ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਆਮ ਆਦਮੀ ਪਾਰਟੀ ਨੇ 300 ਯੂਨਿਟ ਮੁਫ਼ਤ ਬਿਜਲੀ ਦਾ ਵਾਅਦਾ ਕੀਤਾ ਤਾਂ ਕਿਹਾ ਗਿਆ ਕਿ ਰਿਓੜੀਆਂ ਵੰਡ ਰਹੇ ਹਨ। ਉਨ੍ਹਾਂ ਕਿਹਾ ਕਿ ਫਿਰ 15 ਲੱਖ ਦਾ ਪਾਪੜ ਪਹਿਲਾਂ ਕਿਸ ਨੇ ਵੇਚਿਆ ਸੀ। ਹੁਣ ਕਹਿ ਰਹੇ ਹਨ ਕਿ ਜੁਮਲਾ ਸੀ।

ਕੈਲਾਸ਼ ਨਾਥ, ਜਾਗਰਣ, ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਦੋਂ ਮੈਂ ਕਲਾਕਾਰ ਸੀ ਤਾਂ ਮੈਂ ‘ਪੋਲੀਟਿਕਲ ਸਟਾਇਰ’ ਕਰਦਾ ਸੀ। ਲੋਕ ਮੇਰੇ ਇਸ ਸਟਾਇਰ ਨੂੰ ਪਸੰਦ ਕਰਦੇ ਸਨ। ਮੇਰੀ ਸੋਚ ਸੀ ਕਿ ਮੈਂ ਇਸ ਸਟਾਇਰ ਜ਼ਰੀਏ ਸਿਆਸੀ ਸਿਸਟਮ ’ਤੇ ਸੱਟ ਮਾਰਾਂ ਤਾਂ ਜੋ ਸਿਸਟਮ ’ਚ ਸੁਧਾਰ ਹੋਵੇ। ਹੁਣ ਜਦੋਂ ਮੇਰੇ ਕੋਲ ਹਰਾ ਪੈੱਨ ਹੈ ਤਾਂ ਮੈਂ ਇਸ ਪੋਲੀਟਿਕਲ ਸਿਸਟਮ ਨੂੰ ਬਦਲ ਰਿਹਾ ਹਾਂ। ਮੁੱਖ ਮੰਤਰੀ ਸ਼ੁੱਕਰਵਾਰ ਨੂੰ ਦੈਨਿਕ ਜਾਗਰਣ ਤੇ ਪੰਜਾਬੀ ਜਾਗਰਣ ਵਲੋਂ ਕਰਵਾਏ ਵਿਚਾਰ ਮੰਚ ਤੋਂ ‘ਚੁਣੌਤੀਆਂ ਤੇ ਰਾਹ’ ਵਿਸ਼ੇ ’ਤੇ ਬੋਲ ਰਹੇ ਸਨ। ਉਨ੍ਹਾਂ ਕਿਹਾ ਕਿ 70 ਸਾਲ ਦਾ ਘਾਟਾ ਚਾਰ ਸਾਲਾਂ ’ਚ ਪੂਰਾ ਨਹੀਂ ਕੀਤਾ ਜਾ ਸਕਦਾ। ਆਮ ਆਦਮੀ ਪਾਰਟੀ ਨੇ ਭਾਵੇਂ ਚੋਣਾਂ ਵਿਚ ਲੋਕਾਂ ਨਾਲ ਕੀਤੀਆਂ ਗਈਆਂ ਗਾਰੰਟੀਆਂ ਨੂੰ ਪੂਰਾ ਕਰ ਦਿੱਤਾ ਹੋਵੇ ਪਰ ਹਾਲੇ ਬਹੁਤ ਕੁਝ ਕਰਨਾ ਬਾਕੀ ਹੈ। ਇਸ ਦੌਰਾਨ ਉਨ੍ਹਾਂ ਨੇ ਆਪਣੇ ਨਿੱਜੀ ਜੀਵਨ ਤੋਂ ਲੈ ਕੇ ਪੰਜਾਬ ਦੇ ਸਿਆਸੀ ਤੇ ਸਮਾਜਿਕ ਮੁੱਦਿਆਂ ’ਤੇ ਖੁੱਲ੍ਹ ਕੇ ਵਿਚਾਰ ਰੱਖੇ।
