ਇਸ ਮੁਹਿੰਮ ਦੇ 10ਵੇਂ ਦਿਨ, ਪੁਲਿਸ ਟੀਮਾਂ ਨੇ 576 ਵਿਅਕਤੀਆਂ ਦੀ ਜਾਂਚ ਕੀਤੀ, ਜਿਨ੍ਹਾਂ ਵਿੱਚੋਂ 157 ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਤਿੰਨ ਹਥਿਆਰ ਬਰਾਮਦ ਕੀਤੇ ਗਏ। 160 ਵਿਅਕਤੀਆਂ ਵਿਰੁੱਧ ਰੋਕਥਾਮ ਕਾਰਵਾਈ ਕੀਤੀ ਗਈ ਅਤੇ 259 ਵਿਅਕਤੀਆਂ ਦੀ ਤਸਦੀਕ ਕੀਤੀ ਗਈ ਅਤੇ ਪੁੱਛਗਿੱਛ ਤੋਂ ਬਾਅਦ ਉਨ੍ਹਾਂ ਨੂੰ ਛੱਡ ਦਿੱਤਾ ਗਿਆ।
ਪੰਜਾਬੀ ਜਾਗਰਣ ਟੀਮ, ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸ਼ੁਰੂ ਕੀਤੀ ਗਈ ਫੈਸਲਾਕੁੰਨ 'ਗੈਂਗਸਟਰਾਂ ‘ਤੇ ਵਾਰ' ਮੁਹਿੰਮ ਦੇ 10ਵੇਂ ਦਿਨ, ਪੰਜਾਬ ਪੁਲਿਸ ਨੇ ਅੱਜ ਸੂਬੇ ਭਰ ਵਿੱਚ ਗੈਂਗਸਟਰਾਂ ਦੇ ਸਾਥੀਆਂ ਨਾਲ ਸਬੰਧਤ ਪਛਾਣੇ ਗਏ ਅਤੇ ਮੈਪ ਕੀਤੇ ਟਿਕਾਣਿਆਂ 'ਤੇ 765 ਛਾਪੇਮਾਰੀਆਂ ਕੀਤੀਆਂ।
ਜਾਣਕਾਰੀ ਅਨੁਸਾਰ, "ਗੈਂਗਸਟਰਾਂ ‘ਤੇ ਵਾਰ" - ਪੰਜਾਬ ਨੂੰ ਗੈਂਗਸਟਰ ਮੁਕਤ ਸੂਬਾ ਬਣਾਉਣ ਲਈ ਵਿੱਢੀ ਇੱਕ ਫੈਸਲਾਕੁੰਨ ਜੰਗ – ਜੋ 20 ਜਨਵਰੀ, 2026 ਨੂੰ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਵੱਲੋਂ ਸ਼ੁਰੂ ਕੀਤੀ ਗਈ ਸੀ। ਇਸ ਤਹਿਤ ਸਾਰੇ ਜ਼ਿਲ੍ਹਿਆਂ ਦੀਆਂ ਪੁਲਿਸ ਟੀਮਾਂ ਵੱਲੋਂ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਪੰਜਾਬ ਦੇ ਤਾਲਮੇਲ ਨਾਲ ਸੂਬੇ ਭਰ ਵਿੱਚ ਵਿਸ਼ੇਸ਼ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ।
ਇਸ ਮੁਹਿੰਮ ਦੇ 10ਵੇਂ ਦਿਨ, ਪੁਲਿਸ ਟੀਮਾਂ ਨੇ 576 ਵਿਅਕਤੀਆਂ ਦੀ ਜਾਂਚ ਕੀਤੀ, ਜਿਨ੍ਹਾਂ ਵਿੱਚੋਂ 157 ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਤਿੰਨ ਹਥਿਆਰ ਬਰਾਮਦ ਕੀਤੇ ਗਏ। 160 ਵਿਅਕਤੀਆਂ ਵਿਰੁੱਧ ਰੋਕਥਾਮ ਕਾਰਵਾਈ ਕੀਤੀ ਗਈ ਅਤੇ 259 ਵਿਅਕਤੀਆਂ ਦੀ ਤਸਦੀਕ ਕੀਤੀ ਗਈ ਅਤੇ ਪੁੱਛਗਿੱਛ ਤੋਂ ਬਾਅਦ ਉਨ੍ਹਾਂ ਨੂੰ ਛੱਡ ਦਿੱਤਾ ਗਿਆ।
ਲੋੜੀਂਦੇ ਅਪਰਾਧੀਆਂ/ ਗੈਂਗਸਟਰਾਂ ਬਾਰੇ ਜਾਣਕਾਰੀ ਅਤੇ ਅਪਰਾਧ ਤੇ ਅਪਰਾਧਿਕ ਗਤੀਵਿਧੀਆਂ ਬਾਰੇ ਇਤਲਾਹ ਦੇਣ ਲਈ ਲੋਕ ਗੁਪਤ ਰੂਪ ਵਿੱਚ ਐਂਟੀ ਗੈਂਗਸਟਰ ਹੈਲਪਲਾਈਨ ਨੰਬਰ 93946-93946 ਰਾਹੀਂ ਸੰਪਰਕ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਵੱਲੋਂ ਦਿੱਤੀ ਗੈਂਗਸਟਰਾਂ ਦੀ ਜਾਣਕਾਰੀ ਦੇ ਅਧਾਰ ਤੇ ਕੋਈ ਗ੍ਰਿਫਤਾਰੀ ਹੁੰਦੀ ਹੈ ਤਾਂ ਉਸ ਵਿਅਕਤੀ ਨੂੰ 10 ਲੱਖ ਰੁਪਏ ਤੱਕ ਦੀ ਇਨਾਮੀ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਪੁਲਿਸ ਟੀਮਾਂ ਨੇ ਨਸ਼ਿਆਂ ਵਿਰੁੱਧ ਆਪਣੀ ਮੁਹਿੰਮ "ਯੁੱਧ ਨਸ਼ਿਆਂ ਵਿਰੁੱਧ" ਨੂੰ 334ਵੇਂ ਦਿਨ ਵੀ ਜਾਰੀ ਰੱਖਦਿਆਂ 104 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 43.6 ਕਿਲੋਗ੍ਰਾਮ ਹੈਰੋਇਨ, 7 ਕਿਲੋਗ੍ਰਾਮ ਅਫੀਮ, 13 ਕਿਲੋਗ੍ਰਾਮ ਗਾਂਜਾ, 369 ਨਸ਼ੀਲੀਆਂ ਗੋਲੀਆਂ/ਕੈਪਸੂਲ ਅਤੇ 8570 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ। ਇਸ ਦੇ ਨਾਲ, ਸਿਰਫ 334 ਦਿਨਾਂ ਵਿੱਚ ਗ੍ਰਿਫ਼ਤਾਰ ਕੀਤੇ ਗਏ ਕੁੱਲ ਨਸ਼ਾ ਤਸਕਰਾਂ ਦੀ ਗਿਣਤੀ 46,970 ਹੋ ਗਈ ਹੈ। 'ਡੀ-ਅਡਿਕਸ਼ਨ' ਦੇ ਹਿੱਸੇ ਵਜੋਂ, ਪੰਜਾਬ ਪੁਲਿਸ ਨੇ ਅੱਜ 39 ਵਿਅਕਤੀਆਂ ਨੂੰ ਨਸ਼ਾ ਛੁਡਾਊ ਅਤੇ ਮੁੜ ਵਸੇਬੇ ਲਈ ਰਾਜ਼ੀ ਕੀਤਾ ਹੈ।