ਬਲਟਾਣਾ ਤੋਂ 15 ਸਾਲਾ ਨਾਬਾਲਿਗ ਲੜਕੀ ਲਾਪਤਾ
ਬਲਟਾਣਾ ਤੋਂ 15 ਸਾਲਾ ਨਾਬਾਲਿਗ ਲੜਕੀ ਲਾਪਤਾ,
Publish Date: Sun, 04 Jan 2026 09:12 PM (IST)
Updated Date: Sun, 04 Jan 2026 09:14 PM (IST)

- ਪੁਲਿਸ ਵੱਲੋਂ ਅਣਪਛਾਤੇ ਨੌਜਵਾਨ ਖ਼ਿਲਾਫ਼ ਅਗਵਾ ਦਾ ਮਾਮਲਾ ਦਰਜ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਬਲਟਾਣਾ ਖੇਤਰ ਤੋਂ ਇੱਕ 15 ਸਾਲਾ ਨਾਬਾਲਿਗ ਲੜਕੀ ਦੇ ਭੇਦਭਰੀ ਹਾਲਾਤ ਵਿਚ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਪਿਤਾ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਥਾਣਾ ਜ਼ੀਰਕਪੁਰ ਦੀ ਪੁਲਿਸ ਨੇ ਇੱਕ ਅਣਪਛਾਤੇ ਨੌਜਵਾਨ ਵਿਰੁੱਧ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਪਿਆਂ ਦੇ ਕੰਮ ’ਤੇ ਜਾਣ ਮਗਰੋਂ ਹੋਈ ਘਟਨਾ : ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਲੜਕੀ ਦੇ ਪਿਤਾ, ਜੋ ਕਿ ਰਾਜ ਮਿਸਤਰੀ ਦਾ ਕੰਮ ਕਰਦਾ ਹੈ, ਨੇ ਦੱਸਿਆ ਕਿ 31 ਦਸੰਬਰ 2025 ਨੂੰ ਉਹ ਅਤੇ ਉਸ ਦੀ ਪਤਨੀ ਰੋਜ਼ਾਨਾ ਦੀ ਤਰ੍ਹਾਂ ਕੰਮ ’ਤੇ ਗਏ ਹੋਏ ਸਨ। ਘਰ ਵਿਚ ਚਾਰੇ ਬੱਚੇ ਮੌਜੂਦ ਸਨ। ਦੁਪਹਿਰ ਕਰੀਬ 3 ਤੋਂ 4 ਵਜੇ ਦੇ ਦਰਮਿਆਨ, ਜਦੋਂ ਘਰ ਵਿਚ ਕੋਈ ਵੱਡਾ ਜੀਅ ਨਹੀਂ ਸੀ, ਉਸ ਦੀ 15 ਸਾਲਾ ਬੇਟੀ ਘਰੋਂ ਬਾਹਰ ਗਈ ਪਰ ਵਾਪਸ ਨਹੀਂ ਮੁੜੀ। ਸ਼ਾਮ ਨੂੰ ਜਦੋਂ ਪਰਿਵਾਰਕ ਮੈਂਬਰ ਵਾਪਸ ਆਏ ਤਾਂ ਉਨ੍ਹਾਂ ਨੂੰ ਲੜਕੀ ਦੇ ਲਾਪਤਾ ਹੋਣ ਬਾਰੇ ਪਤਾ ਲੱਗਾ। ਵਿਆਹ ਦਾ ਝਾਂਸਾ ਦੇ ਕੇ ਭਜਾਉਣ ਦਾ ਸ਼ੱਕ : ਪਰਿਵਾਰ ਨੇ ਆਪਣੇ ਪੱਧਰ ’ਤੇ ਰਿਸ਼ਤੇਦਾਰਾਂ ਅਤੇ ਲੜਕੀ ਦੀਆਂ ਸਹੇਲੀਆਂ ਕੋਲ ਕਾਫ਼ੀ ਭਾਲ ਕੀਤੀ, ਪਰ ਕੋਈ ਸੁਰਾਗ ਨਹੀਂ ਮਿਲਿਆ। ਪੀੜਤ ਪਿਤਾ ਨੇ ਖ਼ਦਸ਼ਾ ਜ਼ਾਹਰ ਕੀਤਾ ਹੈ ਕਿ ਕੋਈ ਅਣਪਛਾਤਾ ਨੌਜਵਾਨ ਉਸ ਦੀ ਨਾਬਾਲਿਗ ਬੇਟੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਆਪਣੇ ਨਾਲ ਭਜਾ ਕੇ ਲੈ ਗਿਆ ਹੈ। ਪੁਲਿਸ ਵੱਲੋਂ ਭਾਲ ਜਾਰੀ : ਬਲਟਾਣਾ ਪੁਲਿਸ ਚੌਕੀ ਦੀ ਟੀਮ ਨੇ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 137(2) ਅਤੇ 96 ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੜਕੀ ਦੀ ਭਾਲ ਲਈ ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਗਈਆਂ ਹਨ ਅਤੇ ਸ਼ੱਕੀ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਜਲਦੀ ਹੀ ਲੜਕੀ ਨੂੰ ਬਰਾਮਦ ਕਰ ਲਿਆ ਜਾਵੇਗਾ।