ਜਾਂਚ ਏਜੰਸੀਆਂ ਮੁਤਾਬਕ ਇਸ ਫਰਮ ਦੇ ਖਾਤਿਆਂ ਵਿੱਚ ਹਰਿਆਣਾ ਸਰਕਾਰ ਦੇ ਵੱਖ-ਵੱਖ ਵਿਭਾਗਾਂ ਤੋਂ ਡਾਈਵਰਟ ਕੀਤੇ ਗਏ ਲਗਭਗ 45 ਕਰੋੜ ਰੁਪਏ ਪਹੁੰਚੇ ਸਨ। ਪੁਲਿਸ ਦੇ ਅਨੁਸਾਰ ਅੰਕੁਰ ਸ਼ਰਮਾ ਨੇ ਇਸ ਪੂਰੇ ਮਾਮਲੇ ਵਿੱਚ ਰਿਭਵ ਰਿਸ਼ੀ ਦੀ ਮਦਦ ਕਰਦਿਆਂ ਸਰਕਾਰੀ ਫੰਡ ਨੂੰ ਗੈਰਕਾਨੂੰਨੀ ਢੰਗ ਨਾਲ ਹੋਰ ਖਾਤਿਆਂ ਵਿੱਚ ਟ੍ਰਾਂਸਫਰ ਕਰਨ ਵਿੱਚ ਸਰਗਰਮ ਭੂਮਿਕਾ ਨਿਭਾਈ।

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਚੰਡੀਗੜ੍ਹ : ਹਰਿਆਣਾ ਸਰਕਾਰ ਨਾਲ ਜੁੜੇ 590 ਕਰੋੜ ਰੁਪਏ ਦੇ ਫੰਡ ਵਿੱਚ ਕਥਿਤ ਗੜਬੜੀ ਦੇ ਮਾਮਲੇ ਵਿਚ ਪੁਲਿਸ ਨੇ ਇਕ ਹੋਰ ਅਹਿਮ ਗ੍ਰਿਫਤਾਰੀ ਕੀਤੀ ਹੈ। ਇਸ ਮਾਮਲੇ ਵਿਚ ਸ਼ਾਮਲ ਅੰਕੁਰ ਸ਼ਰਮਾ ਨਿਵਾਸੀ ਨਯਾਗਾਂਵ (ਪੰਜਾਬ) ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਅੰਕੁਰ ਸ਼ਰਮਾ ਜੁਲਾਈ 2024 ਵਿਚ ਬਣਾਈ ਗਈ ਕੰਪਨੀ ਐੱਸਆਰਆਰ ਪਲਾਨਿੰਗ ਗਰੁੱਪ ਪ੍ਰਾ. ਲਿ. ਵਿਚ ਪਾਰਟਨਰ ਸੀ। ਇਸ ਕੰਪਨੀ ਵਿਚ ਉਸਦੀ 50 ਫੀਸਦੀ ਹਿੱਸੇਦਾਰੀ ਸੀ, ਜਦਕਿ ਬਾਕੀ 50 ਫੀਸਦੀ ਹਿੱਸੇਦਾਰੀ ਰਿਭਵ ਦੀ ਮਾਂ ਦੇ ਨਾਮ ਦੱਸੀ ਗਈ ਹੈ। ਜਾਂਚ ਏਜੰਸੀਆਂ ਮੁਤਾਬਕ ਇਸ ਫਰਮ ਦੇ ਖਾਤਿਆਂ ਵਿੱਚ ਹਰਿਆਣਾ ਸਰਕਾਰ ਦੇ ਵੱਖ-ਵੱਖ ਵਿਭਾਗਾਂ ਤੋਂ ਡਾਈਵਰਟ ਕੀਤੇ ਗਏ ਲਗਭਗ 45 ਕਰੋੜ ਰੁਪਏ ਪਹੁੰਚੇ ਸਨ। ਪੁਲਿਸ ਦੇ ਅਨੁਸਾਰ ਅੰਕੁਰ ਸ਼ਰਮਾ ਨੇ ਇਸ ਪੂਰੇ ਮਾਮਲੇ ਵਿੱਚ ਰਿਭਵ ਰਿਸ਼ੀ ਦੀ ਮਦਦ ਕਰਦਿਆਂ ਸਰਕਾਰੀ ਫੰਡ ਨੂੰ ਗੈਰਕਾਨੂੰਨੀ ਢੰਗ ਨਾਲ ਹੋਰ ਖਾਤਿਆਂ ਵਿੱਚ ਟ੍ਰਾਂਸਫਰ ਕਰਨ ਵਿੱਚ ਸਰਗਰਮ ਭੂਮਿਕਾ ਨਿਭਾਈ।
ਜਾਂਚ ਏਜੰਸੀ ਦਾ ਕਹਿਣਾ ਹੈ ਕਿ ਮਾਮਲਾ ਵੱਡੇ ਪੱਧਰ ’ਤੇ ਸਰਕਾਰੀ ਫੰਡ ਦੀ ਹੇਰਾਫੇਰੀ ਨਾਲ ਜੁੜਿਆ ਹੋਇਆ ਹੈ ਅਤੇ ਜਾਂਚ ਅਜੇ ਅਧੂਰੀ ਹੈ। ਇਸ ਲਈ ਅੰਕੁਰ ਸ਼ਰਮਾ ਤੋਂ ਗਹਿਰਾਈ ਨਾਲ ਪੁੱਛਗਿੱਛ ਕਰਨ ਲਈ ਪੁਲਿਸ ਰਿਮਾਂਡ ਮੰਗੀ ਗਈ ਹੈ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਦੋਸ਼ੀ ਦੇ ਨਾਮ ’ਤੇ ਆਈਡੀਐਫਸੀ ਫਰਸਟ ਬੈਂਕ ਅਤੇ ਏਯੂ ਸਮਾਲ ਬੈਂਕ ਵਿਚ ਖੋਲ੍ਹੇ ਗਏ ਖਾਤਿਆਂ ਵਿੱਚ ਕਰੋੜਾਂ ਰੁਪਏ ਦਾ ਸਰਕਾਰੀ ਫੰਡ ਜਮ੍ਹਾਂ ਹੈ। ਪੁਲਿਸ ਨੂੰ ਸ਼ੱਕ ਹੈ ਕਿ ਇਨ੍ਹਾਂ ਖਾਤਿਆਂ ਰਾਹੀਂ ਫਰਜ਼ੀ ਲੈਣ-ਦੇਣ ਕਰਕੇ ਰਕਮ ਨੂੰ ਵੱਖ-ਵੱਖ ਥਾਵਾਂ ’ਤੇ ਟ੍ਰਾਂਸਫਰ ਕੀਤਾ ਗਿਆ।
ਬੈਂਕ ਅਧਿਕਾਰੀਆਂ ਅਤੇ ਹੋਰ ਲੋਕਾਂ ਨਾਲ ਸੰਬੰਧਾਂ ਦੀ ਜਾਂਚ
ਜਾਂਚ ਏਜੰਸੀਆਂ ਮੁਤਾਬਕ ਮੁਲਜ਼ਮ ਤੋਂ ਪੁੱਛਗਿੱਛ ਕਰਕੇ ਇਹ ਪਤਾ ਲਗਾਇਆ ਜਾਵੇਗਾ ਕਿ ਇਸ ਪੂਰੇ ਨੈੱਟਵਰਕ ਵਿੱਚ ਬੈਂਕ ਅਧਿਕਾਰੀਆਂ, ਨਿੱਜੀ ਵਿਅਕਤੀਆਂ ਅਤੇ ਸਰਕਾਰੀ ਕਰਮਚਾਰੀਆਂ ਦੀ ਕੀ ਭੂਮਿਕਾ ਰਹੀ। ਇਸ ਤੋਂ ਇਲਾਵਾ ਐਸ ਆਰ ਆਰ ਗੁਰੱਪ ਪ੍ਰਾ. ਲਿ. ਦੇ ਗਠਨ ਅਤੇ ਸੰਚਾਲਨ ਨਾਲ ਜੁੜੇ ਦਸਤਾਵੇਜ਼ ਵੀ ਬਰਾਮਦ ਕੀਤੇ ਜਾਣੇ ਹਨ।
ਪੁਲਿਸ ਮੁਲਜ਼ਮ ਨੂੰ ਫਰਮ ਦੇ ਖਾਤੇ ਵਿੱਚ ਹੋਈ ਹਰ ਕ੍ਰੈਡਿਟ ਅਤੇ ਡੈਬਿਟ ਐਂਟਰੀ ਬਾਰੇ ਵੀ ਸਾਹਮਣੇ ਬਿਠਾ ਕੇ ਪੁੱਛਗਿੱਛ ਕਰੇਗੀ, ਤਾਂ ਜੋ ਇਹ ਪਤਾ ਲੱਗ ਸਕੇ ਕਿ ਅੰਤਿਮ ਲਾਭਪਾਤਰੀ ਕੌਣ ਸਨ ਅਤੇ ਕਿਹੜੇ ਸਾਧਨਾਂ ਜਾਂ ਰਿਕਾਰਡਾਂ ਰਾਹੀਂ ਇਹ ਫਰਜ਼ੀ ਲੈਣ-ਦੇਣ ਕੀਤੇ ਗਏ।
ਦੋ ਮੁਲਜ਼ਮਾਂ ਨੂੰ 14 ਦਿਨ ਦੀ ਨਿਆਂਇਕ ਹਿਰਾਸਤ
ਇਸ ਮਾਮਲੇ ਵਿੱਚ ਪਹਿਲਾਂ ਹੀ ਗ੍ਰਿਫਤਾਰ ਪ੍ਰਿਯੰਕਾ ਭਟੋਆ ਅਤੇ ਅਨੁਜ ਕੌਸ਼ਲ ਨੂੰ ਅਦਾਲਤ ਵਿੱਚ ਪੇਸ਼ ਕਰਕੇ 14 ਦਿਨ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਜੇ ਅੱਗੇ ਜਾਂਚ ਵਿੱਚ ਲੋੜ ਪਈ ਤਾਂ ਇਨ੍ਹਾਂ ਲਈ ਵੱਖੋਂ ਪੁਲਿਸ ਰਿਮਾਂਡ ਦੀ ਅਰਜ਼ੀ ਵੀ ਦਿੱਤੀ ਜਾ ਸਕਦੀ ਹੈ।
ਜਾਂਚ ਏਜੰਸੀ ਮੁਤਾਬਕ ਇਹ ਮਾਮਲਾ ਕਰੋੜਾਂ ਰੁਪਏ ਦੇ ਸਰਕਾਰੀ ਫੰਡ ਦੀ ਠੱਗੀ, ਜਾਲਸਾਜ਼ੀ ਅਤੇ ਗਬਨ ਨਾਲ ਜੁੜਿਆ ਹੋਇਆ ਹੈ ਅਤੇ ਪੂਰੇ ਨੈੱਟਵਰਕ ਦਾ ਖੁਲਾਸਾ ਕਰਨ ਲਈ ਜਾਂਚ ਜਾਰੀ ਹੈ।