ਸਰਕਾਰੀ ਕਾਲਜ ਡੇਰਾਬੱਸੀ ਵਿਖੇ ਮਨਾਇਆ 16ਵਾਂ ਰਾਸ਼ਟਰੀ ਵੋਟਰ ਦਿਵਸ
ਸਰਕਾਰੀ ਕਾਲਜ ਡੇਰਾਬੱਸੀ ਵਿਖੇ ਮਨਾਇਆ 16ਵਾਂ ਰਾਸ਼ਟਰੀ ਵੋਟਰ ਦਿਵਸ
Publish Date: Sat, 24 Jan 2026 06:53 PM (IST)
Updated Date: Sun, 25 Jan 2026 04:16 AM (IST)
ਫੋਟੋ ਕੈਪਸਨ : ਰਾਸ਼ਟਰੀ ਵੋਟਰ ਦਿਵਸ ਮੌਕੇ ਵੋਟਰ ਪ੍ਰਣ ਲੈਂਦੇ ਹੋਏ ਵਿਦਿਆਰਥੀ ਅਤੇ ਪ੍ਰਬੰਧਕ।
ਇਕਬਾਲ ਸਿੰਘ, ਪੰਜਾਬੀ ਜਾਗਰਣ, ਡੇਰਾਬੱਸੀ : ਸਰਕਾਰੀ ਕਾਲਜ ਡੇਰਾਬੱਸੀ ’ਚ ਪ੍ਰਿੰਸੀਪਲ ਗੀਤਾਂਜਲੀ ਕਾਲੜਾ ਦੀ ਸਰਪ੍ਰਸਤੀ ਹੇਠ ਕਾਲਜ ਦੀ ਸਵੀਪ ਕਮੇਟੀ ਤੇ ਈਐੱਲਸੀ ਵੱਲੋਂ 16ਵਾਂ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ। ਇਸ ਮੌਕੇ ਕਾਲਜ ’ਚ ਇਕ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ, ਜਿਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ’ਚ ਲੋਕਤਾਂਤਰਿਕ ਮੁੱਲਾਂ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਤੇ ਉਨ੍ਹਾਂ ਨੂੰ ਆਪਣੀ ਵੋਟ ਦੇ ਅਧਿਕਾਰ ਦੀ ਜ਼ਿੰਮੇਵਾਰੀ ਇਮਾਨਦਾਰੀ ਤੇ ਨਿਰਪੱਖਤਾ ਨਾਲ ਵਰਤੋਂ ਕਰਨ ਲਈ ਪ੍ਰੇਰਿਤ ਕਰਨਾ ਸੀ।
ਇਸ ਮੌਕੇ ਕਾਲਜ ਦੇ ਪ੍ਰੋ. ਆਮੀ ਭੱਲਾ ਜੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਵੋਟ ਪਾਉਣਾ ਸਿਰਫ਼ ਇੱਕ ਅਧਿਕਾਰ ਹੀ ਨਹੀਂ, ਸਗੋਂ ਹਰ ਨਾਗਰਿਕ ਦੀ ਮਹੱਤਵਪੂਰਨ ਜ਼ਿੰਮੇਵਾਰੀ ਵੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਬਿਨਾਂ ਕਿਸੇ ਲੋਭ ਲਾਲਚ ਦੇ ਵੋਟ ਪਾਉਣ ਲਈ ਪ੍ਰੇਰਿਤ ਕੀਤਾ ਤਾਂ ਜੋ ਲੋਕਤੰਤਰ ਨੂੰ ਹੋਰ ਮਜ਼ਬੂਤ ਬਣਾਇਆ ਜਾ ਸਕੇ।
ਇਸ ਦੌਰਾਨ ਰਾਜਨੀਤੀ ਸ਼ਾਸਤਰ ਵਿਸ਼ੇ ਦੇ ਪ੍ਰੋਫ਼ੈਸਰ ਸ਼੍ਰੀ ਸੁਨੀਲ ਕੁਮਾਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਵੋਟ ਦੇ ਮਹੱਤਵ ਅਤੇ ਇਸ ਅਧਿਕਾਰ ਲਈ ਸਾਡੇ ਸੁਤੰਤਰਤਾ ਸੈਨਾਨੀਆਂ ਵੱਲੋਂ ਕੀਤੇ ਗਏ ਸੰਘਰਸ਼ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ 16ਵੇਂ ਰਾਸ਼ਟਰੀ ਵੋਟਰ ਦਿਵਸ ਦੀ ਥੀਮ ‘ਮੇਰਾ ਭਾਰਤ, ਮੇਰਾ ਵੋਟ ਨਾਲ ਵੀ ਜਾਣੂ ਕਰਵਾਇਆ। ਪ੍ਰੋਗਰਾਮ ਦੇ ਅਖੀਰ ’ਚ ਕਾਲਜ ਦੇ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਵੱਲੋਂ 'ਵੋਟਰ ਪ੍ਰਣ' ਲਿਆ ਗਿਆ।