12 ਸਾਲਾ ਤੋਂ ਫ਼ਰਾਰ ਚੱਲ ਰਹੇ ਦੋ 'ਭਗੌੜੇ ਅਪਰਾਧੀ' ਗ੍ਰਿਫ਼ਤਾਰ
12 ਸਾਲਾ ਤੋਂ ਫ਼ਰਾਰ ਚੱਲ ਰਹੇ ਦੋ 'ਭਗੌੜੇ ਅਪਰਾਧੀ' ਗ੍ਰਿਫ਼ਤਾਰ
Publish Date: Wed, 19 Nov 2025 08:39 PM (IST)
Updated Date: Wed, 19 Nov 2025 08:40 PM (IST)

ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਅਪਰਾਧੀਆਂ ਅਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਏ ਜਾ ਰਹੇ ਵਿਸ਼ੇਸ਼ ਅਭਿਆਨ ਤਹਿਤ ਮੁਹਾਲੀ ਪੁਲਿਸ ਨੂੰ ਬੁੱਧਵਾਰ ਨੂੰ ਇਕ ਵੱਡੀ ਸਫ਼ਲਤਾ ਮਿਲੀ ਹੈ। ਪੁਲਿਸ ਨੇ ਧੋਖਾਧੜੀ ਦੇ ਦੋ ਵੱਖ-ਵੱਖ ਮਾਮਲਿਆਂ ਵਿਚ ਪਿਛਲੇ 12 ਸਾਲਾਂ ਤੋਂ ਫ਼ਰਾਰ ਚੱਲ ਰਹੇ ਦੋ ਭਗੌੜੇ ਅਪਰਾਧੀਆਂ (ਪੀਓਜ਼) ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ। ਭਗੌੜੇ ਅਪਰਾਧੀਆਂ (ਪੀਓਜ਼) ਨੂੰ ਫੜਨ ਲਈ ਵਿਸ਼ੇਸ਼ ਤੌਰ ਤੇ ਗਠਿਤ ਕੀਤੇ ਗਏ ਸਮਰਪਿਤ ਪੀਓ ਸਟਾਫ਼ ਨੇ ਇਹ ਕਾਰਵਾਈ ਪੁਲਿਸ ਕਪਤਾਨ (ਇਨਵੈਸਟੀਗੇਸ਼ਨ) ਸੌਰਵ ਜਿੰਦਲ, ਪੀਪੀਐੱਸ ਅਤੇ ਉਪ ਕਪਤਾਨ (ਸਪੈਸ਼ਲ ਕਰਾਈਮ) ਨਵੀਨਪਾਲ ਸਿੰਘ, ਪੀਪੀਐੱਸ ਦੀ ਅਗਵਾਈ ਹੇਠ ਕੀਤੀ। ਪਹਿਲਾ ਮਾਮਲਾ ਥਾਣਾ ਸਿਟੀ ਕੁਰਾਲੀ ਵਿਚ ਦਰਜ ਐੱਫਆਈਆਰ ਨੰ. 71 ਮਿਤੀ 30 ਮਈ 2011 ਦੇ ਤਹਿਤ ਦਰਜ ਹੈ, ਜਿਸ ਵਿਚ ਮੁਲਜ਼ਮ ਸੰਜੀਵ ਕੁਮਾਰ ਉਰਫ਼ ਸੰਜੂ ਵਾਸੀ ਬਿਲਾਸਪੁਰ (ਹਿਮਾਚਲ ਪ੍ਰਦੇਸ਼) ਨੂੰ ਨਾਮਜ਼ਦ ਕੀਤਾ ਗਿਆ ਸੀ। ਇਹ ਮੁਲਜ਼ਮ 9 ਅਪ੍ਰੈਲ 2012 ਤੋਂ ਫ਼ਰਾਰ ਚੱਲ ਰਿਹਾ ਸੀ। ਪੀਓ ਸਟਾਫ਼ ਦੇ ਇੰਚਾਰਜ ਥਾਣੇਦਾਰ ਬਲਵਿੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਮੁਲਜ਼ਮ ਨੂੰ 18 ਨਵੰਬਰ 2025 ਨੂੰ ਗ੍ਰਿਫ਼ਤਾਰ ਕੀਤਾ। ਦੂਜਾ ਮਾਮਲਾ ਥਾਣਾ ਫੇਜ਼-1 ਮੁਹਾਲੀ ਵਿਚ ਦਰਜ ਐੱਫਆਈਆਰ ਨੰ. 27 ਮਿਤੀ 23 ਜਨਵਰੀ 2010 ਦੇ ਤਹਿਤ ਹੈ, ਜਿਸ ਵਿਚ ਮੁਲਜ਼ਮ ਅਵਤਾਰ ਸਿੰਘ ਵਾਸੀ ਪਟਿਆਲਾ ਨੂੰ ਨਾਮਜ਼ਦ ਕੀਤਾ ਗਿਆ ਸੀ। ਇਹ ਮੁਲਜ਼ਮ 7 ਜੁਲਾਈ 2014 ਤੋਂ ਫ਼ਰਾਰ ਸੀ। ਥਾਣਾ ਫੇਜ਼-1 ਦੇ ਮੁੱਖ ਅਧਿਕਾਰੀ ਅਤੇ ਉਨ੍ਹਾਂ ਦੀ ਟੀਮ ਨੇ ਮੁਲਜ਼ਮ ਨੂੰ 18 ਨਵੰਬਰ 2025 ਨੂੰ ਗ੍ਰਿਫ਼ਤਾਰ ਕੀਤਾ। ਗ੍ਰਿਫ਼ਤਾਰ ਕੀਤੇ ਗਏ ਦੋਵਾਂ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ ਅੱਗੇ ਨਿਆਇਕ ਪ੍ਰਕਿਰਿਆ ਤਹਿਤ ਭੇਜ ਦਿੱਤਾ ਗਿਆ ਹੈ। ਪੁਲਿਸ ਵੱਲੋਂ ਫ਼ਰਾਰ ਚੱਲ ਰਹੇ ਹੋਰ ਅਪਰਾਧੀਆਂ ਨੂੰ ਫੜਨ ਲਈ ਮੁਹਿੰਮ ਜਾਰੀ ਹੈ।