ਪਿੰਡ ਸਮਗੌਲੀ ’ਚ ਕੂੜੇ ਦੇ ਢੇਰ ਕਾਰਨ ਪਿੰਡ ਵਾਸੀ ਪਰੇਸ਼ਾਨ
ਪਿੰਡ ਸਮਗੌਲੀ ’ਚ ਕੂੜੇ ਦੇ ਢੇਰ ਕਾਰਨ ਪਿੰਡ ਵਾਸੀ ਪਰੇਸ਼ਾਨ
Publish Date: Fri, 12 Dec 2025 05:25 PM (IST)
Updated Date: Fri, 12 Dec 2025 05:27 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਨਜ਼ਦੀਕੀ ਪਿੰਡ ਸਮਗੌਲੀ ਦੇ ਵਸਨੀਕ ਘਰਾਂ ਦੇ ਬਿਲਕੁਲ ਸਾਹਮਣੇ ਲੱਗੇ ਕੂੜੇ ਤੇ ਗੰਦਗੀ ਦੇ ਵੱਡੇ ਢੇਰਾਂ ਕਾਰਨ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਇਨ੍ਹਾਂ ਢੇਰਾਂ ਤੋਂ ਉੱਠ ਰਹੀ ਭਿਆਨਕ ਬਦਬੂ ਨੇ ਲੋਕਾਂ ਦਾ ਜੀਣਾ ਮੁਹਾਲ ਕਰ ਦਿੱਤਾ ਹੈ, ਖ਼ਾਸ ਕਰਕੇ ਜਿਹੜੇ ਪਰਿਵਾਰ ਇਨ੍ਹਾਂ ਦੇ ਨੇੜੇ ਰਹਿੰਦੇ ਹਨ। ਪਿੰਡ ਵਾਸੀ ਸਾਹਿਲ ਸ਼ਰਮਾ ਨੇ ਦੱਸਿਆ ਕਿ 18 ਨਵੰਬਰ ਨੂੰ ਇਕ ਸ਼ਿਕਾਇਤ ਦਿੱਤੀ ਸੀ, ਜਿਸ ’ਚ ਉਸ ਨੇ ਸਮਗੌਲੀ ਪਿੰਡ ਵਿਚ ਆਪਣੇ ਘਰ ਦੇ ਸਾਹਮਣੇ ਇਕੱਠਾ ਹੋਇਆ ਕੂੜਾ ਅਤੇ ਗੰਦਗੀ ਹਟਾਉਣ ਦੀ ਅਪੀਲ ਕੀਤੀ ਗਈ ਸੀ। ਜਿਸ ਤੋਂ ਬਾਅਦ ਅੱਜ ਤੱਕ ਗੰਦਗੀ ਅਤੇ ਕੂੜੇ ਨੂੰ ਹਟਾਉਣ ਦੀ ਕੋਈ ਕਾਰਵਾਈ ਨਹੀਂ ਕੀਤੀ ਗਈ। ਹੁਣ ਸਥਿਤੀ ਇੰਨੀ ਵਿਗੜ ਗਈ ਹੈ ਕਿ ਗੰਦਗੀ ਅਤੇ ਕੂੜੇ ਕਾਰਨ ਬਦਬੂ, ਮੱਛਰ ਅਤੇ ਮੱਖੀਆਂ ਵਧ ਗਈਆਂ ਹਨ, ਜਿਸ ਕਾਰਨ ਪਿੰਡ ਵਾਸੀਆਂ ਨੂੰ ਕਾਫ਼ੀ ਪਰੇਸ਼ਾਨੀ ਪੇਸ਼ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਕੂੜੇ ਦੇ ਢੇਰ ਕਾਫ਼ੀ ਸਮੇਂ ਤੋਂ ਇੱਥੇ ਲੱਗੇ ਹੋਏ ਹਨ ਅਤੇ ਪ੍ਰਸ਼ਾਸਨ ਵੱਲੋਂ ਇਨ੍ਹਾਂ ਨੂੰ ਹਟਾਉਣ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ। ਗੰਦਗੀ ਦੇ ਕਾਰਨ ਸਿਹਤ ਸਬੰਧੀ ਸਮੱਸਿਆਵਾਂ, ਜਿਵੇਂ ਕਿ ਬਿਮਾਰੀਆਂ ਫੈਲਣ ਦਾ ਖ਼ਤਰਾ, ਵੀ ਵੱਧ ਰਿਹਾ ਹੈ। ਇਨ੍ਹਾਂ ਗੰਦਗੀ ਦੇ ਢੇਰਾਂ ਵਿਚੋਂ ਨਿਕਲਦੀ ਗੰਦੀ ਬਦਬੂ ਕਾਰਨ ਲੋਕਾਂ ਲਈ ਘਰਾਂ ਵਿਚ ਬੈਠਣਾ ਵੀ ਮੁਸ਼ਕਲ ਹੋ ਗਿਆ ਹੈ। ਗੰਦਗੀ ਕਾਰਨ ਇੱਥੇ ਮੱਛਰਾਂ ਅਤੇ ਮੱਖੀਆਂ ਦੀ ਭਰਮਾਰ ਹੋ ਗਈ ਹੈ, ਜਿਸ ਨਾਲ ਬੱਚਿਆਂ ਅਤੇ ਬਜ਼ੁਰਗਾਂ ਵਿਚ ਬਿਮਾਰੀਆਂ ਫੈਲਣ ਦਾ ਡਰ ਹੈ। ਕੂੜਾ ਸੜਨ ਕਾਰਨ ਆਸ-ਪਾਸ ਦਾ ਵਾਤਾਵਰਨ ਵੀ ਬੁਰੀ ਤਰ੍ਹਾਂ ਪ੍ਰਦੂਸ਼ਿਤ ਹੋ ਰਿਹਾ ਹੈ। ਪਿੰਡ ਵਾਸੀਆਂ ਨੇ ਸਬੰਧਤ ਪੰਚਾਇਤ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਤੁਰੰਤ ਮੰਗ ਕੀਤੀ ਹੈ ਕਿ ਇਸ ਸਮੱਸਿਆ ਦਾ ਪੱਕਾ ਹੱਲ ਕੀਤਾ ਜਾਵੇ ਅਤੇ ਕੂੜੇ ਦੇ ਢੇਰ ਨੂੰ ਜਲਦੀ ਤੋਂ ਜਲਦੀ ਚੁਕਵਾਇਆ ਜਾਵੇ ਤਾਂ ਜੋ ਉਹ ਇਕ ਸਾਫ਼-ਸੁਥਰੇ ਮਾਹੌਲ ਵਿਚ ਜੀਅ ਸਕਣ।