ਗ਼ਰੀਬਾਂ ਨੂੰ ਮਿਲਣ ਵਾਲੀ ਮੁਫ਼ਤ ਯੋਜਨਾ ਜਾਰੀ ਰਹੇਗੀ
ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਆਮ ਆਦਮੀ ਪਾਰਟੀ ਨੇ 300 ਯੂਨਿਟ ਮੁਫ਼ਤ ਬਿਜਲੀ ਦਾ ਵਾਅਦਾ ਕੀਤਾ ਤਾਂ ਕਿਹਾ ਗਿਆ ਕਿ ਰਿਓੜੀਆਂ ਵੰਡ ਰਹੇ ਹਨ। ਉਨ੍ਹਾਂ ਕਿਹਾ ਕਿ ਫਿਰ 15 ਲੱਖ ਦਾ ਪਾਪੜ ਪਹਿਲਾਂ ਕਿਸ ਨੇ ਵੇਚਿਆ ਸੀ। ਹੁਣ ਕਹਿ ਰਹੇ ਹਨ ਕਿ ਜੁਮਲਾ ਸੀ। ਨੇਤਾਵਾਂ ਦਾ ਤਾਂ ਟੋਲ ਵੀ ਫ੍ਰੀ ਹੈ ਤੇ ਗੱਡੀ ਵੀ। ਤੇਲ ਵੀ ਫ੍ਰੀ ਹਨ ਤੇ ਟੈਲੀਫੋਨ ਦਾ ਬਿੱਲ ਵੀ। ਜਦੋਂ ਗ਼ਰੀਬਾਂ ਨੂੰ ਬਿਜਲੀ, ਰਾਸ਼ਨ, ਇਲਾਜ, ਬੱਸ ਸਫ਼ਰ ਮਿਲਦਾ ਹੈ ਤਾਂ ਇਨ੍ਹਾਂ ਨੇਤਾਵਾਂ ਨੂੰ ਦਰਦ ਕਿਉਂ ਹੁੰਦਾ ਹੈ। ਗ਼ਰੀਬ ਆਦਮੀ ਭਾਵੇਂ ਡਾਇਰੈਕਟ ਟੈਕਸ ਨਹੀਂ ਦਿੰਦਾ ਪਰ ਇਨਡਾਇਰੈਕਟ ਟੈਕਸ ਤਾਂ ਦਿੰਦਾ ਹੀ ਹੈ। ਗ਼ਰੀਬ ਆਦਮੀ ਦੀ ਚਾਹ ਤੋਂ ਲੈ ਕੇ ਰਾਤ ਨੂੰ ਸੌਂਦੇ ਸਮੇਂ ਚੱਲਣ ਵਾਲੇ ਪੱਖੇ ’ਤੇ ਵੀ ਟੈਕਸ ਹੈ। ਉਨ੍ਹਾਂ ਕਿਹਾ ਕਿ ਜੇਕਰ ਅੰਬਾਨੀਆਂ ਦਾ ਕਰਜ਼ਾ ਮਾਫ਼ ਹੋ ਜਾਂਦਾ ਹੈ ਤਾਂ ਗ਼ਰੀਬਾਂ ਨੂੰ ਸਹੂਲਤ ਕਿਉਂ ਨਹੀਂ ਦਿੱਤੀ ਜਾ ਸਕਦੀ। ਇਹ ਯੋਜਨਾਵਾਂ ਬੰਦ ਨਹੀਂ ਹੋਣਗੀਆਂ। ਕਿਉਂਕਿ ਜਦੋਂ ਆਮ ਲੋਕਾਂ ਨੂੰ ਇਹ ਭਰੋਸਾ ਹੋ ਜਾਵੇ ਕਿ ਉਨ੍ਹਾਂ ਵੱਲੋਂ ਦਿੱਤੇ ਜਾਣ ਵਾਲੇ ਇਨਡਾਇਰੈਕਟ ਟੈਕਸ ਦਾ ਲਾਭ ਉਨ੍ਹਾਂ ਨੂੰ ਹੀ ਮਿਲੇਗਾ ਤਾਂ ਉਨ੍ਹਾਂ ਨੂੰ ਟੈਕਸ ਦੇਣ ਦਾ ਦੁੱਖ ਨਹੀਂ ਹੁੰਦਾ।
ਪੰਜਾਬ ਨਾਲ ਭੇਦਭਾਵ- ਵੱਸ ਚੱਲੇ ਤਾਂ ਰਾਸ਼ਟਰੀ ਗਾਨ ਤੋਂ ਪੰਜਾਬ ਦਾ ਨਾਂ ਹਟਾ ਦੇਣ
ਮੁੱਖ ਮੰਤਰੀ ਨੇ ਕੇਂਦਰ ਸਰਕਾਰ ’ਤੇ ਸਿੱਧਾ ਹਮਲਾ ਕਰਦੇ ਹੋਏ ਕਿਹਾ ਕਿ ਕੇਂਦਰ ਪੰਜਾਬ ਨਾਲ ਹਮੇਸ਼ਾ ਹੀ ਭੇਦਭਾਵ ਕਰਦਾ ਹੈ। ਕਿਉਂਕਿ ਪੰਜਾਬ ਦੇ ਕਿਸਾਨਾਂ ਨੇ ਦਿੱਲੀ ’ਚ ਧਰਨਾ ਦੇ ਕੇ ਤਿੰਨ ਕਾਲੇ ਕਾਨੂੰਨ ਵਾਪਸ ਕਰਵਾਏ। ਕੇਂਦਰ ਨੇ ਪੰਜਾਬ ਦਾ 9,000 ਕਰੋੜ ਰੁਪਏ ਦਾ ਪੇਂਡੂ ਵਿਕਾਸ ਫੰਡ ਰੋਕਿਆ ਹੋਇਆ ਹੈ। ਉਨ੍ਹਾਂ ਨੇ ਓਟੀਟੀ ਪਲੇਟਫਾਰਮ ’ਤੇ ਵੈੱਬ ਸੀਰੀਜ਼ ਮਹਾਰਾਣੀ-4 ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਸ ਵਿਚ ਵੀ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਪ੍ਰਧਾਨ ਮੰਤਰੀ ਦੂਜੀਆਂ ਪਾਰਟੀਆਂ ਦੀਆਂ ਸਰਕਾਰਾਂ ਦੀ ਬਾਂਹ ਮਰੋੜਦੇ ਹਨ। ਫਰਕ ਸਿਰਫ਼ ਏਨਾ ਹੈ ਕਿ ਵੈੱਬ ਸੀਰੀਜ਼ ’ਚ ਬਿਹਾਰ ਹੈ ਤੇ ਇੱਥੇ ਪੰਜਾਬ ਹੈ। ਮੁੱਖ ਮੰਤਰੀ ਨੇ ਇੱਥੋਂ ਤੱਕ ਕਿਹਾ ਕਿ ਜੇਕਰ ਇਨ੍ਹਾਂ ਦਾ ਵੱਸ ਚੱਲੇ ਤਾਂ ਜਨ-ਗਣ-ਮਨ ਤੋਂ ਪੰਜਾਬ ਦਾ ਨਾਂ ਹਟਾ ਕੇ ਉਸ ਵਿਚ ਉੱਤਰ ਪ੍ਰਦੇਸ਼ ਫਿਟ ਕਰ ਲੈਣ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ’ਚ ਫ਼ਸਲਾਂ ਖ਼ਰਾਬ ਹੋਈਆਂ ਪਰ ਸਭ ਤੋਂ ਪਹਿਲਾਂ ਛੋਟ ਰਾਜਸਥਾਨ ਨੂੰ ਅਤੇ ਉਸ ਤੋਂ ਬਾਅਦ ਹਰਿਆਣਾ ਨੂੰ ਦਿੱਤੀ ਗਈ ਜਦਕਿ ਸਭ ਤੋਂ ਜ਼ਿਆਦਾ ਅਨਾਜ ਪੰਜਾਬ ਪੈਦਾ ਕਰਦਾ ਹੈ।
ਫ਼ਸਲ ਬੀਮਾ ਯੋਜਨਾ ਫਲਾਪ
ਪਿਛਲੇ ਸਾਲ ਆਏ ਹੜ੍ਹ ਅਤੇ ਅਪ੍ਰੈਲ ਮਹੀਨੇ ’ਚ ਹੋਈ ਬਾਰਿਸ਼ ਤੇ ਗੜੇਮਾਰੀ ਕਾਰਨ ਖ਼ਰਾਬ ਹੋਈਆਂ ਫ਼ਸਲਾਂ ਤੋਂ ਬਾਅਦ ਵਿਰੋਧੀ ਪਾਰਟੀਆਂ ਵੱਲੋਂ ਫ਼ਸਲੀ ਬੀਮੇ ਦਾ ਮੁੱਦਾ ਉਠਾਉਣ ਬਾਰੇ ਉੱਠੇ ਸਵਾਲ ਦੇ ਜਵਾਬ ’ਚ ਮੁੱਖ ਮੰਤਰੀ ਨੇ ਕਿਹਾ ਕਿ ਇਹ ਯੋਜਨਾ ਫਲਾਪ ਹੈ। ਜਿਨ੍ਹਾਂ ਸੂਬਿਆਂ ’ਚ ਫ਼ਸਲੀ ਬੀਮਾ ਲਾਗੂ ਹੈ, ਉੱਥੇ ਜਾ ਕੇ ਕਿਸਾਨਾਂ ਤੋਂ ਪੁੱਛੋ ਤਾਂ ਪਤਾ ਲੱਗ ਜਾਵੇਗਾ ਕਿ ਉਨ੍ਹਾਂ ਨੂੰ ਇਸ ਦਾ ਕੋਈ ਲਾਭ ਨਹੀਂ ਮਿਲਿਆ। ਮੁੱਖ ਮੰਤਰੀ ਨੇ ਕਿਹਾ ਕਿ ਜੀਵਨ ਬੀਮਾ ਵੇਚਣਾ ਹੁੰਦਾ ਹੈ ਤਾਂ ਕੰਪਨੀਆਂ ਕਈ ਤਰ੍ਹਾਂ ਦੇ ਵਾਅਦੇ ਕਰਦੀਆਂ ਹਨ ਪਰ ਬਾਅਦ ’ਚ ਮੁੱਕਰ ਜਾਂਦੀਆਂ ਹਨ। ਆਪਣੇ ਇਕ ਦੋਸਤ ਦੀ ਉਦਾਹਰਣ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਉਹ ਆਪਣੇ ਪੁੱਤਰ ਦੇ ਜੀਵਨ ਬੀਮਾ ਦਾ ਕਵਰ ਲੈਣ ਲਈ ਕੋਰਟ ਦੇ ਚੱਕਰ ਕੱਟ ਰਿਹਾ ਹੈ। ਉਨ੍ਹਾਂ ਕਿਹਾ ਕਿ ਪੂਰੇ ਦੇਸ਼ ’ਚ ਫ਼ਸਲ ਖਰਾਬੇ ਦੀ ਸਭ ਤੋਂ ਚੰਗੀ ਭਰਪਾਈ ਆਮ ਆਦਮੀ ਪਾਰਟੀ ਨੇ ਕੀਤੀ ਹੈ। ਹੜ੍ਹ ਕਾਰਨ ਫ਼ਸਲਾਂ ਨੂੰ ਨੁਕਸਾਨ ਹੋਇਆ ਤਾਂ ਪੰਜਾਬ ਸਰਕਾਰ ਨੇ ਦੇਸ਼ ’ਚ ਸਭ ਤੋਂ ਜ਼ਿਆਦਾ 20 ਹਜ਼ਾਰ ਰੁਪਏ ਪ੍ਰਤੀ ਏਕੜ ਦੀ ਭਰਪਾਈ ਕੀਤੀ। ਬਾਰਿਸ਼ ਤੇ ਗੜੇਮਾਰੀ ਕਾਰਨ ਹੋਏ ਨੁਕਸਾਨ ਦੀ ਵੀ ਗਿਰਦਾਵਰੀ ਹੋ ਚੁੱਕੀ ਹੈ। ਕਿਸਾਨਾਂ ਦੀ ਭਰਪਾਈ ਕੀਤੀ ਜਾਵੇਗੀ।
ਇਸ਼ਤਿਹਾਰਾਂ ਨਾਲ ਫ਼ਸਲੀ ਵਿਭਿੰਨਤਾ ਨਹੀਂ ਹੋ ਸਕਦੀ, ਝੋਨਾ ਹੋਵੇਗਾ ਤਾਂ ਪਰਾਲੀ ਵੀ ਹੋਵੇਗੀ
