ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸ਼ੁੱਕਰਵਾਰ ਨੂੰ ਚੰਡੀਗੜ੍ਹ ਦੇ ਹੋਟਲ ਲਲਿਤ ਵਿਚ ਦੈਨਿਕ ਜਾਗਰਣ ਤੇ ਪੰਜਾਬੀ ਜਾਗਰਣ ਵੱਲੋਂ ਕਰਵਾਏ ਗਏ ‘ਜਾਗਰਣ ਵਿਮਰਸ਼’ ਪ੍ਰੋਗਰਾਮ ਦੌਰਾਨ ਵਿਸ਼ੇਸ਼ ਬੁਲਾਰੇ ਵਜੋਂ ਬੋਲਦਿਆਂ ਪ੍ਰਗਟਾਏ। ਇਸ ਦੌਰਾਨ ਉਨ੍ਹਾਂ ਨੇ ਬੀਤੇ ਚਾਰ ਸਾਲਾਂ ਵਿਚ ‘ਆਪ’ ਸਰਕਾਰ ਵੱਲੋਂ ਕੀਤੇ ਗਏ ਵਿਕਾਸ ਕਾਰਜਾਂ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ

ਜਾਗਰਣ ਸੰਵਾਦਦਾਤਾ, ਚੰਡੀਗੜ੍ਹ : ਪੰਜਾਬ ਵਿਚ ਸਾਲ 2027 ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ (ਆਪ) ਪੂਰੀ ਤਰ੍ਹਾਂ ਤਿਆਰ ਹੈ। ਇਨ੍ਹਾਂ ਚੋਣਾਂ ਵਿਚ ਸਾਡਾ ਇੱਕੋ ਏਜੰਡਾ ਹੋਵੇਗਾ ਜਿਸ ਵਿਚ ਅਸੀਂ ਵਿਕਾਸ ਦੇ ਨਾਂ ’ਤੇ ਵੋਟਰਾਂ ਕੋਲ ਜਾਵਾਂਗੇ। ਬੀਤੇ ਚਾਰ ਸਾਲਾਂ ਵਿਚ ਆਮ ਆਦਮੀ ਪਾਰਟੀ ਨੇ ਸਰਕਾਰ ਵਿਚ ਆਉਣ ਤੋਂ ਪਹਿਲਾਂ ਆਮ ਜਨਤਾ ਨਾਲ ਜਿਹੜੇ ਵੀ ਵਾਅਦੇ ਕੀਤੇ, ਉਨ੍ਹਾਂ ’ਤੇ ਖਰਾ ਉਤਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ ਅਤੇ ਸਰਕਾਰ ਦੀਆਂ ਪੰਜ ਗਾਰੰਟੀਆਂ ਨੂੰ ਪੂਰਾ ਕੀਤਾ ਹੈ। ਸਰਕਾਰ ਨੇ ਸਿੱਖਿਆ, ਸਿਹਤ, ਖੇਡ ਸਣੇ ਹਰ ਖੇਤਰ ਵਿਚ ਬਿਹਤਰ ਕੰਮ ਕਰਦਿਆਂ ਪੰਜਾਬ ਨੂੰ ਤਰੱਕੀ ਦੇ ਰਾਹ ਤੋਰਨ ਦੀ ਭਰਪੂਰ ਕੋਸ਼ਿਸ਼ ਕੀਤੀ ਹੈ। ਇਹ ਵਿਚਾਰ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸ਼ੁੱਕਰਵਾਰ ਨੂੰ ਚੰਡੀਗੜ੍ਹ ਦੇ ਹੋਟਲ ਲਲਿਤ ਵਿਚ ਦੈਨਿਕ ਜਾਗਰਣ ਤੇ ਪੰਜਾਬੀ ਜਾਗਰਣ ਵੱਲੋਂ ਕਰਵਾਏ ਗਏ ‘ਜਾਗਰਣ ਵਿਮਰਸ਼’ ਪ੍ਰੋਗਰਾਮ ਦੌਰਾਨ ਵਿਸ਼ੇਸ਼ ਬੁਲਾਰੇ ਵਜੋਂ ਬੋਲਦਿਆਂ ਪ੍ਰਗਟਾਏ। ਇਸ ਦੌਰਾਨ ਉਨ੍ਹਾਂ ਨੇ ਬੀਤੇ ਚਾਰ ਸਾਲਾਂ ਵਿਚ ‘ਆਪ’ ਸਰਕਾਰ ਵੱਲੋਂ ਕੀਤੇ ਗਏ ਵਿਕਾਸ ਕਾਰਜਾਂ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ।
ਦੈਨਿਕ ਜਾਗਰਣ ਪੰਜਾਬ ਦੇ ਸਥਾਨਕ ਸੰਪਾਦਕ ਅਮਿਤ ਸ਼ਰਮਾ ਨੇ ਪ੍ਰੋਗਰਾਮ ਵਿਚ ਅਮਨ ਅਰੋੜਾ ਨਾਲ ਵੱਖ-ਵੱਖ ਮੁੱਦਿਆਂ ’ਤੇ ਸਵਾਲ-ਜਵਾਬ ਕੀਤੇ। ਅਰੋੜਾ ਨੇ ਕਿਹਾ ਕਿ ਪਾਰਟੀ ਸਰਕਾਰ ਦੀ ਮਾਂ ਤੋਂ ਇਲਾਵਾ ‘ਵਾਚ ਡੌਗ’ ਅਤੇ ‘ਪਾਰਟੀ ਮੈਸੰਜਰ’ ਵਜੋਂ ਕੰਮ ਕਰਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕੋਈ ਵੀ ਗਲਤ ਕੰਮ ਨਾ ਕਰੇ, ਇਸ ਲਈ ਜਨਤਾ ਦੀ ਭੂਮਿਕਾ ਵੀ ਮਹੱਤਵਪੂਰਨ ਹੁੰਦੀ ਹੈ। ਬੀਤੇ ਚਾਰ ਸਾਲਾਂ ਵਿਚ ਬਹੁਤ ਸਾਰੇ ਕੰਮ ਕੀਤੇ ਜਾ ਚੁੱਕੇ ਹਨ ਅਤੇ ਹੁਣ ਵੀ ਬਹੁਤ ਸਾਰੇ ਕੰਮ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਿਨ੍ਹਾਂ ਲੋਕਾਂ ਨੇ ਮੌਕਾ ਦਿੱਤਾ, ਉਸ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਇਆ ਗਿਆ ਹੈ। ਸਰਕਾਰ ਦੇ ਏਜੰਡੇ ਦੇ ਸਵਾਲ ’ਤੇ ਅਮਨ ਅਰੋੜਾ ਨੇ ਕਿਹਾ ਕਿ ਸਰਕਾਰ ਦੋ
