ਪਿੰਡ ਧਰਮਗੜ੍ਹ 'ਚ ਲਗਵਾਇਆ ਪੁਆਧੀ ਅਖਾੜਾ
ਪਿੰਡ ਧਰਮਗੜ੍ਹ 'ਚ ਲਗਵਾਇਆ ਪੁਆਧੀ ਅਖਾੜਾ, ਪੁਆਧੀ ਬੋਲੀ ਨੂੰ ਜਿਊਂਦਾ ਰੱਖਣਾ ਅਤਿ ਜ਼ਰੂਰੀ : ਗੁਰਲਾਲ ਪੰਚ
Publish Date: Tue, 03 Feb 2026 06:22 PM (IST)
Updated Date: Tue, 03 Feb 2026 06:26 PM (IST)

ਪੁਆਧੀ ਬੋਲੀ ਨੂੰ ਜਿਊਂਦਾ ਰੱਖਣਾ ਅਤਿ ਜ਼ਰੂਰੀ : ਗੁਰਲਾਲ ਪੰਚ ਸੁਰਜੀਤ ਸਿੰਘ ਕੁਹਾੜ, ਪੰਜਾਬੀ ਜਾਗਰਣ, ਲਾਲੜੂ : ਪਿੰਡ ਧਰਮਗੜ੍ਹ ਵਿਖੇ ਪਿੰਡ ਦੇ ਪੰਚ ਗੁਰਲਾਲ ਸਿੰਘ ਦੇ ਉਦਮ ਸਦਕਾ ਪਿੰਡ ਦੇ ਪਾਰਕ ਨੰ. 1 ਵਿਚ ਪੰਜਾਬ ਦਾ ਲੋਕ ਵਿਰਸਾ ਪੁਆਧੀ ਅਖਾੜਾ ਪ੍ਰੰਪਰਾ ਦੀ ਟੀਮ ਵੱਲੋਂ ਅਖਾੜਾ ਲਾਇਆ ਗਿਆ। ਜਿਸ ’ਚ ਪਿੰਡ ਧਰਮਗੜ੍ਹ ਸਮੇਤ ਰਾਮਗੜ੍ਹ ਰੁੜਕੀ, ਜਾਸਤਨਾਂ ਕਲਾਂ, ਜਾਸਤਨਾਂ ਖੁਰਦ ਤੇ ਬੱਲੋਪੁਰ ਸਮੇਤ ਕਈ ਪਿੰਡ ਦੇ ਲੋਕਾਂ ਨੇ ਸ਼ਮੂਲੀਅਤ ਕਰਕੇ ਅਖਾੜੇ ਦਾ ਅਨੰਦ ਮਾਣਿਆ। ਅਖਾੜੇ ’ਚ ਪੁੱਜੇ ਪਿੰਡ ਗੋਬਿੰਦਗੜ੍ਹ ਦੇ ਤਰਲੋਚਨ ਸਿੰਘ ਦੀ ਟੀਮ ਪੁਆਧ ਦੇ ਖੇਤਰ ਵਿਚ ਅਖਾੜੇ ਲਾ ਕੇ ਆਸਾ ਰਾਮ ਦੀ ਪ੍ਰੰਪਰਾ ਤੇ ਪੁਆਧ ਦੇ ਮਸ਼ਹੂਰ ਅਖਾੜੇ ਨੂੰ ਜਿਊਂਦਾ ਰੱਖਣ ਵਿਚ ਆਪਣੀ ਭੂਮਿਕਾ ਨਿਭਾਅ ਰਹੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਪੁਆਧ ਦੇ ਖੇਤਰ ਰੋਪੜ ਤੋਂ ਲੈ ਕੇ ਸ੍ਰੀ ਚਮਕੌਰ ਸਾਹਿਬ, ਫ਼ਤਹਿਗੜ੍ਹ ਸਾਹਿਬ, ਪਟਿਆਲਾ ਤੇ ਰਾਜਪੁਰਾ ਦੇ ਪਿੰਡ ਵਿਚ ਵੀ ਅਖਾੜੇ ਲਗਾਏ ਜਾ ਚੁੱਕੇ ਹਨ। ਤਰਲੋਚਨ ਸਿੰਘ ਦੱਸਿਆ ਕਿ ਅਖਾੜੇ ਵਿਚ ਮਹਾਂਭਾਰਤ ਦਾ ਪ੍ਰਸੰਗ ਸੁਣਾਇਆ ਗਿਆ, ਜਿਸ ਵਿਚ ਯੁੱਧ ਦੇ ਸਮੇਂ ਚੱਕਰਵਿਊ ਵਿਚ ਫਸ ਕੇ ਅਭਿੰਮਨਯੂ ਮਰਿਆ ਅਤੇ ਕਿਸ ਤਰ੍ਹਾਂ ਸ੍ਰੀ ਕ੍ਰਿਸ਼ਨ ਜੀ ਨੇ ਸੂਰਜ ਦਿਨ ਵਿਚ ਅਸਤ ਕਰਕੇ ਅਰਜਨ ਨੂੰ ਸਿੱਖਿਆ ਦੇ ਕੇ ਅਭਿੰਮਨਯੂ ਦਾ ਬਦਲਾ ਲਿਆ। ਉਨ੍ਹਾਂ ਭਗਵਾਨ ਸਿਵਜ਼ੀ ਬਾਰੇ ਵੀ ਗੱਲਾਂ ਸੁਣਾਈਆਂ। ਉਨ੍ਹਾਂ ਨੌਜਵਾਨਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਉਹ ਪੱਛਮੀ ਸੱਭਿਅਤਾ ਨੂੰ ਛੱਡ ਕੇ ਆਪਣੇ ਪੰਜਾਬ ਦੇ ਪੁਆਧ ਖੇਤਰ ਦੀ ਸੱਭਿਅਤਾ ਨਾਲ ਜੁੜਨ ਅਤੇ ਆਪਣੀ ਸੱਭਿਅਤਾ ਨੂੰ ਅਗਲੀ ਪੀੜ੍ਹੀ ਤੱਕ ਲੈ ਕੇ ਜਾਣ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਕਿਤਾਬਾਂ ਅਤੇ ਅਖਬਾਰ ਪੜ੍ਹਨਾ ਛੱਡ ਕੇ ਮੋਬਾਈਲ ਦੇ ਗਲੇਵੇਂ ਵਿਚ ਫਸ ਚੁੱਕੀ ਹੈ, ਜੋ ਚਿੰਤਾ ਦਾ ਵਿਸ਼ਾ ਹੈ। ਇਸ ਲਈ ਸਾਡੇ ਸਾਰਿਆਂ ਦਾ ਫ਼ਰਜ਼ ਬਣਦਾ ਹੈ ਕਿ ਅਸੀਂ ਆਪਣੀ ਨੌਜਵਾਨ ਪੀੜ੍ਹੀ ਸਮੇਤ ਬੱਚਿਆਂ ਨੂੰ ਮੋਬਾਈਲ ਤੋਂ ਦੂਰ ਕਰਕੇ ਉਨ੍ਹਾਂ ਨੂੰ ਆਪਣੇ ਗੁਰੂ ਸਾਹਿਬਾਨਾਂ ਅਤੇ ਸ਼ਹੀਦਾਂ ਦੀਆਂ ਕਹਾਣੀਆਂ ਸੁਣਾਉਣ ਤਾਂ ਜੋ ਉਹ ਸਹੀ ਸੇਧ ਲੈ ਕੇ ਆਪਣੀ ਸੱਭਿਅਤਾ ਨੂੰ ਜਿਊਂਦਾ ਰੱਖ ਸਕਣ। ਗੁਰਲਾਲ ਸਿੰਘ ਲਾਲਾ ਪੰਚ ਨੇ ਕਿਹਾ ਕਿ ਪੁਆਧ ਖੇਤਰ ਅਤੇ ਪੁਆਧੀ ਬੋਲੀ ਨੂੰ ਜਿਊਂਦਾ ਰੱਖਣਾ ਅਤਿ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪੁਆਧੀ ਅਖਾੜਾ ਲਗਾਉਣ ਦਾ ਮੁੱਖ ਮਕਸਦ ਨੌਜਵਾਨੀ ਨੂੰ ਪੁਆਧੀ ਸੱਭਿਅਤਾ ਨਾਲ ਜੋੜਨਾ ਸੀ।