ਕਿਸਾਨਾਂ ਨੂੰ ਰਵਾਇਤੀ ਖੇਤੀ ਤੋਂ ਮੁਕਤੀ ਦਿਵਾਉਣ ਦੇ ਉੱਠ ਰਹੇ ਸਵਾਲਾਂ ਦੇ ਜਵਾਬ ’ਚ ਮੁੱਖ ਮੰਤਰੀ ਨੇ ਕਿਹਾ ਕਿ ਸਿਰਫ਼ ਇਸ਼ਤਿਹਾਰ ਦੇਣ ਨਾਲ ਫ਼ਸਲੀ ਚੱਕਰ ਨਹੀਂ ਟੁੱਟਣ ਵਾਲਾ। ਇਸ ਦੇ ਲਈ ਕਿਸਾਨਾਂ ਨੂੰ ਬਦਲੀ ਹੋਈ ਫ਼ਸਲ ਦਾ ਮੁੱਲ ਦੇਣਾ ਪਵੇਗਾ। ਕੰਧਾਂ ’ਤੇ ਅਸੀਂ ਬਹੁਤ ਲਿਖਿਆ ਕਿ ‘ਹਮ ਦੋ, ਹਮਾਰੇ ਦੋ’ ਤਾਂ ਇਸ ਨਾਲ ਕੀ ਆਬਾਦੀ ਕੰਟਰੋਲ ਹੋ ਗਈ। ਪਰਾਲੀ ’ਚ ਲੱਗਣ ਵਾਲੀ ਅੱਗ ਦੇ ਮੁੱਦੇ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਅਸਲੀ ਕਾਰਨ ਨੂੰ ਸਮਝਣਾ ਹੀ ਪਵੇਗਾ। ਅਕਤੂਬਰ-ਨਵੰਬਰ ’ਚ ਦੁਸਹਿਰਾ ਤੇ ਦੀਵਾਲੀ ਇਕੱਠੇ ਆਉਂਦੇ ਹਨ।
ਕਿਸਾਨ ਝੋਨੇ ਦੀ ਪਰਾਲੀ ’ਚ ਇਸ ਲਈ ਅੱਗ ਲਗਾਉਂਦੇ ਹਨ ਕਿਉਂਕਿ ਉਸ ਨੂੰ 10 ਤੋਂ 12 ਦਿਨਾਂ ਅੰਦਰ ਕਣਕ ਦੀ ਫ਼ਸਲ ਲਗਾਉਣੀ ਪੈਂਦੀ ਹੈ। ਜਦੋਂ ਪੰਜਾਬ 185 ਲੱਖ ਮੀਟ੍ਰਿਕ ਟਨ ਝੋਨਾ ਸੈਂਟਰਲ ਪੂਲ ’ਚ ਦਿੰਦਾ ਹੈ ਤਾਂ ਪੰਜਾਬ ਬਹੁਤ ਚੰਗਾ ਪਰ ਇਸ ਦੇ ਨਾਲ ਪਰਾਲੀ ਵੀ ਤਾਂ ਹੋਵੇਗੀ। ਜਦੋਂ ਕਿਸਾਨ ਪਰਾਲੀ ਸਾੜਦੇ ਹਨ ਤਾਂ ਕਿਹਾ ਜਾਂਦਾ ਹੈ ਕਿ ਕਿਸਾਨਾਂ ’ਤੇ ਪਰਚਾ ਦਰਜ ਕਰ ਦਿਓ। 10 ਦਿਨ ਪਹਿਲਾਂ ਜਿਹੜਾ ਕਿਸਾਨ ਅੰਨਦਾਤਾ ਹੁੰਦਾ ਹੈ, 10 ਦਿਨਾਂ ਬਾਅਦ ਹੀ ਉਹ ਅਪਰਾਧੀ ਬਣ ਜਾਂਦਾ ਹੈ। ਕਿਸਾਨਾਂ ਨੂੰ ਪਰਾਲੀ ਸੰਭਾਲਣ ਦਾ ਇੰਸੈਟਿਵ ਦੇਣਾ ਪਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ’ਚ ਪਰਾਲੀ ਸੜਦੀ ਵੀ ਨਹੀਂ ਕਿ ਦਿੱਲੀ ’ਚ ਹੰਗਾਮਾ ਸ਼ੁਰੂ ਹੋ ਜਾਂਦਾ ਹੈ। ਐੱਨਜੀਟੀ ਦੇ ਰਿਟਾਇਰਡ ਜੱਜ ਨੇ ਵੀ ਸਪੱਸ਼ਟ ਕੀਤਾ ਕਿ ਪੰਜਾਬ ਨੂੰ ਐਵੇਂ ਹੀ ਬਦਨਾਮ ਕੀਤਾ ਜਾਂਦਾ ਹੈ। ਪੰਜਾਬ ਦੇ ਧੂੰਏਂ ਨਾਲ ਦਿੱਲੀ ਨੂੰ ਅਸਰ ਨਹੀਂ ਪੈਂਦਾ। ਪਰ ਜੱਜ ਸਾਹਿਬ ਨੇ ਇਹ ਗੱਲ ਉਦੋਂ ਕਹੀ ਜਦੋਂ ਉਹ ਰਿਟਾਇਰ ਹੋ ਗਏ। ਸਰਵਿਸ ’ਚ ਹੁੰਦੇ ਹੋਏ ਉਨ੍ਹਾਂ ਇਹ ਗੱਲ ਨਹੀਂ ਕਹੀ। ਮੁੱਖ ਮੰਤਰੀ ਨੇ ਮਾਡਰਨ ਖੇਤੀ ’ਤੇ ਖਾਸ ਜ਼ੋਰ ਦਿੱਤਾ।
ਅੱਜ ਪੰਜਾਬ ਦੇ ਕਿਸੇ ਵੀ ਸਕੂਲ ਦੇ ਬੱਚੇ ਜ਼ਮੀਨ ’ਤੇ ਨਹੀਂ ਬੈਠਦੇ
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ’ਚ ਸਿੱਖਿਆ ਖੇਤਰ ’ਚ ਕਾਫ਼ੀ ਸੁਧਾਰ ਹੋਇਆ ਹੈ। ਸਕੂਲ ਆਫ ਐਮੀਨੈਂਸ ਤਾਂ ਬਣੇ ਹੀ ਹਨ, ਨਾਲ ਹੀ ਪੰਜਾਬ ਦਾ ਹੁਣ ਕੋਈ ਵੀ ਅਜਿਹਾ ਸਕੂਲ ਨਹੀਂ, ਜਿੱਥੇ ਬੱਚੇ ਜ਼ਮੀਨ ’ਤੇ ਬੈਠ ਕੇ ਪੜ੍ਹਦੇ ਹੋਣ। ਕੋਈ ਸਕੂਲ ਅਜਿਹਾ ਨਹੀਂ ਜਿਹੜਾ ਬਿਨਾਂ ਚਾਰਦੀਵਾਰੀ ਦੇ ਹੋਵੇ। ਸਕੂਲਾਂ ’ਚ ਲੈਬ ਬਣੀਆਂ ਹਨ ਤੇ ਸਰਕਾਰੀ ਸਕੂਲ ਦੇ ਬੱਚੇ ਜੇਈਈ ਤੇ ਨੀਟ ਦੀ ਪ੍ਰੀਖਿਆ ਪਾਸ ਕਰ ਰਹੇ ਹਨ। ਇਹ ਉਹੀ ਸਕੂਲ ਹਨ ਜਿੱਥੇ ਦੋ-ਤਿੰਨ ਸਾਲ ਪਹਿਲਾਂ ਤੱਕ ਬੱਚਿਆਂ ਨੂੰ ਜੇਈਈ ਤੇ ਨੀਟ ਬਾਰੇ ਪਤਾ ਤੱਕ ਨਹੀਂ ਸੀ।
ਡਰੱਗਸ ਦੇ ਮੁੱਦੇ ’ਤੇ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹੈ, ਐੱਸਐੱਸਐੱਫ ਬਚਾਅ ਰਹੀ ਲੋਕਾਂ ਦੀ ਜਾਨ