ਏਜੰਡਿਆਂ ’ਤੇ ਕੰਮ ਕਰਦੀ ਹੈ ਜਿਸ ਵਿਚ ਇਮਾਨਦਾਰੀ ਦੀ ਸਿਆਸਤ ਤੇ ਲੋਕ ਭਲਾਈ ਨਾਲ ਜੁੜੇ ਕੰਮ ਸ਼ਾਮਲ ਹਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਕਿਸੇ ਇਕ ਖੇਤਰ ’ਤੇ ਨਹੀਂ, ਸਗੋਂ ਹਰ ਖੇਤਰ ਵਿਚ ਕਿਸਾਨਾਂ ਤੋਂ ਲੈ ਕੇ ਆਮ ਆਦਮੀ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਹੈ। ਸਰਕਾਰ ਨੇ ਬੀਤੇ ਸਮੇਂ ’ਚ ਕਈ ਅਜਿਹੇ ਕੰਮ ਕੀਤੇ ਹਨ ਜਿਹੜੇ ਲੋਕਾਂ ਨੇ ਕਦੇ ਵੀ ਉਮੀਦ ਨਹੀਂ ਕੀਤੀ ਸੀ। 2027 ਵਿਚ ਦੂਜੀ ਵਾਰ ਚੋਣ ਮੈਦਾਨ ਵਿਚ ਉਤਰਣ ਦੇ ਏਜੰਡੇ ਦੇ ਸਵਾਲ ’ਤੇ ਅਮਨ ਅਰੋੜਾ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਪਹਿਲੀ ਵਾਰ ਚੋਣ ਹਮੇਸ਼ਾ ਬਦਲਾਅ ਦੇ ਤੌਰ ’ਤੇ ਹੁੰਦੀ ਹੈ ਅਤੇ ਦੂਜੀਆਂ ਚੋਣਾਂ ’ਚ ਕਿਸੇ ਵੀ ਪਾਰਟੀ ਦੇ ਕੰਮ ਤੇ ਵਿਕਾਸ ’ਤੇ ਹੀ ਵੋਟਾਂ ਮਿਲਦੀਆਂ ਹਨ ਅਤੇ ਇਸੇ ਨਾਲ ਅਸੀਂ ਅਗਲੀਆਂ ਚੋਣਾਂ ਵਿਚ ਉਤਰਾਂਗੇ। ਸਰਕਾਰ ਦੀ ਆਲੋਚਨਾ ਨੂੰ ਕੈਬਨਿਟ ਮੰਤਰੀ ਕਿਸ ਤਰ੍ਹਾਂ ਦੇਖਦੇ ਹਨ, ਇਸ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਕੋਲ ਤਾਂ ਕੋਈ ਮੁੱਦਾ ਹੀ ਨਹੀਂ ਹੈ।
ਪਾਰਟੀ ਪ੍ਰਧਾਨ ਹੋਣ ਦੇ ਨਾਤੇ ਜ਼ਿਲ੍ਹਾ ਸੰਗਠਨ ਬਾਰੇ ਪੁੱਛੇ ਗਏ ਸਵਾਲ ’ਤੇ ਅਮਨ ਅਰੋੜਾ ਨੇ ਕਿਹਾ ਕਿ 2022 ਤੱਕ ਆਮ ਆਦਮੀ ਪਾਰਟੀ ਕੋਲ ਇੰਨਾ ਵੱਡਾ ਸਟ੍ਰਕਚਰ ਨਹੀਂ ਸੀ ਪਰ ਪਿਛਲੇ ਪੰਜ ਸਾਲਾਂ ਦੀ ਲੰਬੀ ਯਾਤਰਾ ਅਜਿਹੀ ਰਹੀ ਹੈ ਕਿ ਸਰਕਾਰ ਲੋਕਾਂ ਵਿਚਾਲੇ ਪਹੁੰਚ ਕੇ ਉਨ੍ਹਾਂ ਦੇ ਕੰਮਾਂ ਤੇ ਜ਼ਰੂਰਤਾਂ ਬਾਰੇ ਪੁੱਛਦੀ ਹੈ। ਉਨ੍ਹਾਂ ਮੰਨਿਆ ਕਿ ਹੁਣ ਪਾਰਟੀ ਦਾ ਵਰਕਰ ਸਟ੍ਰਕਚਰ ਬਹੁਤ ਮਜ਼ਬੂਤ ਹੋ ਗਿਆ ਹੈ ਅਤੇ ਅਗਲੀਆਂ ਚੋਣਾਂ ਵਿਚ ਇਸ ਦਾ ਅਸਰ ਵੀ ਦਿਖਾਈ ਦੇਵੇਗਾ। ਪੰਜਾਬ ਵਿਚ ਅਕਾਲੀ ਦਲ ਤੇ ਕਾਂਗਰਸ ਦੀ ਰਣਨੀਤੀ ਦੇ ਸਵਾਲ ’ਤੇ ਅਰੋੜਾ ਨੇ ਕਿਹਾ ਕਿ ਦੋਵਾਂ ਪਾਰਟੀਆਂ ਕੋਲ ਅਜਿਹੀ ਕੋਈ ਮਜ਼ਬੂਤੀ ਨਹੀਂ ਦਿਖਾਈ ਦਿੰਦੀ ਕਿ ਉਹ ਸਰਕਾਰ ਬਣਾਉਣ ਦੇ ਨੇੜੇ-ਤੇੜੇ ਵੀ ਹੋਣ।
ਕਾਂਗਰਸ ’ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਪਾਰਟੀ ਤਾਂ ਪਹਿਲਾਂ ਹੀ ਵੱਖ-ਵੱਖ ਧੜਿਆਂ ਵਿਚ ਵੰਡੀ ਹੋਈ ਹੈ ਜਦਕਿ ਅਕਾਲੀ ਦਲ ਮੌਜੂਦਾ ਸਮੇਂ ਵਿਚ ਸਰਕਾਰ ਬਣਾਉਣ ਬਾਰੇ ਸੋਚ ਵੀ ਨਹੀਂ ਸਕਦੀ। ਪਿਛਲੇ 40-50 ਸਾਲਾਂ ਵਿਚ ਅਕਾਲੀ ਦਲ ਕਦੇ ਵੀ ਆਪਣੇ ਦਮ ’ਤੇ ਸਰਕਾਰ ਨਹੀਂ ਬਣਾ ਸਕੀ। ਇਸ ਦੇ ਨਾਲ ਹੀ ਉਨ੍ਹਾਂ ਨੇ ਅਟਲ ਬਿਹਾਰੀ ਵਾਜਪਾਈ, ਲਾਲ ਕ੍ਰਿਸ਼ਨ ਅਡਵਾਨੀ ਤੇ ਅਕਾਲੀ ਦਲ ਦੇ ਮੁਖੀ ਪ੍ਰਕਾਸ਼ ਸਿੰਘ ਬਾਦਲ ਨੂੰ ਬੀਤਿਆ ਹੋਇਆ ਦੌਰ ਦੱਸਿਆ। ਅਮਨ ਅਰੋੜਾ ਨੇ ਤਾਂ ਇੱਥੋਂ ਤੱਕ ਕਿਹਾ ਕਿ ਦੋਵੇਂ ਪਾਰਟੀਆਂ ਜੇਕਰ ਇਕੱਠੀਆਂ ਵੀ ਹੋ ਜਾਣ ਤਾਂ ਵੀ ਸਰਕਾਰ ਬਣਾਉਣ ਦੀ ਸਥਿਤੀ ਵਿਚ ਨਹੀਂ ਹਨ।
ਆਉਣ ਵਾਲੀਆਂ ਚੋਣਾਂ ’ਚ ਪਾਰਟੀ ਤੋਂ ਟਿਕਟ ਅਤੇ ਯੋਗ ਉਮੀਦਵਾਰਾਂ ਦੀ ਚੋਣ ਬਾਰੇ ਪੁੱਛੇ ਗਏ ਸਵਾਲ ’ਤੇ ਅਮਨ ਅਰੋੜਾ ਨੇ ਕਿਹਾ ਕਿ ਇਸ ਲਈ ਤਿੰਨ ਹੀ ਮਾਪਦੰਡ ਹੋਣਗੇ ਜਿਸ ਵਿਚ ਪਹਿਲਾਂ ਉਸ ਵਿਅਕਤੀ ਦਾ ਆਮ ਜਨਤਾ ਦੇ ਨਾਲ ਕਿਹੋ ਜਿਹਾ ਸੰਵਾਦ ਰਿਹਾ। ਨਾਲ ਹੀ ਉਨ੍ਹਾਂ ਦੇ ਜਿੱਤਣ ਦੀ ਉਮੀਦ ਅਤੇ ਪਾਰਟੀ ਨਾਲ ਕਿੰਨੀ ਇਮਾਨਦਾਰੀ ਵਰਤੀ ਗਈ। ਉਨ੍ਹਾਂ ਕਿਹਾ ਕਿ ਹੁਣ ਸਿਆਸਤ ਉਸ ਤਰ੍ਹਾਂ ਦੀ ਨਹੀਂ ਰਹੀ, ਹੁਣ ਸਮਾਂ ਸੋਸ਼ਲ ਮੀਡੀਆ ਦਾ ਹੈ ਜਿੱਥੇ ਕੋਈ ਵੀ ਆਗੂ ਬੇਇਮਾਨੀ ਕਰਨ ਬਾਰੇ ਸੋਚ ਵੀ ਨਹੀਂ ਸਕਦਾ ਅਤੇ ਜੇ ਉਹ ਅਜਿਹਾ ਕਰਦਾ ਹੈ ਤਾਂ ਲੋਕਾਂ ਵਿਚਾਲੇ ਐਕਸਪੋਜ਼ ਹੋਣ ਵਿਚ ਦੇਰ ਨਹੀਂ ਲੱਗਦੀ। ਉਨ੍ਹਾਂ ਕਿਹਾ ਕਿ ਸਿਆਸਤ ਵਿਚ ਜਿਸ ਵਿਅਕਤੀ ਦਾ ਜਨਤਾ ਵਿਚ ਮਜ਼ਬੂਤ ਆਧਾਰ ਹੁੰਦਾ ਹੈ, ਉਹੀ ਲੰਬੀ ਰੇਸ ਦਾ ਘੋੜਾ ਬਣਦਾ ਹੈ। ਚੋਣਾਂ ਵਿਚ ਐਂਟੀ ਇਨਕੰਬੈਂਸੀ ਦੇ ਸਵਾਲ ’ਤੇ ਉਨ੍ਹਾਂ ਕਿਹਾ ਕਿ ਚਾਰ ਸਾਲਾਂ ਵਿਚ ਕੀਤੇ ਗਏ ਵਿਕਾਸ ਕਾਰਜਾਂ ਤੋਂ ਬਾਅਦ ਇਸ ਤਰ੍ਹਾਂ ਦੀ ਜਾਣਕਾਰੀ ਵੀ ਠੀਕ ਨਹੀਂ ਹੈ। ਚੋਣਾਂ ਵਿਚ ਕਿਸੇ ਪਾਰਟੀ ਨਾਲ ਗੱਠਜੋੜ ਦੇ ਸਵਾਲ ’ਤੇ ਅਮਨ ਅਰੋੜਾ ਨੇ ਕਿਹਾ ਕਿ ਉਨ੍ਹਾਂ ਦਾ ਗੱਠਜੋੜ ਸਿਰਫ਼ ਜਨਤਾ ਨਾਲ ਹੋ ਸਕਦਾ ਹੈ, ਕਿਸੇ ਪਾਰਟੀ ਨਾਲ ਨਹੀਂ।
ਸਵਾਲ-ਜਵਾਬ
ਤਿੰਨ ਲੱਖ ਸੋਲਰ ਲਾਈਟਾਂ ਨਾਲ 13 ਹਜ਼ਾਰ ਪਿੰਡ ਹੋਣਗੇ ਜਗਮਗ
ਚੰਡੀਗੜ੍ਹ : ਅਮਨ ਅਰੋੜਾ ਨੇ ਫਾਇਰ ਰਾਊਂਡ ਵਿਚ ਕਿਹਾ ਕਿ ਉਨ੍ਹਾਂ ਨੂੰ ਸਭ ਤੋਂ ਵੱਧ ਸਕੂਨ ਚਾਰ ਦਿਨ ਪਹਿਲਾਂ ਲਏ ਫ਼ੈਸਲੇ ਨਾਲ ਹੋ ਰਿਹਾ ਹੈ। ਉਨ੍ਹਾਂ ਦੇ ਵਿਭਾਗ ਨੇ 550 ਕਰੋੜ ਰੁਪਏ ਦੀ ਲਾਗਤ ਨਾਲ 13 ਹਜ਼ਾਰ ਪਿੰਡਾਂ ਵਿਚ ਤਿੰਨ ਲੱਖ ਸੋਲਰ ਲਾਈਟਾਂ ਲਗਾਉਣ ਦਾ ਫ਼ੈਸਲਾ ਕੀਤਾ ਹੈ। ਜਿਨ੍ਹਾਂ ਪਿੰਡਾਂ ਦੀਆਂ ਗਰੀਬ ਬਸਤੀਆਂ ਹਨੇਰੇ ਵਿਚ ਰਹਿੰਦੀਆਂ ਹਨ, ਹੁਣ ਉਹ ਸੋਲਰ ਲਾਈਟਾਂ ਨਾਲ ਜਗਮਗਾਉਣਗੀਆਂ।
ਸਵਾਲ : ਤੁਹਾਡੀ ਡ੍ਰੈਸਿੰਗ ਬਹੁਤ ਦਿਲਖਿੱਚਵੀਂ ਹੁੰਦੀ ਹੈ। ਇਸ ਦੇ ਪਿੱਛੇ ਕੀ ਰਾਜ਼ ਹੈ?
