ਥ੍ਰੀ-ਵ੍ਹੀਲਰ ਨੂੰ ਬਚਾਉਣ ਦੇ ਚੱਕਰ ਵਿਚ ਟਰੱਕ ਪਲਟਿਆ, ਜਾਨੀ ਨੁਕਸਾਨ ਤੋਂ ਬਚਾਅ
ਥ੍ਰੀ-ਵ੍ਹੀਲਰ ਨੂੰ ਬਚਾਉਣ ਦੇ ਚੱਕਰ ਵਿਚ ਟਰੱਕ ਪਲਟਿਆ, ਜਾਨੀ ਨੁਕਸਾਨ ਤੋਂ ਬਚਾਅ
Publish Date: Wed, 24 Dec 2025 07:18 PM (IST)
Updated Date: Wed, 24 Dec 2025 07:19 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਬੀਤੀ ਰਾਤ ਡੇਰਾਬੱਸੀ-ਬਰਵਾਲਾ ਰੋਡ ’ਤੇ ਸਥਿਤ ਪਿੰਡ ਕੂੜਾਵਾਲਾ ਵਿਖੇ ਇਕ ਵੱਡਾ ਹਾਦਸਾ ਉਸ ਸਮੇਂ ਟਲ਼ ਗਿਆ, ਜਦੋਂ ਇਕ ਟਰੱਕ ਥ੍ਰੀ-ਵ੍ਹੀਲਰ ਨੂੰ ਬਚਾਉਣ ਦੀ ਕੋਸ਼ਿਸ਼ ’ਚ ਸੜਕ ਤੋਂ ਉਤਰ ਕੇ ਟੋਏ ’ਚ ਪਲਟ ਗਿਆ। ਹਾਦਸੇ ਦੌਰਾਨ ਭਾਵੇਂ ਟਰੱਕ ਨੂੰ ਕਾਫ਼ੀ ਨੁਕਸਾਨ ਪਹੁੰਚਿਆ, ਪਰ ਖੁਸ਼ਕਿਸਮਤੀ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਟਰੱਕ ਬਰਵਾਲਾ ਤੋਂ ਡੇਰਾਬੱਸੀ ਵੱਲ ਆ ਰਿਹਾ ਸੀ। ਜਦੋਂ ਟਰੱਕ ਪਿੰਡ ਕੂੜਾਵਾਲਾ ਵਿਖੇ ਪਹੁੰਚਿਆ ਤਾਂ ਟਰੱਕ ਨੇ ਥ੍ਰੀ-ਵ੍ਹੀਲਰ ਨੂੰ ਪਾਸ ਕੀਤਾ, ਤਾਂ ਥ੍ਰੀ-ਵ੍ਹੀਲਰ ਚਾਲਕ ਦਾ ਸੰਤੁਲਨ ਵਿਗੜ ਗਿਆ। ਟਰੱਕ ਚਾਲਕ ਨੇ ਫੁਰਤੀ ਨਾਲ ਬਰੇਕਾਂ ਲਾ ਕੇ ਥ੍ਰੀ-ਵ੍ਹੀਲਰ ਨੂੰ ਟੱਕਰ ਲੱਗਣ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਟਰੱਕ ਲੋਡ ਹੋਣ ਕਾਰਨ ਬੇਕਾਬੂ ਹੋ ਗਿਆ ਅਤੇ ਸੜਕ ਕਿਨਾਰੇ ਟੋਏ ਵਿਚ ਪਲ਼ਟ ਗਿਆ। ਹਾਦਸੇ ਤੋਂ ਬਾਅਦ ਮੌਕੇ ’ਤੇ ਹੜਕੰਪ ਮਚ ਗਿਆ। ਮੌਕੇ ’ਤੇ ਮੌਜੂਦ ਲੋਕਾਂ ਨੇ ਤੁਰੰਤ ਮਦਦ ਕਰਕੇ ਟਰੱਕ ਚਾਲਕ ਨੂੰ ਬਾਹਰ ਕੱਢਿਆ। ਟਰੱਕ ਚਾਲਕ ਨੂੰ ਮਾਮੂਲੀ ਸੱਟਾਂ ਲੱਗੀਆਂ, ਪਰ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਲੋਕਾਂ ਵੱਲੋਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਲੋਕਾਂ ਨੇ ਦੱਸਿਆ ਕਿ ਥ੍ਰੀ-ਵ੍ਹੀਲਰ ਚਾਲਕ ਨਸ਼ੇ ਦੀ ਹਾਲਤ ਵਿਚ ਸੀ ਅਤੇ ਕਾਫ਼ੀ ਮਾਤਰਾ ਵਿਚ ਸ਼ਰਾਬ ਪੀਤੀ ਹੋਈ ਸੀ। ਲੋਕਾਂ ਨੇ ਦੱਸਿਆ ਕਿ ਜੇਕਰ ਟਰੱਕ ਚਾਲਕ ਸਮੇਂ ਸਿਰ ਬਰੇਕ ਨਾ ਲਾਉਂਦਾ ਤਾਂ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ। ਪੁਲਿਸ ਵੱਲੋਂ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।