ਡਰੱਗਸ ਨੂੰ ਲੈ ਕੇ ਉੱਠੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਬਦਨਾਮ ਤਾਂ ਪੰਜਾਬ ਨੂੰ ਕੀਤਾ ਜਾਂਦਾ ਹੈ ਪਰ 3000 ਕਿੱਲੋ ਡਰੱਗਸ ਮੁੰਦਰਾ ਪੋਰਟ ਤੋਂ ਫੜੀ ਜਾਂਦੀ ਹੈ। ਪੰਜਾਬ ਸਰਕਾਰ ਡਰੱਗਸ ਖ਼ਿਲਾਫ਼ ਮੁਹਿੰਮ ਚਲਾ ਰਹੀ ਹੈ। ਉੱਥੇ ਨਵੇਂ ਇਨੋਵੇਸ਼ਨ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਕ ਸਮਾਂ ਸੀ ਜਦੋਂ ਹਰ ਰੋਜ਼ 15 ਮੌਤਾਂ ਸੜਕਾਂ ’ਤੇ ਹੋ ਰਹੀਆਂ ਸਨ। ਲੋਕ ਇਸ ਨੂੰ ਕੁਦਰਤੀ ਆਫਤ ਮੰਨਦੇ ਸਨ ਪਰ ਇਹ ਮਨੁੱਖੀ ਆਫਤ ਸੀ।
ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਮੈਂ ਸੜਕ ਸੁਰੱਖਿਆ ਫੋਰਸ ਦਾ ਗਠਨ ਕੀਤਾ ਤਾਂ ਸੜਕ ਹਾਦਸਿਆਂ ’ਚ ਜਾਨ ਗੁਆਉਣ ਵਾਲਿਆਂ ਦੀ ਗਿਣਤੀ ’ਚ ਕਮੀ ਆਈ। ਅੱਜ ਹਰ ਸਾਲ 2600 ਕੀਮਤੀ ਜਾਨਾਂ ਬਚਾਈਆਂ ਜਾ ਰਹੀਆਂ ਹਨ।
ਮੁਹੰਮਦ ਸਦੀਕ ਨੇ 100 ਦੀ ਬਜਾਏ 500 ਦੇ ਨੋਟ ਦੇ ਦਿੱਤੇ
ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਜੀਵਨ ਦਾ ਇਕ ਅਨੋਖਾ ਵਾਕਿਆ ਸਾਂਝਾ ਕਰਦੇ ਹੋਏ ਕਿਹਾ ਕਿ ਗੱਲ ਉਨ੍ਹਾਂ ਦਿਨਾਂ ਦੀ ਹੈ ਜਦੋਂ ਮੈਂ ਕਾਲਜ ’ਚ ਪੜ੍ਹਦਾ ਸੀ ਤੇ ਹਫਤੇ ’ਚ ਤਿੰਨ ਦਿਨ ਮਸ਼ਹੂਰ ਪੰਜਾਬੀ ਗਾਇਕ ਮੁਹੰਮਦ ਸਦੀਕ ਦੀ ਸਟੇਜ ਸੰਭਾਲਦਾ ਸੀ। 1990 ਦੇ ਦੌਰ ’ਚ ਮੁਹੰਮਦ ਸਦੀਕ ਆਪਣੇ ਪੀਕ ’ਤੇ ਸਨ। ਉਨ੍ਹਾਂ ਦੇ ਇਕ ਦਿਨ ’ਚ ਤਿੰਨ ਤੋਂ ਪੰਜ ਪ੍ਰੋਗਰਾਮ ਹੁੰਦੇ ਸਨ। ਮੇਰਾ ਕੰਮ ਮੁਹੰਮਦ ਸਦੀਕ ਸਾਹਿਬ ਨੂੰ ਸਟੇਜ ’ਤੇ ਪੇਸ਼ ਕਰਨਾ ਤੇ ਬਾਅਦ ’ਚ ਲੋਕ ਜਿਹੜੇ ਪੈਸੇ ਦਿੰਦੇ ਸਨ, ਉਸ ਨੂੰ ਇਕੱਠਾ ਕਰ ਕੇ ਝੋਲੇ ’ਚ ਰੱਖਣ ਦਾ ਹੁੰਦਾ ਸੀ। ਮੈਨੂੰ 100 ਰੁਪਇਆ ਹਰ ਪ੍ਰੋਗਰਾਮ ਮਿਲਦਾ ਸੀ। ਮੁੱਖ ਮੰਤਰੀ ਨੇ ਕਿਹਾ ਕਿ ਮੁਹੰਮਦ ਸਦੀਕ ਸਾਹਿਬ ਕੋਲ ਮਾਰੂਤੀ ਕਾਰ ਹੁੰਦੀ ਸੀ। ਇਕ ਵਾਰੀ ਪ੍ਰੋਗਰਾਮ ਕਰ ਕੇ ਆ ਰਹੇ ਸਨ। ਉਨ੍ਹਾਂ ਨੇ ਮੈਨੂੰ ਪੈਸੇ ਦੇਣੇ ਸਨ। ਗੱਡੀ ਤੋਂ ਉਤਰਦੇ ਹੋਏ ਉਨ੍ਹਾਂ ਨੇ ਮੈਨੂੰ ਪੈਸੇ ਦਿੱਤੇ ਤੇ ਮੈਂ ਵਾਪਸ ਧੂਰੀ ਆ ਗਿਆ। ਘਰ ਆ ਕੇ ਦੇਖਿਆ ਤਾਂ ਛੇ ਨੋਟ 100 ਦੇ ਨਹੀਂ ਬਲਕਿ 500-500 ਦੇ ਸਨ। ਮੈਨੂੰ ਲੱਗਾ ਕਿ ਗਲਤੀ ਨਾਲ ਸ਼ਾਇਦ ਮੁਹੰਮਦ ਸਦੀਕ ਨੇ 100 ਦੀ ਬਜਾਏ 500 ਦੇ ਨੋਟ ਦੇ ਦਿੱਤੇ। ਉਨ੍ਹਾਂ ਦਿਨਾਂ ’ਚ ਲੈਂਡਲਾਈਨ ਫੋਨ ਹੁੰਦੇ ਸਨ। ਮੈਂ ਮੁਹੰਮਦ ਸਦੀਕ ਸਾਹਿਬ ਨੂੰ ਫੋਨ ਕੀਤਾ ਤਾਂ ਸਾਹਮਣੇ ਤੋਂ ਜਵਾਬ ਆਇਆ ਕਿ ਮੈਨੂੰ ਪਤਾ ਸੀ ਕਿ ਤੁਹਾਡਾ ਫੋਨ ਆਏਗਾ। ਮੈਂ ਕਿਹਾ ਕਿ ਗ਼ਲਤੀ ਨਾਲ ਤੁਸੀਂ ਮੈਨੂੰ 500 ਦੇ ਨੋਟ ਦੇ ਦਿੱਤੇ ਹਨ ਤਾਂ ਉਨ੍ਹਾਂ ਕਿਹਾ ਕਿ ਮੈਂ ਤੁਹਾਡੀ ਤਨਖਾਹ ਵਧਾ ਦਿੱਤੀ ਹੈ। ਕਿਉਂਕਿ ਜਦੋਂ ਤੁਸੀਂ ਸਟੇਜ ਸੰਭਾਲਦੇ ਹੋ ਤਾਂ ਝੋਲੇ ’ਚ 10 ਹਜ਼ਾਰ ਰੁਪਏ ਆਉਂਦੇ ਹਨ। ਜਦੋਂ ਤੁਸੀਂ ਨਹੀਂ ਹੁੰਦੇ ਤਾਂ 5,000 ਰੁਪਏ ਹੀ ਆਉਂਦੇ ਹਨ। ਉਸ ਸਮੇਂ ਮੁਹੰਮਦ ਸਦੀਕ ਸਾਹਿਬ ਨੇ ਕਿਹਾ ਕਿ ਆਪਣੀ ਇਮਾਨਦਾਰੀ ਨੂੰ ਬਣਾ ਕੇ ਰੱਖਣਾ। ਬਹੁਤ ਅੱਗੇ ਤੱਕ ਜਾਓਗੇ। ਮੁੱਖ ਮੰਤਰੀ ਨੇ ਕਿਹਾ ਕਿ ਝੋਲੇ ’ਚ ਤਾਂ ਪਹਿਲਾਂ ਵੀ 10 ਹਜ਼ਾਰ ਦੇ ਕਰੀਬ ਪੈਸਾ ਆਉਂਦਾ ਸੀ ਪਰ ਜਿਹੜੇ ਲੋਕ ਇਕੱਠਾ ਕਰਦੇ ਸਨ ਉਹ ਟਾਂਕਾ ਲਗਾ ਦਿੰਦੇ ਸਨ।