ਵਾਈ ਪੂਰਨ ਕੁਮਾਰ ਦੀ ਮੌਤ ਮਾਮਲੇ ’ਚ 31 ਮੈਂਬਰੀ ਕਮੇਟੀ ਨੇ ਚੰਡੀਗੜ੍ਹ ਪ੍ਰਸ਼ਾਸਨ ਤੇ ਹਰਿਆਣਾ ਸਰਕਾਰ ਨੂੰ ਦਿੱਤਾ 48 ਘੰਟਿਆਂ ਦਾ ਅਲਟੀਮੇਟਮ
ਕਮੇਟੀ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਤੈਅ ਸਮੇਂ ਅੰਦਰ ਦੋਸ਼ੀਆਂ ਖ਼ਿਲਾਫ਼ ਕਾਰਵਾਈ ਨਾ ਕੀਤੀ ਗਈ, ਤਾਂ ਵੱਡੇ ਪੱਧਰ ’ਤੇ ਰੋਸ ਪ੍ਰਦਰਸ਼ਨ ਤੇ ਹਰਿਆਣਾ ਰਾਜਪਾਲ ਭਵਨ ਦਾ ਘਿਰਾਓ ਕੀਤਾ ਜਾਵੇਗਾ। ਇਸ ਅੰਦੋਲਨ ਨੂੰ ਚੰਡੀਗੜ੍ਹ ਦੇ ਸੈਨੀਟੇਸ਼ਨ ਵਰਕਰਾਂ (ਸਫ਼ਾਈ ਕਰਮਚਾਰੀਆਂ) ਦਾ ਵੀ ਸਮਰਥਨ ਮਿਲੇਗਾ।
Publish Date: Mon, 13 Oct 2025 08:41 AM (IST)
Updated Date: Mon, 13 Oct 2025 08:44 AM (IST)

ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਹਰਿਆਣਾ ਦੇ ਆਈਪੀਐੱਸ ਅਧਿਕਾਰੀ ਵਾਈ ਪੂਰਨ ਕੁਮਾਰ ਦੀ ਮੌਤ ਮਾਮਲੇ ’ਚ ਇਨਸਾਫ਼ ਦੀ ਮੰਗ ਲਈ ਬਣੀ 31 ਮੈਂਬਰੀ ਕਮੇਟੀ ਨੇ ਚੰਡੀਗੜ੍ਹ ਪ੍ਰਸ਼ਾਸਨ ਤੇ ਹਰਿਆਣਾ ਸਰਕਾਰ ਨੂੰ 48 ਘੰਟਿਆਂ ਦਾ ਅਲਟੀਮੇਟਮ ਦਿੱਤਾ ਹੈ। ਕਮੇਟੀ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਤੈਅ ਸਮੇਂ ਅੰਦਰ ਦੋਸ਼ੀਆਂ ਖ਼ਿਲਾਫ਼ ਕਾਰਵਾਈ ਨਾ ਕੀਤੀ ਗਈ, ਤਾਂ ਵੱਡੇ ਪੱਧਰ ’ਤੇ ਰੋਸ ਪ੍ਰਦਰਸ਼ਨ ਤੇ ਹਰਿਆਣਾ ਰਾਜਪਾਲ ਭਵਨ ਦਾ ਘਿਰਾਓ ਕੀਤਾ ਜਾਵੇਗਾ। ਇਸ ਅੰਦੋਲਨ ਨੂੰ ਚੰਡੀਗੜ੍ਹ ਦੇ ਸੈਨੀਟੇਸ਼ਨ ਵਰਕਰਾਂ (ਸਫ਼ਾਈ ਕਰਮਚਾਰੀਆਂ) ਦਾ ਵੀ ਸਮਰਥਨ ਮਿਲੇਗਾ। ਐਤਵਾਰ ਨੂੰ ਸੈਕਟਰ 20 ਦੇ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ’ਚ ਹੋਈ ਮਹਾਪੰਚਾਇਤ ਦੌਰਾਨ, ਸੈਨੀਟੇਸ਼ਨ ਵਰਕਰ ਯੂਨੀਅਨ ਦੇ ਨੇਤਾਵਾਂ ਨੇ ਐਲਾਨ ਕੀਤਾ ਕਿ ਜੇਕਰ ਵਾਈ. ਪੂਰਨ ਕੁਮਾਰ ਖ਼ੁਦਕੁਸ਼ੀ ਮਾਮਲੇ ’ਚ ਇਨਸਾਫ਼ ਨਹੀਂ ਮਿਲਦਾ, ਤਾਂ ਉਹ ਸ਼ਹਿਰ ਦੇ ਸਭ ਸੈਕਟਰਾਂ ’ਚ ਸਫ਼ਾਈ ਦਾ ਕੰਮ ਬੰਦ ਕਰ ਕੇ ਪ੍ਰਦਰਸ਼ਨ ’ਚ ਸ਼ਾਮਲ ਹੋਣਗੇ। ਕਰਮਵੀਰ ਬੌਧ, ਜੋ ਹਰਿਆਣਾ ਸਰਕਾਰ ਤੋਂ ਰਿਟਾਇਰਡ ਅਧਿਕਾਰੀ ਹਨ ਤੇ ਕਮੇਟੀ ਦੇ ਮੈਂਬਰ ਹਨ, ਨੇ ਕਿਹਾ ਕਿ ਕਮੇਟੀ ਨੇ ਇਹ ਫ਼ੈਸਲਾ ਲਿਆ ਹੈ ਕਿ ਚੰਡੀਗੜ੍ਹ ਪ੍ਰਸ਼ਾਸਨ ਤੇ ਹਰਿਆਣਾ ਸਰਕਾਰ ਨੂੰ 48 ਘੰਟਿਆਂ ਦਾ ਸਮਾਂ ਦਿੱਤਾ ਜਾਵੇ, ਤਾਂ ਜੋ ਆਈਪੀਐੱਸ ਵਾਈ. ਪੂਰਨ ਕੁਮਾਰ ਦੀ ਮੌਤ ਦੇ ਮਾਮਲੇ ’ਚ ਸਖ਼ਤ ਕਾਰਵਾਈ ਕੀਤੀ ਜਾਵੇ। ਹਰਿਆਣਾ ਦੇ ਡੀਜੀਪੀ ਨੂੰ ਤੁਰੰਤ ਹਟਾਇਆ ਜਾਵੇ ਤੇ ਡੀਜੀਪੀ ਸ਼ਤਰੁਜੀਤ ਕਪੂਰ ਤੇ ਸਾਬਕਾ ਰੋਹਤਕ ਐੱਸਪੀ ਨਰੇਂਦਰ ਬਿਜਾਰਨੀਆ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਕਮੇਟੀ ਦੇ ਹੋਰ ਮੈਂਬਰ ਮੁਕੇਸ਼ ਕੁਮਾਰ ਨੇ ਪੁਸ਼ਟੀ ਕੀਤੀ ਕਿ ਜਲਦ ਹੀ ਇਕ ਮੰਗ ਪੱਤਰ (ਮੈਮੋਰੈਂਡਮ) ਤਿਆਰ ਕਰ ਕੇ ਸਬੰਧਤ ਅਧਿਕਾਰੀਆਂ ਨੂੰ ਸੌਂਪਿਆ ਜਾਵੇਗਾ।