ਅਨਾਜ ਮੰਡੀ ਨੇੜੇ ਸ਼ਰਾਬ ਦੇ ਠੇਕੇ ਅਤੇ ਅਹਾਤੇ ਨੂੰ ਚੁਕਵਾਉਣ ਲਈ ਮੰਗ ਪੱਤਰ ਦਿੱਤਾ
ਅਨਾਜ ਮੰਡੀ ਨੇੜੇ ਸ਼ਰਾਬ ਦੇ ਠੇਕੇ ਅਤੇ ਅਹਾਤੇ ਨੂੰ ਚੁਕਵਾਉਣ ਲਈ ਮੰਗ ਪੱਤਰ ਦਿੱਤਾ
Publish Date: Fri, 28 Nov 2025 05:18 PM (IST)
Updated Date: Fri, 28 Nov 2025 05:20 PM (IST)

ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਅਨਾਜ ਮੰਡੀ ਖਰੜ ਨੇੜੇ ਸ਼ਰਾਬ ਦੇ ਠੇਕੇ ਅਤੇ ਅਹਾਤੇ ਨੂੰ ਚੁਕਵਾਉਣ ਦੀ ਮੰਗ ਨੂੰ ਲੈ ਕੇ ਬਾਬਾ ਫ਼ਤਹਿ ਸਿੰਘ ਨਗਰ ਅਤੇ ਗੋਲਡਨ ਸਿਟੀ ਦੇ ਵਸਨੀਕਾਂ ਨੇ ਏਡੀਸੀ ਗੀਤਿਕਾ ਸਿੰਘ ਨੂੰ ਡਿਪਟੀ ਕਮਿਸ਼ਨਰ ਮੁਹਾਲੀ ਦੇ ਨਾਮ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਅਨਾਜ ਮੰਡੀ ਦੇ ਗੇਟ ਦੇ ਨਜ਼ਦੀਕ ਗ਼ੈਰ-ਕਾਨੂੰਨੀ ਤੌਰ ’ਤੇ ਖੁੱਲੇ ਸ਼ਰਾਬ ਦੇ ਠੇਕੇ ਅਤੇ ਇਸ ਦੇ ਨਾਲ ਬਣੇ ਅਹਾਤੇ ਨੂੰ ਬੰਦ ਕਰਵਾਇਆ ਜਾਵੇ। ਮੰਗ ਪੱਤਰ ਵਿਚ ਕਿਹਾ ਗਿਆ ਹੈ ਕਿ ਇਸ ਠੇਕੇ ਅਤੇ ਅਹਾਤੇ ਕਾਰਨ ਨਗਰ ਨਿਵਾਸੀਆਂ ਅਤੇ ਰਾਹਗੀਰਾਂ ਨੂੰ ਆਉਣ ਜਾਣ ਵਿਚ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਸ਼ਾਮ ਸਮੇਂ ਬਹੁਤ ਸ਼ੋਰ ਸ਼ਰਾਬਾ ਹੁੰਦਾ ਹੈ ਅਤੇ ਖ਼ਾਸ ਕਰਕੇ ਇਸਤਰੀਆਂ ਵਾਸਤੇ ਇਥੋਂ ਲੰਘਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਪੱਤਰ ਵਿਚ ਕਿਹਾ ਗਿਆ ਹੈ ਕਿ ਉਕਤ ਕਾਲੋਨੀਆਂ ਦਾ ਇਹ ਹੀ ਰਸਤਾ ਹੈ, ਇਸ ਲਈ ਇਸ ਠੇਕੇ ਨੂੰ ਇਸ ਥਾਂ ਤੋਂ ਚੁਕਵਾਇਆ ਜਾਵੇ। ਇਸ ਮੌਕੇ ਪ੍ਰੋਗਰੈਸਿਵ ਫਰੰਟ ਪੰਜਾਬ ਦੇ ਪ੍ਰਧਾਨ ਹਰਮਿੰਦਰ ਸਿੰਘ ਮਾਵੀ ਨੇ ਕਿਹਾ ਕਿ ਇਕ ਪਾਸੇ ਸਰਕਾਰ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਚਲਾ ਰਹੀ ਹੈ। ਦੂਸਰੇ ਪਾਸੇ ਸ਼ਰਾਬ ਦੇ ਨਾਜਾਇਜ਼ ਠੇਕੇ ਧੜਾਧੜ ਖੁੱਲ੍ਹ ਰਹੇ ਹਨ, ਜਿਸ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਜੇਕਰ ਜਲਦ ਇਸ ਠੇਕੇ ਨੂੰ ਬੰਦ ਨਾ ਕਰਵਾਇਆ ਗਿਆ ਤਾਂ ਸਾਰੇ ਨਗਰ ਨਿਵਾਸੀ ਅਤੇ ਸਮੂਹ ਪ੍ਰੋਗਰੈਸਿਵ ਫਰੰਟ ਪੰਜਾਬ ਦੇ ਆਗੂ ਅਤੇ ਅਹੁਦੇਦਾਰ ਇਸ ਵਿਰੁੱਧ ਵੱਡਾ ਸੰਘਰਸ਼ ਕਰਨਗੇ।