ਵਿਜੈ ਦਿਵਸ ਵੀਰਤਾ ਤੇ ਬਹਾਦਰੀ ਦੀ ਇੱਕ ਮਿਸਾਲ : ਡਾ. ਬਿਮਲ ਸ਼ਰਮਾ
ਵਿਜੈ ਦਿਵਸ ਵੀਰਤਾ ਤੇ ਬਹਾਦਰੀ ਦੀ ਇਕ ਮਿਸਾਲ : ਡਾ. ਬਿਮਲ ਸ਼ਰਮਾ
Publish Date: Mon, 15 Dec 2025 05:57 PM (IST)
Updated Date: Mon, 15 Dec 2025 06:00 PM (IST)

ਸੁਰਜੀਤ ਸਿੰਘ ਕੁਹਾੜ, ਪੰਜਾਬੀ ਜਾਗਰਣ ਲਾਲੜੂ : ਵਿਜੈ ਦਿਵਸ ਹਰ ਸਾਲ 16 ਦਸੰਬਰ ਨੂੰ ਭਾਰਤ ਵਿਚ ਮਨਾਇਆ ਜਾਂਦਾ ਹੈ। ਅੱਜ ਦੇ ਦਿਨ 1971 ਵਿਚ ਭਾਰਤੀ ਫ਼ੌਜਾਂ ਨੇ ਪਾਕਿਸਤਾਨ ਖ਼ਿਲਾਫ਼ ਇਤਿਹਾਸਕ ਜਿੱਤ ਦਰਜ ਕੀਤੀ ਸੀ ਅਤੇ ਇਹ ਜਿੱਤ ਹਰ ਦੇਸ਼ ਵਾਸੀ ਦੇ ਦਿਲ ਨੂੰ ਜੋਸ਼ ਅਤੇ ਉਤਸ਼ਾਹ ਨਾਲ ਭਰ ਦਿੰਦੀ ਹੈ। ਵਿਜੈ ਦਿਵਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਡਾ. ਬਿਮਲ ਸ਼ਰਮਾ ਨੇ ਦੱਸਿਆ ਕਿ ਅੱਜ ਦੇ ਦਿਨ 1971 ਵਿਚ ਪਾਕਿਸਤਾਨੀ ਫ਼ੌਜਾਂ ਨੇ ਭਾਰਤੀ ਫ਼ੌਜਾਂ ਦੀ ਬਹਾਦਰੀ ਅੱਗੇ ਆਤਮਸਮਰਪਣ ਕਰ ਦਿੱਤਾ ਸੀ ਅਤੇ ਬੰਗਲਾ ਦੇਸ਼ ਨੂੰ ਆਜ਼ਾਦੀ ਮਿਲੀ ਸੀ। ਇਹ ਯੁੱਧ 13 ਦਿਨਾਂ ਤਕ ਚੱਲਿਆ ਜੋ ਕਿ 3 ਦਸੰਬਰ ਨੂੰ ਸ਼ੁਰੂ ਹੋਇਆ ਸੀ। ਇਸ ਦਿਨ ਪਾਕਿਸਤਾਨੀ ਫ਼ੌਜ ਦੇ ਤਤਕਾਲੀ ਮੇਜਰ ਜਨਰਲ ਅਮੀਰ ਅਬਦੁਲਾ ਖਾਨ ਨਿਆਜ਼ੀ ਨੇ ਭਾਰਤੀ ਫ਼ੌਜ ਅਤੇ ਬੰਗਲਾ ਦੇਸ਼ ਦੀ ਮੁਕਤੀ ਬਾਹਨੀ ਦੀਆਂ ਸੰਯੁਕਤ ਫ਼ੌਜਾਂ ਅੱਗੇ 93000 ਸੈਨਿਕਾਂ ਨਾਲ ਆਤਮ ਸਮਰਪਣ ਕਰ ਦਿੱਤਾ ਸੀ ਅਤੇ ਅੱਜ ਪੂਰਾ ਦੇਸ਼ ਭਾਰਤੀ ਫ਼ੌਜ ਦੇ ਇਨ੍ਹਾਂ ਬਹਾਦਰ ਜਵਾਨਾਂ ਦੀ ਬਹਾਦਰੀ ਅਤੇ ਕੁਰਬਾਨੀ ਨੂੰ ਸਲਾਮ ਕਰ ਰਿਹਾ ਹੈ, ਜੋ ਇਸ ਇਤਿਹਾਸਕ ਜਿੱਤ ਦੇ ਨਾਇਕ ਸਨ। ਕਾਬਿਲੇਗੌਰ ਹੈ ਕਿ ਵੰਡ ਵੇਲੇ ਭਾਰਤ ਦੇ ਦੋ ਹਿੱਸੇ ਪੱਛਮੀ ਪਾਕਿਸਤਾਨ ਅਤੇ ਪੂਰਬੀ ਪਾਕਿਸਤਾਨ ਦੇ ਨਾਂ ’ਤੇ ਵੱਖ ਹੋ ਗਏ ਸਨ। ਬੰਗਾਲ ਦਾ ਵੱਡਾ ਹਿੱਸਾ ਪੂਰਬੀ ਪਾਕਿਸਤਾਨ ਵਜੋਂ ਜਾਣਿਆ ਜਾਂਦਾ ਸੀ ਅਤੇ ਪੱਛਮੀ ਪਾਕਿਸਤਾਨ ਦੀ ਸਰਕਾਰ ਪੂਰਬੀ ਪਾਕਿਸਤਾਨ ਦੇ ਲੋਕਾਂ ਨਾਲ ਦੁਰਵਿਵਹਾਰ ਕਰਦੀ ਸੀ। ਭਾਰਤ ਨੇ ਪੂਰਬੀ ਪਾਕਿਸਤਾਨ ਦੀ ਆਜ਼ਾਦੀ ਦੀ ਲੜਾਈ ਵਿਚ ਉਨ੍ਹਾਂ ਦਾ ਸਾਥ ਦਿੱਤਾ ਅਤੇ ਜੰਗ ਵਿਚ ਭਾਰਤ ਦੀ ਜਿੱਤ ਨਾਲ ਪੂਰਬੀ ਪਾਕਿਸਤਾਨ ਆਜ਼ਾਦ ਹੋ ਗਿਆ ਅਤੇ ਬੰਗਲਾ ਦੇਸ਼ ਬਣ ਗਿਆ। ਡਾ. ਸ਼ਰਮਾ ਨੇ ਦੱਸਿਆ ਕਿ 1970 ਵਿਚ ਪਾਕਿਸਤਾਨ ’ਚ ਆਮ ਚੋਣਾਂ ਹੋਈਆਂ। ਇਨ੍ਹਾਂ ਚੋਣਾਂ ਵਿਚ ਪੂਰਬੀ ਪਾਕਿਸਤਾਨ ਅਵਾਮੀ ਲੀਗ ਦੇ ਨੇਤਾ ਸ਼ੇਖ ਮੁਜੀਬਰ ਰਹਿਮਾਨ ਪ੍ਰਸਿੱਧ ਹੋਏ ਅਤੇ ਸਰਕਾਰ ਬਨਾਉਣ ਦਾ ਦਾਅਵਾ ਪੇਸ਼ ਕੀਤਾ ਸੀ, ਪਰ ਪਾਕਿਸਤਾਨ ਪੀਪਲਜ਼ ਪਾਰਟੀ ਦਾ ਆਗੂ ਜ਼ੁਲਫਕਾਰ ਅਲੀ ਭੁੱਟੋ ਚਿੜਚਿੜਾ ਬਣ ਗਿਆ ਅਤੇ ਉਸ ਨੇ ਪੂਰਬੀ ਅਤੇ ਪੱਛਮੀ ਪਾਕਿਸਤਾਨ ਦੇ ਲੋਕਾਂ ਨੂੰ ਇਕ ਦੂਜੇ ਦੇ ਇਲਾਕੇ ਵਿਚ ਦਖ਼ਲ ਦੇਣ ਤੋਂ ਵਰਜਿਆ ਸੀ ਅਤੇ ਇਸ ਦੌਰਾਨ ਤਣਾਓ ਇੰਨਾ ਵੱਧ ਗਿਆ ਕਿ ਅੱਤਿਆਚਾਰ ਵਧਣ ਲੱਗ ਗਏ।1971 ਦੀ ਜੰਗ ਨੇ ਬੰਗਲਾ ਦੇਸ਼ ਨੂੰ ਦੁਨੀਆ ਦੇ ਨਕਸ਼ੇ ’ਤੇ ਲਿਆਂਦਾ। ਇਸ ਦਿਨ ਭਾਰਤ ਦੇ ਰੱਖਿਆ ਮੰਤਰੀ ਅਤੇ ਭਾਰਤੀ ਹਥਿਆਰਬੰਦ ਬਲਾਂ ਦੇ ਤਿਨਾਂ ਵਿੰਗਾ ਦੇ ਮੁਖੀਆ ਨੇ ਨਵੀਂ ਦਿੱਲੀ ਦੇ ਇੰਡੀਆ ਗੇਟ ਵਿਖੇ ਅਮਰ ਜਵਾਨ ਜੋਤੀ ਵਿਖੇ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ।