ਪੁਰਾਣਾ ਰੁੱਖ ਵੱਢਣ ਕਾਰਨ ਪਿੰਡ ਵਾਸੀਆਂ ਤੇ ਵਾਤਾਵਰਨ ਪ੍ਰੇਮੀਆਂ ’ਚ ਭਾਰੀ ਰੋਸ
ਪੁਰਾਣਾ ਦਰੱਖਤ ਵੱਢਣ ਕਾਰਨ ਪਿੰਡ ਵਾਸੀਆਂ ਤੇ ਵਾਤਾਵਰਨ ਪ੍ਰੇਮੀਆਂ ਵਿਚ ਭਾਰੀ ਰੋਸ
Publish Date: Sat, 10 Jan 2026 05:25 PM (IST)
Updated Date: Sat, 10 Jan 2026 05:27 PM (IST)

ਇਕਬਾਲ ਸਿੰਘ, ਪੰਜਾਬੀ ਜਾਗਰਣ, ਡੇਰਾਬੱਸੀ : ਡੇਰਾਬੱਸੀ ਨਗਰ ਕੌਂਸਲ ਦੇ ਅਧੀਨ ਪੈਂਦੇ ਪਿੰਡ ਮਹਿਮਦਪੁਰ ਵਿਖੇ ਧਰਮਸ਼ਾਲਾ ’ਚ ਸਥਿਤ ਕਰੀਬ ਤਿੰਨ ਦਹਾਕੇ ਪੁਰਾਣਾ ਪਿੱਪਲ/ਪਿਲਖਣ ਦਾ ਰੁੱਖ ਵੱਢੇ ਜਾਣ ਕਾਰਨ ਵਾਤਾਵਰਨ ਪ੍ਰੇਮੀਆਂ ਅਤੇ ਪਿੰਡ ਵਾਸੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਸ਼ਨਿੱਚਰਵਾਰ ਸਵੇਰੇ ਠੇਕੇਦਾਰਾਂ ਵੱਲੋਂ ਧਰਮਸ਼ਾਲਾ ’ਚ ਖੜ੍ਹੇ ਇਸ ਪੁਰਾਣੇ ਰੁੱਖ ਨੂੰ ਵੱਢਣਾ ਸ਼ੁਰੂ ਕੀਤਾ ਗਿਆ, ਜਿਵੇਂ ਹੀ ਪਿੰਡ ਵਾਸੀਆਂ ਨੂੰ ਇਸ ਦੀ ਭਿਣਕ ਲੱਗੀ, ਉਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਇਸ ਦਾ ਸਖ਼ਤ ਵਿਰੋਧ ਕੀਤਾ ਅਤੇ ਸੋਸ਼ਲ ਮੀਡੀਆ ਰਾਹੀਂ ਪ੍ਰਸ਼ਾਸਨ ਤੇ ਪੱਤਰਕਾਰਾਂ ਤੱਕ ਆਪਣੀ ਆਵਾਜ਼ ਪਹੁੰਚਾਈ। ਪਿੰਡ ਵਾਸੀ ਜਤਿੰਦਰ ਸਿੰਘ ਨੇ ਦੱਸਿਆ ਕਿ ਇੱਥੇ ਕੁੱਲ ਤਿੰਨ ਦਰੱਖਤ ਸਨ, ਜਿਨ੍ਹਾਂ ਵਿਚੋਂ ਦੋ ਨੂੰ ਪਹਿਲਾਂ ਹੀ ਵੱਢ ਦਿੱਤਾ ਗਿਆ ਹੈ ਅਤੇ ਹੁਣ ਇਸ ਆਖ਼ਰੀ ਬਚੇ ਹਰੇ-ਭਰੇ ਦਰੱਖਤ ਨੂੰ ਵੀ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਮੌਕੇ ਤੇ ਮੌਜੂਦ ਠੇਕੇਦਾਰ ਨੇ ਨਗਰ ਕੌਂਸਲ ਦੀ ਇਕ ਰਸੀਦ ਦਿਖਾਈ, ਜਿਸ ਅਨੁਸਾਰ ਇਹ ਦਰੱਖਤ ਕਰੀਬ 3 ਲੱਖ ਰੁਪਏ ਦੀ ਬੋਲੀ ਵਿਚ ਖ਼ਰੀਦੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਦੂਜੇ ਪਾਸੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਦਰੱਖਤ ਵੱਢਣਾ ਹੀ ਸੀ ਤਾਂ ਧਰਮਸ਼ਾਲਾ ਦੀ ਉਸਾਰੀ ਤੋਂ ਪਹਿਲਾਂ ਵੱਢਿਆ ਜਾਂਦਾ, ਪਰ ਹੁਣ ਜਦੋਂ ਧਰਮਸ਼ਾਲਾ ਬਣ ਚੁੱਕੀ ਹੈ ਅਤੇ ਇਹ ਦਰੱਖਤ ਬੱਚਿਆਂ ਦੇ ਖੇਡਣ ਅਤੇ ਬਜ਼ੁਰਗਾਂ ਦੇ ਬੈਠਣ ਲਈ ਠੰਡੀ ਛਾਂ ਦਾ ਸਰੋਤ ਹੈ, ਤਾਂ ਇਸ ਨੂੰ ਵੱਢਣਾ ਸਰਾਸਰ ਗ਼ਲਤ ਹੈ। ਜ਼ਿਕਰਯੋਗ ਹੈ ਕਿ ਹਾਈ ਕੋਰਟ ਵੱਲੋਂ ਵੀ ਹਰੇ-ਭਰੇ ਦਰੱਖਤਾਂ ਦੀ ਕਟਾਈ ਤੇ ਰੋਕ ਲਗਾਈ ਗਈ ਹੈ। ਕਾਰਜਸਾਧਕ ਅਫ਼ਸਰ ਵੱਲੋਂ ਕਾਰਵਾਈ ਦਾ ਭਰੋਸਾ ਇਸ ਬਾਬਤ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਰਵਨੀਤ ਸਿੰਘ ਨੇ ਆਖਿਆ ਕਿ ਦਰੱਖਤ ਵੱਢਣ ਦੀ ਮਨਜ਼ੂਰੀ ਭਾਵੇਂ ਪਹਿਲਾਂ ਮਿਲੀ ਹੋਈ ਸੀ, ਪਰ ਪਿੰਡ ਵਾਸੀਆਂ ਦੇ ਰੋਸ ਅਤੇ ਮੰਗ ਨੂੰ ਦੇਖਦਿਆਂ ਫਿਲਹਾਲ ਕੰਮ ਰੁਕਵਾ ਦਿੱਤਾ ਗਿਆ ਹੈ। ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ ਅਤੇ ਕਿਸੇ ਵੀ ਤਰ੍ਹਾਂ ਦੀ ਨਿਯਮਾਂ ਦੀ ਉਲੰਘਣਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ।