ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਸਜਾਇਆ
ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਸਜਾਇਆ
Publish Date: Sun, 04 Jan 2026 07:48 PM (IST)
Updated Date: Sun, 04 Jan 2026 07:50 PM (IST)

ਗੁਰਪ੍ਰੀਤ ਸਿੰਘ ਮਨੀ ਸੁਮਨ, ਪੰਜਾਬੀ ਜਾਗਰਣ, ਮੁੱਲਾਂਪੁਰ ਗਰੀਬਦਾਸ : ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹੋਏ ਮਹਾਨ ਨਗਰ ਕੀਰਤਨ ਗੁਰਦੁਆਰਾ ਨਾਨਕ ਦਰਬਾਰ ਪ੍ਰਬੰਧਕ ਕਮੇਟੀ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਜਾਇਆ ਗਿਆ। ਇਸ ਦੌਰਾਨ ਪ੍ਰਧਾਨ ਦੇਸ ਰਾਜ ਸਿੰਘ ਨੇ ਦੱਸਿਆ ਕਿ ਇਹ ਮਹਾਨ ਨਗਰ ਕੀਰਤਨ ਲਗਾਤਾਰ 26 ਸਾਲਾ ਤੋਂ ਇਲਾਕਾ ਨਿਵਾਸੀ ਸਮੂਹ ਸੰਗਤ ਦੇ ਸਹਿਯੋਗ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਸਜਾਇਆ ਜਾਂਦਾ ਹੈ। ਇਹ ਨਗਰ ਕੀਰਤਨ ਮੁੱਲਾਂਪੁਰ ਗਰੀਬਦਾਸ ਤੋਂ ਆਰੰਭ ਹੋ ਕੇ ਇਕੋ ਸਿਟੀ ਵਨ, ਪਿੰਡ ਫਿਰੋਜ਼ਪੁਰ, ਭੜੌਜੀਆਂ, ਸਲਾਮਤਪੁਰ, ਰਸੂਲਪੁਰ, ਢੋਢੇ ਮਾਜਰਾ, ਰਾਣੀ ਮਾਜਰਾ, ਸੈਣੀ ਮਾਜਰਾ, ਓਮੈਕਸ ਕਾਸੀਆ, ਪੈਂਤਪੁਰ, ਰਤਵਾੜਾ ਪਿੰਡ ਤੋਂ ਹੁੰਦਾ ਹੋਇਆ ਗੁਰਦੁਆਰਾ ਨਾਨਕ ਦਰਬਾਰ ਵਿਖੇ ਸੰਪੂਰਨ ਹੋਇਆ। ਇਸ ਮੌਕੇ ਸਿੱਖ ਮੁਸਲਿਮ ਸਾਂਝਾ ਸੰਸਥਾ ਦੇ ਪ੍ਰਧਾਨ ਡਾ. ਨਸੀਰ ਅਖ਼ਤਰ ਮਲੇਰਕੋਟਲੇ ਵਾਲੇ ਦੀ ਦੇਖਰੇਖ ਵਿਚ ਮੁਹੰਮਦ ਸਲੀਮ ਖਾਨ ਸਾਬਕਾ ਸਰਪੰਚ ਬੂਟਾ ਖਾਨ ਅਤੇ ਸਿੱਖ ਮੁਸਲਿਮ ਸਾਂਝਾ ਸੰਸਥਾ ਦੇ ਮੈਂਬਰਾਂ ਵੱਲੋਂ ਨਗਰ ਕੀਰਤਨ ਲਈ ਲੰਗਰ ਲਗਾਇਆ ਗਿਆ। ਇਸ ਮੌਕੇ ਨਿਹੰਗ ਸਿੰਘਾਂ ਵੱਲੋਂ ਸੂਰਬੀਰ ਯੋਧਿਆਂ ਦੀ ਖੇਡ ਗੱਤਕੇ ਦੇ ਜੌਹਰ ਵਿਖਾਏ ਗਏ। ਇਲਾਕੇ ਦੀ ਸੰਗਤ ਵੱਲੋਂ ਗੱਡੀਆਂ, ਕਾਰਾਂ, ਟਰੈਕਟਰ-ਟਰਾਲੀਆਂ, ਬੱਸਾਂ ਨਾਲ ਸ਼ਾਮਲ ਹੋ ਕੇ ਨਗਰ ਕੀਰਤਨ ਦੀ ਸ਼ੋਭਾ ਵਧਾਈ ਗਈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸ਼ਿਆਮ ਲਾਲ ਮਾਜਰੀਆ , ਆਮ ਆਦਮੀ ਪਾਰਟੀ ਦੇ ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਪਰਵਿੰਦਰ ਗੋਲਡੀ, ਕਾਂਗਰਸ ਤੋਂ ਬਲਾਕ ਸੰਮਤੀ ਮੈਂਬਰ ਸਤੀਸ਼ ਕੁਮਾਰ ਸੇਠੀ, ਜਸਪਾਲ ਸਿੰਘ ਪਾਲਾ, ਅਮਨਦੀਪ ਸਿੰਘ ਰੋਕੀ, ਕਮਲ ਅਰੋੜਾ ਅਤੇ ਹੋਰ ਵਰਕਰਾਂ ਵੱਲੋਂ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋ ਕੇ ਹਾਜ਼ਰੀ ਲਗਵਾਈ ਗਈ। ਇਸ ਮੌਕੇ ਇਲਾਕੇ ਦੇ ਪਿੰਡਾਂ ਵਿਚ ਸੰਗਤ ਵੱਲੋਂ ਚਾਹ ਬਰੈੱਡ, ਪਕੌੜੇ, ਖੀਰ, ਮਿੱਠੇ ਚੌਲ ਆਦਿ ਦੇ ਲੰਗਰ ਲਗਾਏ ਗਏ। ਪ੍ਰਕਾਸ਼ ਪੁਰਬ ਨੂੰ ਸਮਰਪਿਤ ਲਿਬਾਸਾ ਹਸਪਤਾਲ ਅਤੇ ਐੱਸਬੀਆਈ ਬੈਂਕ ਦੀ ਟੀਮ ਵੱਲੋਂ ਖ਼ੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿਚ ਇਲਾਕੇ ਦੇ ਲੋਕਾਂ ਵੱਲੋਂ ਖ਼ੂਨਦਾਨ ਕੀਤਾ ਗਿਆ। ਇਸ ਮੌਕੇ ਪ੍ਰਧਾਨ ਦੇਸਰਾਜ ਸਿੰਘ, ਗਿਆਨੀ ਹਿੰਮਤ ਸਿੰਘ, ਗਿਆਨੀ ਸੇਵਾ ਸਿੰਘ, ਸਤਬੀਰ ਸਿੰਘ ਰਾਜਾ, ਗਿਆਨੀ ਭੁਪਿੰਦਰ ਸਿੰਘ, ਗਿਆਨੀ ਰਜਿੰਦਰ ਸਿੰਘ, ਅਮਰੀਕ ਸਿੰਘ, ਭਗਤ ਸਿੰਘ ਵੱਲੋਂ ਨਗਰ ਕੀਰਤਨ ਵਿਚ ਸ਼ਾਮਲ ਹੋਈ ਸੰਗਤਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ ਗਈਆਂ।