ਸ਼ਿਮਲਾ ਤੋਂ ਠੰਢਾ ਰਿਹਾ ਚੰਡੀਗੜ੍ਹ, 12 ਡਿਗਰੀ ਨਾਲ ਸੀਜ਼ਨ ਦਾ ਸਭ ਤੋਂ ਠੰਢਾ ਦਿਨ
- ਮੈਦਾਨੀ ਚੰਡੀਗੜ੍ਹ ’ਚ
Publish Date: Sun, 04 Jan 2026 10:03 PM (IST)
Updated Date: Sun, 04 Jan 2026 10:05 PM (IST)
- ਮੈਦਾਨੀ ਚੰਡੀਗੜ੍ਹ ’ਚ ਪਹਾੜੀ ਠੰਢ, ਸ਼ਿਮਲਾ ਤੋਂ ਘੱਟ ਗਿਆ ਤਾਪਮਾਨ
- ਅਗਲੇ ਪੰਜ ਦਿਨਾਂ ਤਕ ਠੰਢ ਤੋਂ ਰਾਹਤ ਦੇ ਆਸਾਰ ਨਹੀਂ
ਜਾਗਰਣ ਸੰਵਾਦਦਾਤਾ, ਚੰਡੀਗੜ੍ਹ : ਐਤਵਾਰ ਨੂੰ ਸਿਟੀ ਬਿਊਟੀਫੁਲ ਦਾ ਤਾਪਮਾਨ ਪਹਾੜੀ ਸ਼ਹਿਰ ਸ਼ਿਮਲਾ ਤੋਂ ਵੀ ਘੱਟ ਦਰਜ ਕੀਤਾ ਗਿਆ। ਮੈਦਾਨੀ ਖੇਤਰ ਹੋਣ ਦੇ ਬਾਵਜੂਦ ਚੰਡੀਗੜ੍ਹ ਵਿਚ ਠੰਢ ਦਾ ਅਸਰ ਇੰਨਾ ਵੱਧ ਸੀ ਕਿ ਵੱਧ ਤੋਂ ਵੱਧ ਤਾਪਮਾਨ ਸ਼ਿਮਲਾ ਤੋਂ ਘੱਟ ਰਿਕਾਰਡ ਹੋਇਆ, ਜਿਸ ਨਾਲ ਠੰਢ ਦੀ ਤੀਬਰਤਾ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਐਤਵਾਰ ਨੂੰ ਚੰਡੀਗੜ੍ਹ ਦਾ ਵੱਧ ਤੋਂ ਵੱਧ ਤਾਪਮਾਨ 12 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਦਿਨ ਪਹਾੜੀ ਸ਼ਹਿਰ ਸ਼ਿਮਲਾ ਵਿਚ ਵੱਧ ਤੋਂ ਵੱਧ ਤਾਪਮਾਨ 12.8 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਇਸ ਤਰ੍ਹਾਂ ਮੈਦਾਨੀ ਸ਼ਹਿਰ ਚੰਡੀਗੜ੍ਹ ਸ਼ਿਮਲਾ ਤੋਂ ਵੀ ਠੰਢਾ ਰਿਹਾ। ਚੰਡੀਗੜ੍ਹ ਦਾ ਵੱਧ ਤੋਂ ਵੱਧ ਤਾਪਮਾਨ 12 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਘੱਟ ਤੋਂ ਘੱਟ ਤਾਪਮਾਨ 9.2 ਡਿਗਰੀ ਸੈਲਸੀਅਸ ਰਿਹਾ। ਦਿਨ ਅਤੇ ਰਾਤ ਦੇ ਤਾਪਮਾਨ ਵਿਚ ਸਿਰਫ 2.8 ਡਿਗਰੀ ਦਾ ਅੰਤਰ ਹੋਣ ਕਾਰਨ ਠੰਡ ਜ਼ਿਆਦਾ ਮਹਿਸੂਸ ਕੀਤੀ ਗਈ। ਮੌਸਮ ਵਿਭਾਗ ਦੇ ਨਿਰਦੇਸ਼ਕ ਸੁਰਿੰਦਰ ਪਾਲ ਨੇ ਦੱਸਿਆ ਕਿ ਤਾਪਮਾਨ ਦਾ ਅੰਤਰ ਘੱਟ ਰਹਿਣ ’ਤੇ ਠੰਢ ਦਾ ਅਸਰ ਵੱਧ ਹੁੰਦਾ ਹੈ ਅਤੇ ਇਸ ਵਾਰ ਠੰਢ ਕਈ ਸਾਲਾਂ ਦੇ ਰਿਕਾਰਡ ਤੋੜ ਰਹੀ ਹੈ।
ਮੌਸਮ ਵਿਭਾਗ ਨੇ ਅਗਲੇ ਪੰਜ ਦਿਨਾਂ ਤਕ ਠੰਢ ਤੋਂ ਰਾਹਤ ਦੇ ਆਸਾਰ ਨਹੀਂ ਦਿਖਾਏ ਹਨ। ਅਗਲੇ ਦੋ ਦਿਨਾਂ ਲਈ ਸੰਘਣੀ ਧੁੰਦ ਅਤੇ ਠੰਢ ਦੀ ਲੈਅ ਲਈ ਔਰੰਜ ਅਲਰਟ ਜਾਰੀ ਕੀਤਾ ਗਿਆ ਹੈ, ਜਦਕਿ ਇਸ ਤੋਂ ਬਾਅਦ ਯੈਲੋ ਅਲਰਟ ਰਹੇਗਾ। ਸਿਹਤ ਮਾਹਰਾਂ ਮੁਤਾਬਿਕ ਅਚਾਨਕ ਤਾਪਮਾਨ ਵਿਚ ਕਮੀ ਆਉਣ ਨਾਲ ਠੰਢ, ਖਾਂਸੀ, ਬੁਖਾਰ, ਸਾਹ ਨਾਲ ਸਬੰਧਿਤ ਅਤੇ ਹਿਰਦੇ ਰੋਗੀਆਂ ਦੀਆਂ ਸਮੱਸਿਆਵਾਂ ਵਧ ਸਕਦੀਆਂ ਹਨ। ਬਜ਼ੁਰਗਾਂ, ਬੱਚਿਆਂ ਅਤੇ ਬਿਮਾਰ ਲੋਕਾਂ ਨੂੰ ਵਿਸ਼ੇਸ਼ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸਵੇਰੇ ਅਤੇ ਦੇਰ ਰਾਤ ਬਿਨਾਂ ਜ਼ਰੂਰਤ ਦੇ ਬਾਹਰ ਨਾ ਨਿਕਲਣ, ਗਰਮ ਕੱਪੜੇ ਪਹਿਨਣ ਅਤੇ ਆਪਣੇ ਆਪ ਨੂੰ ਠੰਢ ਤੋਂ ਸੁਰੱਖਿਅਤ ਰੱਖਣ। ਇਸ ਦੇ ਨਾਲ-ਨਾਲ ਟ੍ਰੈਫਿਕ ਪੁਲਿਸ ਨੇ ਵਾਹਨ ਚਾਲਕਾਂ ਨੂੰ ਧੁੰਦ ਦੌਰਾਨ ਹੌਲੀ ਰਫ਼ਤਾਰ ਨਾਲ ਵਾਹਨ ਚਲਾਉਣ ਅਤੇ ਫਾਗ ਲਾਈਟ ਦਾ ਇਸਤੇਮਾਲ ਕਰਨ ਦੀ ਸਲਾਹ ਦਿੱਤੀ ਹੈ।
- ਅਗਲੇ ਮੌਸਮ ਦਾ ਅਨੁਮਾਨ
ਸੋਮਵਾਰ: ਵੱਧ ਤੋਂ ਵੱਧ 14°, ਘੱਟ ਤੋਂ ਘੱਟ 8°
ਮੰਗਲਵਾਰ: ਵੱਧ ਤੋਂ ਵੱਧ 15°, ਘੱਟ ਤੋਂ ਘੱਟ 6°
ਬੁਧਵਾਰ: ਵੱਧ ਤੋਂ ਵੱਧ 15°, ਘੱਟ ਤੋਂ ਘੱਟ 6°