ਸਪਾ ਸੈਂਟਰ ਦੀ ਆੜ ਹੇਠ ਚੱਲ ਰਹੇ ਦੇ ਵਪਾਰ ਦੇ ਧੰਦੇ ਦਾ ਭਾਂਡਾ ਭੰਨਿਆ
ਸਪਾ ਸੈਂਟਰ ਦੀ ਆੜ ਹੇਠ ਚੱਲ ਰਹੇ ਦੇ ਵਪਾਰ ਦੇ ਧੰਦੇ ਦਾ ਭਾਂਡਾਫੋੜ, 6 ਲੜਕੀਆਂ ਨੂੰ ਕੀਤਾ ਰੈਸਕਿਊ,
Publish Date: Wed, 03 Dec 2025 07:10 PM (IST)
Updated Date: Wed, 03 Dec 2025 07:11 PM (IST)

6 ਲੜਕੀਆਂ ਨੂੰ ਕੀਤਾ ਰੈਸਕਿਊ, ਡਿਊਟੀ ਮੈਜਿਸਟਰੇਟ ਦੀ ਨਿਗਰਾਨੀ ਹੇਠ ਸਪਾ ਸੈਂਟਰ ਸੀਲ ਟੀਪੀਐੱਸ ਗਿੱਲ, ਪੰਜਾਬੀ ਜਾਗਰਣ, ਜ਼ੀਕਰਪੁਰ : ਪੁਲਿਸ ਨੇ ਮੰਗਲਵਾਰ ਰਾਤ ਨੂੰ ਵੀਆਈਪੀ ਰੋਡ ਤੇ ਇਕ ਹਾਈ-ਪ੍ਰੋਫਾਈਲ ਸਪਾ ਸੈਂਟਰ ਦੀ ਆੜ ਵਿਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਕਰਨ ਲਈ ਇਕ ਵੱਡੀ ਕਾਰਵਾਈ ਕੀਤੀ। ਪੁਲਿਸ ਨੇ ਦੇਰ ਰਾਤ ਵੀਆਈਪੀ ਸੈਂਟਰਲ ਮਾਰਕੀਟ ਦੀ ਪਹਿਲੀ ਮੰਜ਼ਿਲ ਤੇ ਸਥਿਤ ਸਕਾਈ ਹਾਈ ਸਪਾ ਐਂਡ ਸੈਲੂਨ ਨਾਮਕ ਸਪਾ ਸੈਂਟਰ ਤੇ ਛਾਪਾ ਮਾਰਿਆ ਅਤੇ ਮੌਕੇ ਤੋਂ ਛੇ ਲੜਕੀਆਂ ਨੂੰ ਰੈਸਕਿਊ ਕਰਕੇ ਛੁਡਵਾਇਆ ਗਿਆ ਹੈ। ਪੁਲਿਸ ਨੂੰ ਸਕਾਈ ਹਾਈ ਸਪਾ ਵਿਰੁੱਧ ਵਾਰ-ਵਾਰ ਸ਼ਿਕਾਇਤਾਂ ਮਿਲ ਰਹੀਆਂ ਸਨ। ਇਨ੍ਹਾਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ, ਪੁਲਿਸ ਟੀਮ ਨੇ ਰਾਤ 9 ਵਜੇ ਦੇ ਕਰੀਬ ਸਪਾ ਸੈਂਟਰ ਤੇ ਛਾਪਾ ਮਾਰਿਆ। ਇਸ ਅਚਾਨਕ ਕਾਰਵਾਈ ਦੌਰਾਨ ਸਪਾ ਸੈਂਟਰ ਵਿਚ ਇੱਕਦਮ ਹੜਕੰਪ ਮਚ ਗਿਆ। ਪੁਲਿਸ ਵੱਲੋਂ ਛਾਪਾਮਾਰੀ ਰਾਤ 11 ਵਜੇ ਤੱਕ ਜਾਰੀ ਰਹੀ, ਜਿਸ ਤੋਂ ਬਾਅਦ ਡਿਊਟੀ ਮੈਜਿਸਟਰੇਟ ਦੀ ਨਿਗਰਾਨੀ ਹੇਠ ਪੂਰੇ ਸਪਾ ਸੈਂਟਰ ਨੂੰ ਸੀਲ ਕਰ ਦਿੱਤਾ ਗਿਆ। ਪੁਲਿਸ ਨੇ ਸਪਾ ਦੇ ਮਾਲਕ ਅਤੇ ਸੰਚਾਲਕ ਵਿਰੁੱਧ ਸਬੰਧਤ ਧਾਰਾਵਾਂ ਤਹਿਤ ਗੰਭੀਰ ਮਾਮਲਾ ਦਰਜ ਕਰ ਲਿਆ ਹੈ। ਏਐੱਸਪੀ ਗ਼ਜ਼ਲਪ੍ਰੀਤ ਕੌਰ (ਆਈਪੀਐੱਸ) ਨੇ ਇਸ ਪੂਰੇ ਮਾਮਲੇ ਤੇ ਸਖ਼ਤ ਰੁਖ਼ ਅਪਣਾਇਆ ਹੈ। ਉਨ੍ਹਾਂ ਸਪੱਸ਼ਟ ਤੌਰ ਤੇ ਕਿਹਾ ਹੈ ਕਿ ਗ਼ੈਰ-ਕਾਨੂੰਨੀ ਸਪਾ ਸੈਂਟਰਾਂ ਵਿਰੁੱਧ ਪੁਲਿਸ ਕਾਰਵਾਈ ਇਸੇ ਤਰ੍ਹਾਂ ਜਾਰੀ ਰਹੇਗੀ। ਏਐੱਸਪੀ ਨੇ ਸਖ਼ਤ ਚੇਤਾਵਨੀ ਜਾਰੀ ਕਰਦਿਆਂ ਕਿਹਾ ਕਿ ਨਾ ਸਿਰਫ਼ ਸਪਾ ਸੈਂਟਰਾਂ ਨੂੰ ਸੀਲ ਕੀਤਾ ਜਾਵੇਗਾ, ਸਗੋਂ ਅਜਿਹੀਆਂ ਗਤੀਵਿਧੀਆਂ ਵਿਚ ਸ਼ਾਮਲ ਸਪਾ ਸੈਂਟਰਾਂ ਨੂੰ ਆਪਣੀਆਂ ਇਮਾਰਤਾਂ ਜਾਂ ਸ਼ੋਅਰੂਮ ਕਿਰਾਏ ਤੇ ਦੇਣ ਵਾਲਿਆਂ ਤੇ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਹ ਕਾਰਵਾਈ ਉਨ੍ਹਾਂ ਲੋਕਾਂ ਲਈ ਸਬਕ ਹੈ ਜੋ ਕੁਝ ਪੈਸਿਆਂ ਦੀ ਖ਼ਾਤਰ ਅਨੈਤਿਕ ਵਪਾਰ ਨੂੰ ਉਤਸ਼ਾਹਤ ਕਰਦੇ ਹਨ।