15ਵਾਂ ਚੰਡੀਗੜ੍ਹ ਰਾਸ਼ਟਰੀ ਸ਼ਿਲਪ

15ਵਾਂ ਚੰਡੀਗੜ੍ਹ ਰਾਸ਼ਟਰੀ ਸ਼ਿਲਪ ਮੇਲਾ:
ਰਾਜਪਾਲ ਗੁਲਾਬ ਚੰਦ ਕਟਾਰੀਆ ਅੱਜ ਦੇਣਗੇ ਲੋਕ ਕਲਾ ਸਾਧਕ ਤੇ ਯੁਵਾ ਐਵਾਰਡ
ਸਪਾਈਸ ਰਿਪੋਰਟਰ, ਚੰਡੀਗੜ੍ਹ
ਕ੍ਰੀਮ ਪੋਡਰਾ ਘੇਸਿਨੀ ਕਿਲੇ ’ਚ ਮੇਰੀ ਨਿਰਮਲਾ ਤੇ ਪਾਰਾ ਭੀੜੇ ਦੀ ਬਸੰਤੀ ਛੋਰੀ ਰੁਮਾਝੂੰਗਾ ਵਰਗੇ ਗੀਤਾਂ ਨੂੰ ਪੇਸ਼ ਕਰਦੇ ਹੋਏ ਲੋਕ ਗਾਇਕ ਰਾਕੇਸ਼ ਖਾਨਵਾਲ ਨੇ ਪੰਜਾਬ ਦੀਆਂ ਫਿਜ਼ਾਵਾਂ ’ਚ ਉਤਰਾਖੰਡ ਦੀ ਪਹਾੜੀ ਸੰਸਕ੍ਰਿਤੀ ਦਾ ਅਹਿਸਾਸ ਕਰਵਾਇਆ। ਖਾਨਵਾਲ ਦੀ ਖਣਕਦੀ ਤੇ ਮਖਮਲੀ ਆਵਾਜ਼ ’ਚ ਪਹਾੜੀ ਲੋਕ ਗਾਇਕੀ ਦੀਆਂ ਸੁਰ ਲਹਿਰਾਂ ਨੇ ਫੋਕ ਸੰਗੀਤ ਦੇ ਪ੍ਰੇਮੀਆਂ ਨੂੰ ਮੋਹਿਤ ਕਰ ਕੇ ਝੂਮਣ ’ਤੇ ਮਜਬੂਰ ਕਰ ਦਿੱਤਾ।
ਉਤਰ ਖੇਤਰ ਸੰਸਕ੍ਰਿਤਕ ਕੇਂਦਰ ਪਟਿਆਲਾ ਤੇ ਚੰਡੀਗੜ੍ਹ ਸੰਸਕ੍ਰਿਤਕ ਕਾਰਜ ਵਿਭਾਗ ਦੀ ਸਾਂਝੀ ਅਗਵਾਈ ’ਚ ਇੱਥੇ ਕਲਾਗ੍ਰਾਮ ’ਚ ਚੱਲ ਰਹੇ ਰਾਸ਼ਟਰੀ ਸ਼ਿਲਪ ਮੇਲੇ ’ਚ ਵੀਰਵਾਰ ਨੂੰ ਇਹ ਪੇਸ਼ਕਾਰੀ ਦਿੱਤੀ ਗਈ। ਖਾਨਵਾਲ ਨੇ ‘ਜੈ ਜੈ ਬਦਰੀਨਾਥ, ਜੈ ਕਾਸੀ ਕੇਦਾਰ, ਜੈ ਜੈ ਹਿਮਾਲਯ" ਪੇਸ਼ਕਸ਼ ’ਚ ਦੱਸਿਆ ਕਿ ਉਤਰਾਖੰਡ ਨੂੰ ਦੇਵਭੂਮੀ ਕਿਉਂ ਕਿਹਾ ਜਾਂਦਾ ਹੈ। ਉਨ੍ਹਾਂ ਆਪਣੀ ਪੇਸ਼ਕਾਰੀ ’ਚ ‘ਧੁਰੀਡਾਨਾ ਬੁਰੁਸ਼ੀ ਫੁਲਰੌਲੀ ਗੈਲਪਾਤਲਾ", "ਹਿਮੂਲੇ ਹਲਦਵਾਰੋ ਦੀ ਚੇਲ", "ਹਿਮੂਲੀ ਹਿਮੂਲੀ", "ਲਾਲੀ ਹੋ ਲਾਲੀ ਹੌਸਿਆ ਪਥਾਨੀ" ਵਰਗੇ ਲੋਕ ਗੀਤਾਂ ਨੂੰ ਪੇਸ਼ ਕਰ ਕੇ ਉਤਰਾਖੰਡ ਦੀ ਸੰਸਕ੍ਰਿਤੀ ਨੂੰ ਦਰਸਾਇਆ। ਮੇਲੇ ’ਚ ਅੱਜ ਪੰਜਾਬੀ ਗਾਇਕ ਮਨਮੋਹਨ ਵਾਰਿਸ ਪੇਸ਼ਕਾਰੀ ਦੇਣਗੇ ਤੇ ਰਾਜਪਾਲ ਗੁਲਾਬ ਚੰਦ ਕਟਾਰੀਆ ਲੋਕ ਕਲਾ ਸਾਧਕ ਤੇ ਯੁਵਾ ਐਵਾਰਡ ਦੇ ਕੇ ਸਨਮਾਨਿਤ ਕਰਨਗੇ।
ਬਾਕਸ-
ਰਾਜਸਥਾਨ ਦੇ ਕਾਲਬੇਲੀਆ ਤੇ ਤੇਲੰਗਾਨਾ ਦੇ ਮਥੁਰੀ ਡਾਂਸ ਦਾ ਜ਼ਬਰਦਸਤ ਰੰਗ
ਸ਼ਾਮ ਦੀ ਪੇਸ਼ਕਾਰੀ ਤੋਂ ਇਲਾਵਾ ਦਿਨ ’ਚ ਰਾਜਸਥਾਨ ਦੇ ਕਾਲਬੇਲੀਆ ਡਾਂਸ ’ਚ ਕਲਾਕਾਰਾਂ ਨੇ ਡਾਂਸ ਦੇ ਨਾਲ-ਨਾਲ ਕਰਤੱਬਾਂ ਦੀ ਪੇਸ਼ਕਾਰੀ ਦਿੱਤੀ। ਦਿਨ ਭਰ ਰਾਜਸਥਾਨ ਦੇ ਹੀ ਚਕਰੀ ਤੇ ਤੇਲੰਗਾਨਾ ਦੀ ਗੋਂਡ ਜਨਜਾਤੀ ਦੇ ਪਰੰਪਰਾਗਤ ਲੋਕ ਡਾਂਸ ਮਥੁਰੀ ਨੇ ਦਰਸ਼ਕਾਂ ਦਾ ਮਨੋਰੰਜਨ ਕੀਤਾ। ਰਾਜਸਥਾਨੀ ਤੋਂ ਇਲਾਵਾ ਪੰਜਾਬ ਦੇ ਆਦਿਵਾਸੀ ਭਾਈਚਾਰਿਆਂ ਦੇ ਸੰਮੀ (ਸ਼ਾਹਮੁਖੀ) ਡਾਂਸ ’ਚ ਕਲਾਕਾਰਾਂ ਨੇ ਕਮਾਲ ਦੀ ਪੇਸ਼ਕਾਰੀ ਦਿੱਤੀ।
ਬਾਕਸ-
ਕਲਾਕਾਰਾਂ ਨੂੰ ਦਿੱਤੇ ਜਾਣਗੇ ਐਵਾਰਡ
