ਸਰਕਾਰ ਤੋਂ 10 ਜਨਵਰੀ ਤੱਕ ਕੋਈ ਹੁੰਗਾਰਾ ਨਾ ਮਿਲਣ ’ਤੇ ਸੰਘਰਸ਼ ਨੂੰ ਤੇਜ਼ ਕਰਨ ਦਾ ਐਲਾਨ
ਸਰਕਾਰ ਤੋਂ ਕੋਈ ਹੁੰਗਾਰਾ ਨਾ ਮਿਲਣ ’ਤੇ ਵੈਟਰਨਰੀ ਡਾਕਟਰ ਕਰਨਗੇ ਸੰਘਰਸ਼ ਨੂੰ ਹੋਰ ਤੇਜ਼
Publish Date: Sun, 04 Jan 2026 07:37 PM (IST)
Updated Date: Sun, 04 Jan 2026 07:38 PM (IST)

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਪੰਜਾਬ ਦੇ ਵੈਟਨਰੀ ਡਾਕਟਰਾਂ ਦੀਆਂ ਜਾਇਜ਼ ਮੰਗਾਂ ਪ੍ਰਤੀ ਸਰਕਾਰ ਦੇ ਰਵੱਈਏ ਵਿਰੁੱਧ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੇ ਵੈਟਨਰੀ ਡਾਕਟਰ ਪਿਛਲੇ ਕਰੀਬ 5 ਸਾਲਾ ਤੋਂ ਆਪਣੀਆਂ ਜਾਇਜ਼ ਮੰਗਾਂ ਜਿਨ੍ਹਾਂ ਵਿਚ 1977 ਤੋਂ ਲੈਕੇ 42 ਸਾਲ ਤੱਕ ਚੱਲੀ ਮੈਡੀਕੋਜ਼ ਨਾਲ ਪੇਅ-ਪੈਰਿਟੀ ਦੀ ਬਹਾਲੀ, ਡੀਏਸੀਪੀ (ਡਾਇਨਾਮਿਕ ਅਸ਼ੋਰਡ ਕੈਰੀਅਰ ਪ੍ਰੋਗਰੈਸ਼ਨ ) 4-9-14 ਸਕੀਮ ਦੀ ਬਹਾਲੀ, ਐੱਚਆਰਏ ਆਨ ਐੱਨਪੀਏ ਮੁੜ ਲਾਗੂ ਕਰਵਾਉਣਾ ਅਤੇ ਪ੍ਰੋਬੇਸ਼ਨ ਦੌਰਾਨ ਪੂਰੀ ਤਨਖਾਹ ਨੂੰ ਲੈ ਕੇ ਸੰਘਰਸ਼ ਦੇ ਰਾਹ ’ਤੇ ਹਨ। ਪੰਜਾਬ ਦੇ ਸਮੂਹ ਵੈਟਨਰੀ ਡਾਕਟਰਾਂ ਨੇ 23 ਅਤੇ 24 ਦਸੰਬਰ 2025 ਨੂੰ ਦੋ ਦਿਨ ਆਪਣੇ ਜ਼ਿਲ੍ਹਿਆਂ ਦੇ ਪੌਲੀਕਲੀਨਿਕਾਂ ਵਿਖੇ ਧਰਨੇ ਲਗਾ ਕੇ ਸਰਕਾਰ ਪ੍ਰਤੀ ਆਪਣਾ ਰੋਸ ਪ੍ਰਗਟ ਕੀਤਾ ਸੀ ਅਤੇ ਪਿਛਲੀ ਸਰਕਾਰ ਵੱਲੋਂ ਗ਼ਲਤ ਢੰਗ ਅਪਣਾ ਕੇ ਜਾਰੀ ਕੀਤੇ ਗਏ ਪੱਤਰ ਅਤੇ ਨੋਟੀਫ਼ਿਕੇਸ਼ਨ ਦੀਆਂ ਕਾਪੀਆਂ ਵੀ ਸਾੜੀਆਂ ਸਨ। ਇਸ ਤੋਂ ਬਾਅਦ 24 ਦਸੰਬਰ 2025 ਨੂੰ ਡਾਇਰੈਕਟਰ, ਪਸ਼ੂ ਪਾਲਣ ਵਿਭਾਗ, ਪੰਜਾਬ ਵੱਲੋਂ ਪੱਤਰ ਮੀਮੋ ਨੰਬਰ 2025/ਅ-11/15877 ਜਾਰੀ ਕਰਕੇ ਵੈਟਨਰੀ ਡਾਕਟਰਾਂ ਨੂੰ ਡੀਏਸੀਪੀ ਸਕੀਮ ਦੁਬਾਰਾ ਲਾਗੂ ਕਰਨ ਨਾਲ ਹੋਣ ਵਾਲੇ ਖਰਚੇ ਦਾ ਵਿੱਤੀ ਮੁਲਾਂਕਣ ਕਰਨ ਲਈ ਡਿਪਟੀ ਡਾਇਰੈਕਟਰਾਂ ਤੋਂ ਸਮਾਂਬੱਧ 31 ਦਸੰਬਰ 2025 ਤੱਕ ਸੂਚਨਾ ਮੁਕੰਮਲ ਕਰਕੇ ਸਦਰ ਦਫ਼ਤਰ ਨੂੰ ਭੇਜਣ ਦੀ ਹਦਾਇਤ ਕੀਤੀ ਸੀ, ਪਰ ਅਜੇ ਤੱਕ ਇਹ ਰਿਪੋਰਟ ਕੰਪਾਇਲ ਨਹੀਂ ਹੋ ਪਾਈ ਅਤੇ ਨਾ ਹੀ ਜੁਆਇੰਟ ਐਕਸ਼ਨ ਕਮੇਟੀ ਆਫ਼ ਵੈਟਸ ਫਾਰ ਪੇਅ-ਪੈਰਿਟੀ ਨੂੰ ਮੀਟਿੰਗ ਲਈ ਕੋਈ ਸੱਦਾ ਦਿੱਤਾ ਗਿਆ ਹੈ। ਵੈਟਨਰੀ ਡਾਕਟਰਾਂ ਵਿਚ ਸਰਕਾਰ ਦੇ ਇਸ ਬੇਰੁਖੀ ਅਤੇ ਢਿੱਲੇ ਰਵੱਈਏ ਕਾਰਨ ਬਹੁਤ ਰੋਸ ਪਾਇਆ ਜਾ ਰਿਹਾ ਹੈ। ਜੁਆਇੰਟ ਐਕਸ਼ਨ ਕਮੇਟੀ ਆਫ਼ ਵੈਟਸ ਫਾਰ ਪੇਅ-ਪੈਰਿਟੀ ਵੱਲੋਂ ਚਿਤਾਵਨੀ ਦਿੱਤੀ ਗਈ ਕਿ ਜੇ ਸਰਕਾਰ ਵੱਲੋਂ ਉੱਨ੍ਹਾਂ ਦੀਆਂ ਮੰਗਾਂ ਪ੍ਰਤੀ 10 ਜਨਵਰੀ ਤੱਕ ਕੋਈ ਠੋਸ ਕਦਮ ਨਹੀਂ ਚੁੱਕਿਆ ਜਾਂਦਾ ਤਾਂ ਜੁਆਇੰਟ ਐਕਸ਼ਨ ਕਮੇਟੀ ਆਫ਼ ਵੈਟਸ ਫਾਰ ਪੇਅ-ਪੈਰਿਟੀ ਵੱਲੋਂ ਮਜ਼ਬੂਰਨ ਚੱਲਦੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਜੁਆਇੰਟ ਐਕਸ਼ਨ ਕਮੇਟੀ ਦੇ ਕਨਵੀਨਰ ਡਾਕਟਰ ਗੁਰਚਰਨ ਸਿੰਘ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪਸ਼ੂ ਪਾਲਣ ਵਿਭਾਗ ਦੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਵੈਟਨਰੀ ਡਾਕਟਰਾਂ ਦੀਆਂ ਮੰਗਾਂ ਨੂੰ ਤੁਰੰਤ ਲਾਗੂ ਕਰਵਾਉਣ ਲਈ ਨਿੱਜੀ ਪੱਧਰ ’ਤੇ ਦਖ਼ਲ ਦੇਣ ਲਈ ਅਪੀਲ ਕੀਤੀ।