ਘੱਗਰ ਦੇ ਕਾਜਵੇ 'ਤੇ ਫਸੀ ਟਰੈਕਟਰ-ਟਰਾਲੀ, ਲੱਗਾ ਜਾਮ
ਘੱਗਰ ਦੇ ਕਾਜਵੇ 'ਤੇ ਫਸੀ ਟਰੈਕਟਰ-ਟਰਾਲੀ, ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਲੱਗਿਆ ਜਾਮ!
Publish Date: Wed, 19 Nov 2025 06:07 PM (IST)
Updated Date: Wed, 19 Nov 2025 06:07 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਪਿੰਡ ਮੁਬਾਰਕਪੁਰ ਵਿਖੇ ਘੱਗਰ ਦਰਿਆ ਤੇ ਬਣੇ ਕਾਜਵੇ ਤੇ ਇਕ ਵਾਰ ਫਿਰ ਵੱਡਾ ਹਾਦਸਾ ਹੁੰਦੇ-ਹੁੰਦੇ ਟਲ ਗਿਆ, ਜਦੋਂ ਇਕ ਟਰੈਕਟਰ-ਟਰਾਲੀ ਕਾਜਵੇ ਦੇ ਵਿਚਕਾਰ ਫਸ ਗਈ। ਇਸ ਘਟਨਾ ਕਾਰਨ ਦੋਵੇਂ ਪਾਸੇ ਲੰਬਾ ਟ੍ਰੈਫਿਕ ਜਾਮ ਲੱਗ ਗਿਆ, ਜਿਸ ਨਾਲ ਰਾਹਗੀਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦੱਸਣਯੋਗ ਹੈ ਕਿ ਇਸ ਕਾਜਵੇ ਦੇ ਇਕ ਪਾਸੇ ਬੈਰੀਕੇਡ ਨਾ ਹੋਣ ਕਾਰਨ ਵੱਡੇ ਵਾਹਨ ਆਸਾਨੀ ਨਾਲ ਫਸ ਜਾਂਦੇ ਹਨ। ਇਹ ਕੋਈ ਪਹਿਲੀ ਘਟਨਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਕਈ ਵਾਰ ਅਜਿਹੇ ਹਾਦਸੇ ਵਾਪਰ ਚੁੱਕੇ ਹਨ। ਸਥਾਨਕ ਲੋਕਾਂ ਅਨੁਸਾਰ, ਨਦੀ ਵਿਚ ਪਾਣੀ ਦਾ ਪੱਧਰ ਵਧਣ ਤੇ ਇਹ ਰਸਤਾ ਬਹੁਤ ਖ਼ਤਰਨਾਕ ਹੋ ਜਾਂਦਾ ਹੈ, ਖ਼ਾਸ ਕਰਕੇ ਜਦੋਂ ਬੈਰੀਕੇਡ ਨਾ ਹੋਣ ਕਾਰਨ ਡਰਾਈਵਰ ਸਹੀ ਅੰਦਾਜ਼ਾ ਨਹੀਂ ਲਗਾ ਪਾਉਂਦੇ। ਹਰ ਸਾਲ ਬਰਸਾਤਾਂ ਵਿਚ ਇੱਥੇ ਇਹੀ ਹਾਲ ਹੁੰਦਾ ਹੈ। ਪ੍ਰਸ਼ਾਸਨ ਸਿਰਫ਼ ਲਾਰਾ ਲਾਉਂਦਾ ਹੈ, ਪਰ ਕੋਈ ਪੱਕਾ ਹੱਲ ਨਹੀਂ ਕੱਢਦਾ। ਟਰੈਕਟਰ-ਟਰਾਲੀ ਦੇ ਫਸਣ ਕਾਰਨ ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਲੋਕਾਂ ਨੂੰ ਕਾਫ਼ੀ ਦੇਰ ਤੱਕ ਰੁਕਣਾ ਪਿਆ, ਜਿਸ ਨਾਲ ਆਮ ਜਨ-ਜੀਵਨ ਪ੍ਰਭਾਵਿਤ ਹੋਇਆ। ਇਸ ਦੌਰਾਨ, ਕਾਜਵੇ ਤੋਂ ਟਰੈਕਟਰ-ਟਰਾਲੀ ਨੂੰ ਕੱਢਣ ਲਈ ਸਥਾਨਕ ਲੋਕਾਂ ਨੇ ਹੀ ਜੱਦੋ-ਜਹਿਦ ਕੀਤੀ। ਸਥਾਨਕ ਲੋਕਾਂ ਵਿਚ ਪ੍ਰਸ਼ਾਸਨ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਵਾਰ-ਵਾਰ ਸ਼ਿਕਾਇਤਾਂ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਬੈਰੀਕੇਡ ਲਗਾਉਣ ਜਾਂ ਇਸ ਕਾਜਵੇ ਨੂੰ ਉੱਚਾ ਕਰਨ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ ਜਾ ਰਿਹਾ ਹੈ। ਜਦੋਂ ਤੱਕ ਪ੍ਰਸ਼ਾਸਨ ਇਸ ਸਮੱਸਿਆ ਵੱਲ ਧਿਆਨ ਨਹੀਂ ਦਿੰਦਾ, ਉਦੋਂ ਤੱਕ ਅਜਿਹੇ ਹਾਦਸੇ ਵਾਪਰਦੇ ਰਹਿਣਗੇ।