ਪੰਜਾਬ ਦੇ ਰਾਜਪਾਲ ਤੇ ਉਤਰ ਖੇਤਰ ਸੰਸਕ੍ਰਿਤਕ ਕੇਂਦਰ, ਪਟਿਆਲਾ ਦੇ ਚੇਅਰਮੈਨ ਗੁਲਾਬ ਚੰਦ ਕਟਾਰੀਆ ਸ਼ੁੱਕਰਵਾਰ ਸ਼ਾਮ ਕਲਾਗ੍ਰਾਮ ’ਚ ਚੱਲ ਰਹੇ ਚੰਡੀਗੜ੍ਹ ਰਾਸ਼ਟਰੀ ਕਰਾਫਟ ਮੇਲੇ ’ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਗੁਲਾਬ ਚੰਦ ਕਟਾਰੀਆ 6 ਕਲਾਕਾਰਾਂ ਨੂੰ ਐਵਾਰਡ ਪ੍ਰਦਾਨ ਕਰਨਗੇ। ਐਵਾਰਡ ਪ੍ਰਾਪਤ ਕਰਨ ਵਾਲਿਆਂ ਚ ਲੋਕ ਗਾਇਕ ਤੇ ਸੰਗੀਤਕਾਰ ਮੇਜਰ ਸਿੰਘ, ਹਿਮਾਚਲ ਪ੍ਰਦੇਸ਼ ਦੇ ਸਿਰਮੌਰੀ ਲੋਕ ਗਾਇਕ ਪ੍ਰੇਮਚੰਦ ਬਾਉਂਲੀ, ਕਸ਼ਮੀਰੀ ਲੋਕ ਡਾਂਸ ਧਮਾਲੀ ਨੂੰ ਦੇਸ਼ ’ਚ ਪ੍ਰਸਿੱਧੀ ਦਿਵਾਉਣ ਵਾਲੇ ਬਸ਼ੀਰ ਅਹਿਮਦ ਸ਼ਾਹ ਤੇ ਉਤਰਾਖੰਡ ਦੇ ਲੋਕ ਡਾਂਸ ਤੇ ਲੋਕ ਗਾਇਕੀ ਦੇ ਪ੍ਰਚਾਰ-ਪ੍ਰਸਾਰ ’ਚ ਪੇਸ਼ਕਰੀਆਂ ਜ਼ਰੀਏ ਯੋਗਦਾਨ ਦੇਣ ਵਾਲੇ ਅਲਮੋੜਾ (ਉਤਰਾਖੰਡ) ਦੇ ਫੋਕ ਆਰਟਿਸਟ ਪ੍ਰਕਾਸ਼ ਸਿੰਘ ਵਿਸ਼ਟ ਸ਼ਾਮਲ ਹਨ।
ਇਨ੍ਹਾਂ ’ਚ ਹਰ ਇਕ ਕਲਾਕਾਰ ਨੂੰ 2.5 ਲੱਖ ਰੁਪਏ ਤੇ ਪ੍ਰਸ਼ੰਸਾ ਪੱਤਰ ਪ੍ਰਦਾਨ ਕੀਤਾ ਜਾਵੇਗਾ। ਇਸ ਦੇ ਨਾਲ ਹੀ ਕਿਸ਼ਨਗੜ੍ਹ (ਰਾਜਸਥਾਨ) ਦੀ ਅੰਜਨਾ ਕੁਮਾਵਤ ਤੇ ਰੋਹਤਕ (ਹਰਿਆਣਾ) ਦੇ ਫੋਕ ਡਾਂਸਰ ਨਰੇਸ਼ ਕੁਮਾਰ ਨੂੰ ਯੁਵਾ ਐਵਾਰਡ ਨਾਲ ਨਿਵਾਜਿਆ ਜਾਵੇਗਾ, ਜਿਸ ’ਚ ਉਨ੍ਹਾਂ ਨੂੰ ਇਕ-ਇਕ ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ।