾਵਾਂ ਨੂੰ ਜੋੜਨ ਵਿੱਚ ਇੱਕ ਵੱਡੀ ਸਫਲਤਾ ਮੰਨਿਆ ਗਿਆ ਸੀ।
------
ਮਿ੍ਰਤਕ ’ਤੇ ਪਹਿਲਾਂ ਵੀ ਦਰਜ ਹਨ ਮਾਮਲੇ
ਮ੍ਰਿਤਕ 'ਤੇ ਪਹਿਲਾਂ ਵੀ ਚੋਰੀ, ਡਕੈਤੀ ਅਤੇ ਖੋਹ ਦੇ ਕਈ ਮਾਮਲੇ ਦਰਜ ਸਨ। ਅਧਿਕਾਰੀਆਂ ਦੇ ਅਨੁਸਾਰ, ਉਨ੍ਹਾਂ ਨੂੰ ਉਸ ਦੀ ਗ੍ਰਿਫਤਾਰੀ ਰਾਹੀਂ ਇਲਾਕੇ ਵਿੱਚ ਵਾਪਰੀਆਂ ਕਈ ਵਾਪਰੀਆਂ ਝਪਟਮਾਰੀ ਦੀਆਂ ਤਾਜ਼ਾ ਘਟਨਾਵਾਂ ਹੱਲ ਹੋਣ ਉਮੀਦ ਸੀ, ਪਰ ਉਸ ਦੀ ਅਚਾਨਕ ਮੌਤ ਨੇ ਜਾਂਚ ਦੀ ਦਿਸ਼ਾ ਬਦਲ ਦਿੱਤੀ ਹੈ।
- ਐੱਸਐੱਚਓ ਸਤਿੰਦਰ ਸਿੰਘ, ਥਾਣਾ ਮੁਖੀ ਜ਼ੀਰਕਪੁਰ।
-------
ਨਸ਼ਾ ਕਰਦਾ ਸੀ ਮ੍ਰਿਤਕ
ਮ੍ਰਿਤਕ ਦੇਹ ਦਾ ਤਿੰਨ ਡਾਕਟਰਾਂ ਦੇ ਪੈਨਲ ਵੱਲੋਂ ਜਿਊਡੀਸ਼ੀਅਲ ਮੈਜਿਸਟਰੇਟ ਦੀ ਦੇਖ ਰੇਖ ਹੇਠ ਪੋਸਟਮਾਰਟਮ ਕੀਤਾ ਗਿਆ ਹੈ। ਮ੍ਰਿਤਕ ਦੇ ਵਿਸਰਾ ਅਤੇ ਦਿਲ ਨੂੰ ਜਾਂਚ ਲਈ ਭੇਜਿਆ ਜਾ ਰਿਹਾ ਹੈ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮ੍ਰਿਤਕ ਨਸ਼ਾ ਕਰਨ ਦਾ ਆਦੀ ਸੀ ਅਤੇ ਉਸ ਦੇ ਸਰੀਰ ਤੇ ਟੀਕਿਆਂ ਦੇ ਵੱਡੀ ਗਿਣਤੀ ਵਿੱਚ ਨਿਸ਼ਾਨ ਮਿਲੇ ਹਨ। ਮ੍ਰਿਤਕ ਦੀ ਬਾਡੀ ਤੇ ਕਿਸੇ ਤਰ੍ਹਾਂ ਦੀ ਸੱਟ ਜਾਂ ਕੁੱਟਮਾਰ ਦੇ ਨਿਸ਼ਾਨ ਨਹੀਂ ਮਿਲੇ ਹਨ। ਬਾਕੀ ਸਹੀ ਕਾਰਨਾਂ ਦਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੇ ਹੀ ਖੁਲਾਸਾ ਹੋ ਸਕਦਾ ਹੈ।
ਡਾ. ਸਚਿਨ, ਮੈਡੀਕਲ ਅਫਸਰ, ਸਿਵਲ ਹਸਪਤਾਲ ਡੇਰਾਬੱਸੀ
ਫੋਟੋ-
ਮੁਰਦਾਘਰ ਦੇ ਬਾਹਰ ਮ੍ਰਿਤਕ ਦੇ ਵਾਰਿਸ ਵਿਰਲਾਪ ਕਰਦੇ ਹੋਏ