‘ਹਰੀ ਵਿਗਿਆਨ ਤੇ ਤਕਨਾਲੋਜੀ’ ’ਤੇ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫ਼ਰੰਸ ਸ਼ੁਰੂ
ਨਾਈਪਰ ਮੁਹਾਲੀ ਵਿਖੇ ਦੋ-ਰੋਜ਼ਾ ਅੰਤਰਰਾਸ਼ਟਰੀ ਕਾਨਫ਼ਰੰਸ ਸ਼ੁਰੂ
Publish Date: Mon, 17 Nov 2025 08:47 PM (IST)
Updated Date: Mon, 17 Nov 2025 08:49 PM (IST)

- ਜਾਪਾਨ, ਮਲੇਸ਼ੀਆ ਤੇ ਇੰਡੋਨੇਸ਼ੀਆ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਨਾਲ ਮਿਲ ਕੇ ਕਰਵਾਇਆ ਜਾ ਰਿਹੈ ਪ੍ਰੋਗਰਾਮ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਨੈਸ਼ਨਲ ਇੰਸਟੀਚਿਊਟ ਆਫ਼ ਫਾਰਮਾਸਿਊਟੀਕਲ ਐਜੂਕੇਸ਼ਨ ਐਂਡ ਰਿਸਰਚ (ਨਾਈਪਰ), ਮੁਹਾਲੀ, ਵੱਲੋਂ ਸੋਮਵਾਰ ਤੋਂ 18 ਨਵੰਬਰ ਤੱਕ ‘ਹਰੀ ਵਿਗਿਆਨ ਅਤੇ ਤਕਨਾਲੋਜੀ’ ’ਤੇ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫ਼ਰੰਸ ਕਰਵਾਈ ਜਾ ਰਹੀ ਹੈ। ਇਹ ਅੰਤਰਰਾਸ਼ਟਰੀ ਕਾਨਫ਼ਰੰਸ ਸ਼ਿਜ਼ੂਓਕਾ ਯੂਨੀਵਰਸਿਟੀ (ਜਾਪਾਨ), ਯੂਨੀਵਰਸਿਟੀ ਟੈਕਨੋਲੋਜੀ ਮਲੇਸ਼ੀਆ ਮਲੇਸ਼ੀਆ, ਯੂਨੀਵਰਸਿਟੀ ਮਲੇਸ਼ੀਆ-ਕੁਆਲਾਲੰਪੁਰ ਮਲੇਸ਼ੀਆ ਅਤੇ ਯੂਨੀਵਰਸਿਟੀ ਸਗਡਜਾਹਮਾਂਡਾ ਇੰਡੋਨੇਸ਼ੀਆ ਸਮੇਤ ਕਈ ਪ੍ਰਮੁੱਖ ਵਿਸ਼ਵ ਸੰਸਥਾਵਾਂ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ। ਅੰਤਰਰਾਸ਼ਟਰੀ ਸਹਿਯੋਗ ਦੀ ਭਾਵਨਾ : ਆਈਸੀਜੀਐੱਸਟੀ ਦੇ ਆਯੋਜਨ ਸਕੱਤਰ, ਪ੍ਰੋ. ਇੰਦਰਪਾਲ ਸਿੰਘ ਨੇ ਦੱਸਿਆ ਕਿ ਆਈਸੀਜੀਐੱਸਟੀ ਦਾ ਸਫ਼ਰ ਬਹੁਤ ਪ੍ਰੇਰਨਾਦਾਇਕ ਰਿਹਾ ਹੈ ਅਤੇ ਇਸ ਵਿਚ ਲਗਾਤਾਰ ਹੋਰ ਦੇਸ਼ ਸ਼ਾਮਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਵਿਭਿੰਨ ਭਾਗੀਦਾਰੀ ਦੁਨੀਆ ਭਰ ਦੇ ਵਿਗਿਆਨੀਆਂ ਅਤੇ ਵਿਦਵਾਨਾਂ ਦੀ ਅੰਤਰਰਾਸ਼ਟਰੀ ਸਹਿਯੋਗ ਦੀ ਭਾਵਨਾ ਨੂੰ ਦਰਸਾਉਂਦੀ ਹੈ, ਜੋ ਹਰੀਆਂ ਅਤੇ ਟਿਕਾਊ ਤਕਨਾਲੋਜੀਆਂ ਨੂੰ ਅੱਗੇ ਵਧਾਉਣ ਦੇ ਸਾਂਝੇ ਟੀਚੇ ਲਈ ਇਕ ਮੰਚ ਤੇ ਇਕੱਠੇ ਹੋਏ ਹਨ। ਕਾਨਫ਼ਰੰਸ ਵਿਚ 100 ਤੋਂ ਵੱਧ ਪ੍ਰਤੀਭਾਗੀ, 33 ਪੋਸਟਰ ਪੇਸ਼ਕਾਰੀਆਂ, 9 ਜ਼ੁਬਾਨੀ ਪੇਸ਼ਕਾਰੀਆਂ, 14 ਸੱਦੇ ਗਏ ਭਾਸ਼ਣ ਅਤੇ 8 ਮੁੱਖ ਬੁਲਾਰੇ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਹ ਮੰਚ ਨਵੇਂ ਵਿਚਾਰਾਂ ਅਤੇ ਉੱਭਰ ਰਹੀ ਖੋਜ ਨੂੰ ਸਾਂਝਾ ਕਰਨ ਦਾ ਇਕ ਜੀਵੰਤ ਮੌਕਾ ਪ੍ਰਦਾਨ ਕਰਦਾ ਹੈ। ਨਾਇਪਰ ਦੇਸ਼ ਦਾ ਪਹਿਲਾ ਫਾਰਮਾ ਸੰਸਥਾਨ : ਨਾਈਪਰ ਦੇ ਪ੍ਰਧਾਨ ਪ੍ਰੋ. ਦੁਲਾਲ ਪਾਂਡਾ ਨੇ ਆਪਣੇ ਸਵਾਗਤੀ ਭਾਸ਼ਣ ਵਿਚ ਸਾਰਿਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਲਈ ਮਾਣ ਅਤੇ ਖੁਸ਼ੀ ਦਾ ਵਿਸ਼ਾ ਹੈ। ਉਨ੍ਹਾਂ ਦੱਸਿਆ ਕਿ ਨਾਈਪਰ-ਮੁਹਾਲੀ ਦੇਸ਼ ਦਾ ਪਹਿਲਾ ਫਾਰਮਾ ਸੰਸਥਾਨ ਹੈ, ਜਿਸ ਦੀ ਸਥਾਪਨਾ ਵਿਸ਼ਵ ਪੱਧਰੀ ਫਾਰਮਾ ਸੰਸਥਾਨ ਸਥਾਪਤ ਕਰਨ ਦੇ ਉਦੇਸ਼ ਨਾਲ ਕੀਤੀ ਗਈ ਸੀ। ਉਨ੍ਹਾਂ ਇਹ ਵੀ ਜ਼ਿਕਰ ਕੀਤਾ ਕਿ ਸੰਸਥਾ ਫਾਰਮਾ ਦੇ ਸਾਰੇ ਖੇਤਰਾਂ ਵਿਚ ਮਾਸਟਰਜ਼ ਅਤੇ ਪੀਐੱਚਡੀ ਦੀਆਂ ਡਿਗਰੀਆਂ ਪ੍ਰਦਾਨ ਕਰਦਾ ਹੈ।