ਬੇਸਹਾਰਾ ਪਸ਼ੂ ਨਾਲ ਤੇਜ਼ ਰਫ਼ਤਾਰ ਵਾਹਨ ਦੀ ਜ਼ੋਰਦਾਰ ਟੱਕਰ, ਜਾਨੀ ਨੁਕਸਾਨ ਤੋਂ ਬਚਾਅ
ਡੇਰਾਬੱਸੀ-ਮੁਬਾਰਕਪੁਰ ਮੁੱਖ ਸੜਕ ’ਤੇ ਬੀਤੀ ਰਾਤ ਇਕ ਵੱਡਾ ਹਾਦਸਾ ਹੋਣੋਂ ਟਲ ਗਿਆ, ਜਦੋਂ ਸੜਕ ’ਤੇ ਘੁੰਮ ਰਹੇ ਇਕ ਬੇਸਹਾਰਾ ਪਸ਼ੂ ਨਾਲ ਤੇਜ਼ ਰਫ਼ਤਾਰ ਵਾਹਨ ਦੀ ਜ਼ੋਰਦਾਰ ਟੱਕਰ ਹੋ ਗਈ। ਇਸ ਟੱਕਰ ਕਾਰਨ ਪਸ਼ੂ ਗੰਭੀਰ ਜ਼ਖ਼ਮੀ ਹੋ ਗਿਆ, ਜਦਕਿ ਵਾਹਨ ਚਾਲਕਾਂ ਦਾ ਜਾਨੀ ਨੁਕਸਾਨ ਹੋਣੋਂ ਬਚਾਅ ਰਿਹਾ।
Publish Date: Mon, 24 Nov 2025 11:52 AM (IST)
Updated Date: Mon, 24 Nov 2025 11:56 AM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ। ਡੇਰਾਬੱਸੀ-ਮੁਬਾਰਕਪੁਰ ਮੁੱਖ ਸੜਕ ’ਤੇ ਬੀਤੀ ਰਾਤ ਇਕ ਵੱਡਾ ਹਾਦਸਾ ਹੋਣੋਂ ਟਲ ਗਿਆ, ਜਦੋਂ ਸੜਕ ’ਤੇ ਘੁੰਮ ਰਹੇ ਇਕ ਬੇਸਹਾਰਾ ਪਸ਼ੂ ਨਾਲ ਤੇਜ਼ ਰਫ਼ਤਾਰ ਵਾਹਨ ਦੀ ਜ਼ੋਰਦਾਰ ਟੱਕਰ ਹੋ ਗਈ। ਇਸ ਟੱਕਰ ਕਾਰਨ ਪਸ਼ੂ ਗੰਭੀਰ ਜ਼ਖ਼ਮੀ ਹੋ ਗਿਆ, ਜਦਕਿ ਵਾਹਨ ਚਾਲਕਾਂ ਦਾ ਜਾਨੀ ਨੁਕਸਾਨ ਹੋਣੋਂ ਬਚਾਅ ਰਿਹਾ।
ਹਾਦਸਾ ਵਾਪਰਨ ਤੋਂ ਬਾਅਦ ਪਸ਼ੂ ਸੜਕ ਦੇ ਵਿਚਕਾਰ ਡਿੱਗ ਗਿਆ, ਜਿਸ ਕਾਰਨ ਸੜਕ ਦੇ ਦੋਵੇਂ ਪਾਸੇ ਲੰਮਾ ਟ੍ਰੈਫਿਕ ਜਾਮ ਲੱਗ ਗਿਆ। ਆਵਾਜਾਈ ਠੱਪ ਹੋਣ ਕਾਰਨ ਮੁਸਾਫ਼ਰਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸੂਚਨਾ ਮਿਲਣ 'ਤੇ ਸਥਾਨਕ ਪੁਲਿਸ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਸਥਿਤੀ ਨੂੰ ਕਾਬੂ ਹੇਠ ਕੀਤਾ।
ਜਾਣਕਾਰੀ ਅਨੁਸਾਰ, ਇਹ ਹਾਦਸਾ ਬੀਤੀ ਰਾਤ ਉਸ ਸਮੇਂ ਵਾਪਰਿਆ ਜਦੋਂ ਇਕ ਤੇਜ਼ ਰਫ਼ਤਾਰ ਵਾਹਨ ਮੁਬਾਰਕਪੁਰ ਵਾਲੇ ਪਾਸੇ ਜਾ ਰਿਹਾ ਸੀ ਅਤੇ ਅਚਾਨਕ ਸੜਕ ’ਤੇ ਆਏ ਬੇਸਹਾਰਾ ਪਸ਼ੂ ਨਾਲ ਟਕਰਾ ਗਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਵਾਹਨ ਦੇ ਅਗਲੇ ਹਿੱਸੇ ਨੂੰ ਨੁਕਸਾਨ ਪਹੁੰਚਿਆ ਅਤੇ ਪਸ਼ੂ ਜ਼ਮੀਨ ’ਤੇ ਡਿੱਗ ਕੇ ਤੜਫਣ ਲੱਗਾ।
ਮੌਕੇ ’ਤੇ ਮੌਜੂਦ ਲੋਕਾਂ ਨੇ ਤੁਰੰਤ ਜ਼ਖ਼ਮੀ ਪਸ਼ੂ ਦੀ ਮਦਦ ਕੀਤੀ ਅਤੇ ਪਸ਼ੂਆਂ ਦੇ ਡਾਕਟਰਾਂ ਨੂੰ ਬੁਲਾਇਆ ਗਿਆ। ਜ਼ਖ਼ਮੀ ਪਸ਼ੂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਇਲਾਜ ਲਈ ਗਊਸ਼ਾਲਾ ਭੇਜਿਆ ਗਿਆ ਹੈ।
ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਡੇਰਾਬੱਸੀ-ਮੁਬਾਰਕਪੁਰ ਸੜਕ ’ਤੇ ਬੇਸਹਾਰਾ ਪਸ਼ੂਆਂ ਦਾ ਘੁੰਮਣਾ ਇਕ ਵੱਡੀ ਸਮੱਸਿਆ ਬਣ ਚੁੱਕਾ ਹੈ। ਇਨ੍ਹਾਂ ਪਸ਼ੂਆਂ ਕਾਰਨ ਆਏ ਦਿਨ ਹਾਦਸੇ ਵਾਪਰਦੇ ਰਹਿੰਦੇ ਹਨ, ਜਿਸ ਨਾਲ ਲੋਕਾਂ ਦੀ ਜਾਨ-ਮਾਲ ਦਾ ਖ਼ਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਬੇਸਹਾਰਾ ਪਸ਼ੂਆਂ ਨੂੰ ਸੜਕਾਂ ਤੋਂ ਹਟਾ ਕੇ ਕਿਸੇ ਸੁਰੱਖਿਅਤ ਥਾਂ ’ਤੇ ਭੇਜਿਆ ਜਾਵੇ ਤਾਂ ਜੋ ਭਵਿੱਖ ਵਿਚ ਅਜਿਹੇ ਹਾਦਸਿਆਂ ਨੂੰ ਰੋਕਿਆ ਜਾ ਸਕੇ।