1984 ਦੇ ਸਿੱਖ ਵਿਰੋਧੀ ਦੰਗਿਆਂ ਦੇ 121 ਪੀੜਤਾਂ ਨੂੰ ਦੇਵ ਦੀਵਾਲੀ ’ਤੇ ਮਿਲਣਗੇ ਨਿਯੁਕਤੀ ਪੱਤਰ
ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸੂਬੇ ਭਰ ’ਚ ਮਨਾਇਆ ਜਾਏਗਾ। ਇਸ ਤਹਿਤ ਪਹਿਲੀ ਤੋਂ 25 ਨਵੰਬਰ ਤੱਕ ਵੱਖ-ਵੱਖ ਪ੍ਰੋਗਰਾਮ ਕੀਤੇ ਜਾਣਗੇ, ਜਿਸ ਦੀ ਸ਼ੁਰੂਆਤ ਅੰਬਾਲਾ ਵਿਚ ਖ਼ੂਨਦਾਨ ਨਾਲ ਹੋਵੇਗੀ ਅਤੇ ਸਮਾਪਤੀ ਕੁਰੂਕਸ਼ੇਤਰ ’ਚ ਵੱਡੇ ਸਮਾਗਮ ਨਾਲ ਹੋਵੇਗੀ।
Publish Date: Sun, 19 Oct 2025 09:29 AM (IST)
Updated Date: Sun, 19 Oct 2025 09:32 AM (IST)
ਸਟੇਟ ਬਿਊਰੋ, ਜਾਗਰਣ ਚੰਡੀਗੜ੍ਹ : ਹਰਿਆਣਾ ’ਚ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ 121 ਪੀੜਤਾਂ ਦੇ ਪਰਿਵਾਰਕ ਮੈਂਬਰਾਂ ਨੂੰ ਦੇਵ ਦੀਵਾਲੀ ਯਾਨੀ ਪੰਜ ਨਵੰਬਰ ਨੂੰ ਨੌਕਰੀ ਦੇ ਨਿਯੁਕਤੀ ਪੱਤਰ ਦਿੱਤੇ ਜਾਣਗੇ। ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸੂਬੇ ਭਰ ’ਚ ਮਨਾਇਆ ਜਾਏਗਾ। ਇਸ ਤਹਿਤ ਪਹਿਲੀ ਤੋਂ 25 ਨਵੰਬਰ ਤੱਕ ਵੱਖ-ਵੱਖ ਪ੍ਰੋਗਰਾਮ ਕੀਤੇ ਜਾਣਗੇ, ਜਿਸ ਦੀ ਸ਼ੁਰੂਆਤ ਅੰਬਾਲਾ ਵਿਚ ਖ਼ੂਨਦਾਨ ਨਾਲ ਹੋਵੇਗੀ ਅਤੇ ਸਮਾਪਤੀ ਕੁਰੂਕਸ਼ੇਤਰ ’ਚ ਵੱਡੇ ਸਮਾਗਮ ਨਾਲ ਹੋਵੇਗੀ।
ਪਹਿਲੀ ਨਵੰਬਰ ਨੂੰ ਅੰਬਾਲਾ ’ਚ ਖ਼ੂਨਦਾਨ ਕੈਂਪ ਲਗਾਇਆ ਜਾਏਗਾ, ਜਿਸਦਾ ਉਦਘਾਟਨ ਮੁੱਖ ਮੰਤਰੀ ਖੁਦ ਕਰਨਗੇ। ਤਿੰਨ ਨਵੰਬਰ ਨੂੰ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਨਾਲ ਸਬੰਧਤ ਸਕੂਲੀ ਬੱਚਿਆਂ ਦੇ ਲੇਖ ਮੁਕਾਬਲੇ ਕਰਾਏ ਜਾਣਗੇ। ਇਹ ਮੁਕਾਬਲੇ ਹਿੰਦੀ, ਅੰਗਰੇਜ਼ੀ, ਪੰਜਾਬੀ ਤੇ ਸੰਸਕ੍ਰਿਤ ’ਚ ਹੋਣਗੇ। ਅੱਠ ਨਵੰਬਰ ਨੂੰ ਰੋੜੀ (ਸਿਰਸਾ) ਤੋਂ ਅਰਦਾਸ ਦੇ ਬਾਅਦ ਯਾਤਰਾ ਨੂੰ ਮੁੱਖ ਮੰਤਰੀ ਝੰਡੀ ਦਿਖਾਉਣਗੇ। ਇਸੇ ਦਿਨ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਸਿਰਸਾ ’ਚ ਗੁਰੂ ਤੇਗ ਬਹਾਦਰ, ਭਾਈ ਸਤੀ ਦਾਸ, ਭਾਈ ਮਤੀ ਦਾਸ, ਭਾਈ ਦਿਆਲਾ ਤੇ ਭਾਈ ਜੈਤਾ ਦੇ ਜੀਵਨ ਦਰਸ਼ਨ ’ਤੇ ਰਾਸ਼ਟਰੀ ਪੱਧਰ ਦਾ ਸੈਮੀਨਾਰ ਕਰਾਇਆ ਜਾਏਗਾ, ਜਿਸ ਦਾ ਉਦਘਾਟਨ ਮੁੱਖ ਮੰਤਰੀ ਕਰਨਗੇ। ਇਸ ਦੌਰਾਨ ਹਿੰਦੀ ਤੇ ਪੰਜਾਬੀ ਭਾਸ਼ਾ ’ਚ ਕੌਫੀ ਟੇਬਲ ਬੁੱਕ ਵੀ ਰਿਲੀਜ਼ ਕੀਤੀ ਜਾਏਗੀ। ਨੌਂ ਨਵੰਬਰ ਨੂੰ ਕੇਂਦਰੀ ਮੰਤਰੀ ਮਨੋਹਰ ਲਾਲ ਕਰਨਾਲ ’ਚ ਹਿੰਦ ਦੀ ਚਾਦਰ ਨਾਂ ਨਾਲ ਮੈਰਾਥਨ ਨੂੰ ਝੰਡੀ ਦਿਖਾ ਕੇ ਰਵਾਨਾ ਕਰਨਗੇ।