ਤੇਜ਼ ਰਫ਼ਤਾਰ ਕਾਰ ਨੇ ਬਾਈਕ ਸਵਾਰ ਨੂੰ ਕੁਚਲਿਆ, ਪਿਓ ਦੀਆਂ ਅੱਖਾਂ ਸਾਹਮਣੇ ਹੋਈ ਪੁੱਤ ਦੀ ਮੌਤ
ਤੇਜ਼ ਰਫ਼ਤਾਰ ਕਾਰ ਨੇ ਬਾਈਕ ਸਵਾਰ ਨੌਜਵਾਨ ਨੂੰ ਕੁਚਲਿਆ, ਪਿਤਾ ਦੀਆਂ ਅੱਖਾਂ ਸਾਹਮਣੇ ਹੋਈ ਪੁੱਤ ਦੀ ਮੌਤ
Publish Date: Tue, 10 Feb 2026 09:26 PM (IST)
Updated Date: Wed, 11 Feb 2026 04:15 AM (IST)

ਟੀਪੀਐੱਸ ਗਿੱਲ, ਪੰਜਾਬੀ ਜਾਗਰਣ ਜ਼ੀਰਕਪੁਰ : ਢਕੌਲੀ-ਡੇਰਾਬੱਸੀ ਰੋਡ ਤੇ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿਚ 22 ਸਾਲਾ ਨੌਜਵਾਨ ਦੀ ਮੌਤ ਹੋ ਗਈ। ਇਹ ਹਾਦਸਾ ਇੰਨਾ ਦਰਦਨਾਕ ਸੀ ਕਿ ਪਿੱਛੇ ਹੀ ਦੂਜੇ ਮੋਟਰਸਾਈਕਲ ਤੇ ਆ ਰਹੇ ਪਿਤਾ ਦੀਆਂ ਅੱਖਾਂ ਸਾਹਮਣੇ ਹੀ ਤੇਜ਼ ਰਫ਼ਤਾਰ ਕਾਰ ਨੇ ਉਸ ਦੇ ਜਵਾਨ ਪੁੱਤ ਨੂੰ ਕੁਚਲ ਦਿੱਤਾ। ਪੁਲਿਸ ਨੇ ਮੁਲਜ਼ਮ ਕਾਰ ਚਾਲਕ ਵਿਰੁੱਧ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ’ਚ ਹੁਸ਼ਿਆਰਪੁਰ ਵਾਸੀ ਲਖਵਿੰਦਰ ਬਾਵਾ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਹਰਸ਼ ਬਾਵਾ ਪੰਚਕੂਲਾ ’ਚ ਪ੍ਰਾਈਵੇਟ ਨੌਕਰੀ ਕਰਦਾ ਸੀ। 9 ਫਰਵਰੀ ਦੀ ਸ਼ਾਮ ਕਰੀਬ 4:15 ਵਜੇ ਹਰਸ਼ ਆਪਣੇ ਮੋਟਰਸਾਈਕਲ ਤੇ ਡਿਊਟੀ ਤੋਂ ਘਰ ਪਰਤ ਰਿਹਾ ਸੀ। ਲਖਵਿੰਦਰ ਖ਼ੁਦ ਵੀ ਆਪਣੇ ਮੋਟਰਸਾਈਕਲ ਤੇ ਉਸ ਦੇ ਪਿੱਛੇ-ਪਿੱਛੇ ਆ ਰਿਹਾ ਸੀ। ਜਦੋਂ ਉਹ ਨਗਲਾ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਨੇੜੇ ਪਹੁੰਚੇ ਤਾਂ ਪਿੱਛੇ ਤੋਂ ਆ ਰਹੀ ਇਕ ਤੇਜ਼ ਰਫ਼ਤਾਰ ਕਾਰ ਨੇ ਹਰਸ਼ ਦੇ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਲੱਗਣ ਕਾਰਨ ਹਰਸ਼ ਸੜਕ ਤੇ ਡਿੱਗ ਗਿਆ, ਜਿਸ ਤੋਂ ਬਾਅਦ ਬੇਕਾਬੂ ਕਾਰ ਚਾਲਕ ਨੇ ਗੱਡੀ ਹਰਸ਼ ਦੇ ਉੱਪਰੋਂ ਦੀ ਲੰਘਾ ਦਿੱਤੀ। ਹਾਦਸੇ ਤੋਂ ਬਾਅਦ ਮੌਕੇ ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ ਅਤੇ ਕਾਰ ਚਾਲਕ ਦੀ ਪਛਾਣ ਸੋਹਣ ਸਿੰਘ, ਨਿਵਾਸੀ ਲਾਲੜੂ ਵਜੋਂ ਹੋਈ। ਗੰਭੀਰ ਜ਼ਖ਼ਮੀ ਹਰਸ਼ ਨੂੰ ਤੁਰੰਤ ਢਕੌਲੀ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਲਖਵਿੰਦਰ ਬਾਵਾ ਦੇ ਬਿਆਨਾਂ ਦੇ ਆਧਾਰ ਤੇ ਕਾਰ ਚਾਲਕ ਸੋਹਣ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।