ਜਵਾਬ : 100 ਫ਼ੀਸਦੀ ਇਸ ਦਾ ਕ੍ਰੈਡਿਟ ਮੇਰੀ ਪਤਨੀ ਨੂੰ ਜਾਂਦਾ ਹੈ। ਰੋਜ਼ਾਨਾ ਮੇਰੀ ਡ੍ਰੈਸ ਦੀ ਤਿਆਰੀ ਉਹੀ ਕਰਦੀ ਹੈ। ਉਨ੍ਹਾਂ ਨੂੰ ਸਿਰਫ਼ ਪ੍ਰੋਗਰਾਮ ਬਾਰੇ ਦੱਸਿਆ ਜਾਂਦਾ ਹੈ। ਮੈਂ ਤਾਂ ਕਦੇ ਰੁਮਾਲ ਵੀ ਨਹੀਂ ਖ਼ਰੀਦਿਆ।
ਸਵਾਲ : ਵੋਟਰਾਂ ਦੀ ਨਾਰਾਜ਼ਗੀ ਜਾਂ ਈਡੀ ਤੋਂ ਜ਼ਿਆਦਾ ਡਰ ਲੱਗਦਾ ਹੈ?
ਜਵਾਬ : ਮੈਨੂੰ ਖ਼ੁਦ ਤੋਂ ਡਰ ਲੱਗਦਾ ਹੈ ਕਿ ਕਦੇ ਗਲਤੀ ਨਾਲ ਵੀ ਮੇਰੇ ਕੋਲੋਂ ਕੋਈ ਗਲਤ ਕੰਮ ਨਾ ਹੋ ਜਾਵੇ। ਬਾਕੀ ਮੈਨੂੰ ਕਿਸੇ ਦਾ ਡਰ ਨਹੀਂ।
ਸਵਾਲ : ਤੁਹਾਡਾ ਸਭ ਤੋਂ ਵੱਡਾ ਆਲੋਚਕ ਕੌਣ ਹੈ?
ਜਵਾਬ : ਮੈਂ ਖ਼ੁਦ ਨੂੰ ਹੀ ਆਪਣਾ ਸਭ ਤੋਂ ਵੱਡਾ ਆਲੋਚਕ ਮੰਨਦਾ ਹਾਂ। ਇਨਸਾਨ ਕਿੰਨਾ ਵੀ ਵੱਡਾ ਹੋ ਜਾਵੇ, ਉਸ ਨੂੰ ਸਟੂਡੈਂਟ ਬਣੇ ਰਹਿਣਾ ਚਾਹੀਦਾ ਹੈ। ਦਿਨ ਭਰ ਕੰਮ ਕਰਨ ਤੋਂ ਬਾਅਦ ਸੋਚਦਾ ਹਾਂ ਕਿ ਫਲਾਨਾ ਕੰਮ ਕਿਵੇਂ ਕਰਨ ਨਾਲ ਜ਼ਿਆਦਾ ਚੰਗਾ ਹੁੰਦਾ।