ਅਣਪਛਾਤੇ ਚੋਰਾਂ ਨੇ ਪੰਜਾਹ ਹਜ਼ਾਰ ਦਾ ਕੀਮਤੀ ਸਾਮਾਨ ਅਤੇ ਨਕਦੀ ਕੀਤੀ ਚੋਰੀ, ਪੁਲਿਸ ਮਾਮਲੇ ਦੀ ਕਰ ਰਹੀ ਜਾਂਚ
ਅਣਪਛਾਤੇ ਚੋਰਾਂ ਨੇ ਪੰਜਾਹ ਹਜ਼ਾਰ ਦਾ ਕੀਮਤੀ ਸਾਮਾਨ ਅਤੇ ਨਕਦੀ ਕੀਤੀ ਚੋਰੀ,
Publish Date: Wed, 10 Dec 2025 08:42 PM (IST)
Updated Date: Wed, 10 Dec 2025 08:42 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਨਜ਼ਦੀਕੀ ਪਿੰਡ ਮੁਬਾਰਕਪੁਰ ਵਿਖੇ ਇਕ ਜਰਨਲ ਸਟੋਰ ਵਿਚੋਂ ਅਣਪਛਾਤੇ ਚੋਰਾਂ ਵੱਲੋਂ 50 ਹਜ਼ਾਰ ਦੇ ਕਰੀਬ ਕੀਮਤੀ ਸਾਮਾਨ ਅਤੇ ਨਕਦੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੁਕਾਨ ਮਾਲਕ ਦੀਪਕ ਕੁਮਾਰ ਨੇ ਦੱਸਿਆ ਕਿ ਉਸ ਦੀ ਪਿੰਡ ਮੁਬਾਰਕਪੁਰ ਦੇ ਮੇਨ ਬਾਜ਼ਾਰ ਵਿਚ ਦੀਪਕ ਜਰਨਲ ਸਟੋਰ ਦੇ ਨਾਂਅ ਤੋਂ ਕਾਸਮੈਟਿਕਸ ਦੀ ਦੁਕਾਨ ਹੈ। ਉਹ ਹਰ ਰੋਜ਼ ਦੀ ਤਰ੍ਹਾਂ ਆਪਣੀ ਦੁਕਾਨ ਬੰਦ ਕਰਕੇ ਘਰ ਚਲਾ ਗਿਆ। ਜਦੋਂ ਉਹ ਸਵੇਰੇ ਦੁਕਾਨ ’ਤੇ ਆਇਆ ਤਾਂ ਉਸ ਦੀ ਦੁਕਾਨ ਵਿਚ ਸਾਮਾਨ ਖਿੱਲਰਿਆ ਪਿਆ ਸੀ। ਜਦੋਂ ਉਸਨੇ ਦੁਕਾਨ ਵਿਚ ਲੱਗੇ ਕੈਮਰੇ ਚੈੱਕ ਕੀਤੇ ਤਾਂ ਉਸ ਨੇ ਦੇਖਿਆ ਕਿ ਉਸ ਦੀ ਦੁਕਾਨ ਵਿਚ ਤਿੰਨ ਵਜੇ ਦੇ ਕਰੀਬ ਦੋ ਵਿਅਕਤੀ ਦਾਖ਼ਲ ਹੋਏ ਅਤੇ ਉਸ ਦੀ ਦੁਕਾਨ ਵਿਚ ਕੁਝ ਕੀਮਤੀ ਸਾਮਾਨ, ਨੋਟਾਂ ਦੇ ਹਾਰ, ਅਤੇ ਗੱਲੇ ਵਿਚ ਮੌਜੂਦ ਨਕਦੀ ਲੈਕੇ ਫ਼ਰਾਰ ਹੋ ਗਏ। ਜਿਨ੍ਹਾਂ ਦੀ ਵੀਡੀਓ ਦੁਕਾਨ ਵਿਚ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਜਿਨ੍ਹਾਂ ਨੇ ਆਪਣੇ ਮੂੰਹ ਢਕੇ ਹੋਏ ਸੀ, ਜਿਸ ਕਾਰਨ ਉਨ੍ਹਾਂ ਦੀ ਪਛਾਣ ਨਹੀਂ ਹੋ ਸਕੀ। ਉਸਨੇ ਦੱਸਿਆ ਕਿ ਉਸ ਦੀ ਦੁਕਾਨ ਵਿਚੋਂ 40-50 ਹਜ਼ਾਰ ਦੇ ਕਰੀਬ ਸਾਮਾਨ ਅਤੇ ਨਕਦੀ ਚੋਰੀ ਹੋਇਆ ਹੈ। ਜਿਸ ਤੋਂ ਬਾਅਦ ਉਸ ਨੇ ਇਸ ਦੀ ਸ਼ਿਕਾਇਤ ਮੁਬਾਰਕਪੁਰ ਪੁਲਿਸ ਚੌਕੀ ਵਿਚ ਕੀਤੀ। ਪੁਲਿਸ ਨੇ ਮੌਕੇ ਦਾ ਦੌਰਾ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।