ਡੇਰਾਬੱਸੀ ’ਚ ਨਕਲੀ ਸੀਲਾਂ ਨਾਲ ਸ਼ਰਾਬ ਵੇਚਣ ਵਾਲੇ ਤਿੰਨ ਗ੍ਰਿਫ਼ਤਾਰ
ਡੇਰਾਬੱਸੀ 'ਚ ਨਕਲੀ ਸੀਲਾਂ ਨਾਲ ਸ਼ਰਾਬ ਵੇਚਣ ਵਾਲੇ ਤਿੰਨ ਗ੍ਰਿਫ਼ਤਾਰ
Publish Date: Mon, 17 Nov 2025 09:17 PM (IST)
Updated Date: Mon, 17 Nov 2025 09:19 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਆਬਕਾਰੀ ਵਿਭਾਗ ਵੱਲੋਂ ਡੇਰਾਬੱਸੀ ਖੇਤਰ ਵਿਚ ਤਿੰਨ ਜਣਿਆਂ ਨੂੰ ਮਿਲਾਵਟੀ ਸ਼ਰਾਬ ਵੇਚਣ ਦੇ ਦੋਸ਼ ਹੇਠ ਕਾਬੂ ਕੀਤਾ ਗਿਆ ਹੈ। ਇਨ੍ਹਾਂ ਵਿਚੋਂ ਦੋ ਮੁਲਜ਼ਮ ਪਿੰਡ ਹਰੀਪੁਰ ਹਿੰਦੂਆਂ ਸ਼ਰਾਬ ਦੇ ਠੇਕੇ ’ਤੇ ਕੰਮ ਕਰਦੇ ਸੀ ਅਤੇ ਇਕ ਨਿੱਜੀ ਤੌਰ ’ਤੇ ਮੁਲਜ਼ਮਾਂ ਦੀ ਸ਼ਰਾਬ ਵਿਚ ਮਿਲਾਵਟ ਕਰਨ ’ਚ ਮਦਦ ਕਰਦਾ ਸੀ। ਇਹ ਮੁਲਜ਼ਮ ਠੇਕੇ ’ਤੇ ਅਸਲੀ ਬਰਾਂਡ ਦੀ ਸ਼ਰਾਬ ਦੀ ਬੋਤਲਾਂ ਵਿਚ ਪਾਣੀ ਮਿਲਾ ਕੇ ਵੇਚਦੇ ਸੀ। ਵਿਭਾਗ ਨੇ ਮੁਲਜ਼ਮਾਂ ਤੋਂ ਵੱਖ-ਵੱਖ ਬਰਾਂਡ ਦੀਆਂ ਸ਼ਰਾਬ ਦੀਆਂ ਬੋਤਲਾਂ ਦੀ ਸੀਲਾਂ ਵੀ ਬਰਾਮਦ ਕੀਤੀਆਂ ਹਨ। ਜ਼ਿਲ੍ਹਾ ਪਟਿਆਲਾ ਦੇ ਡਿਪਟੀ ਕਮਿਸ਼ਨਰ ਐਕਸਾਈਜ਼ ਤਰਸੇਮ ਚੰਦ ਤੇ ਅਸਿਸਟੈਂਟ ਕਮਿਸ਼ਨਰ ਐਕਸਾਈਜ਼ ਅਸ਼ੋਕ ਚਲੋਤਰਾ ਦੀ ਹਦਾਇਤਾਂ ਹੇਠ ਚੱਲ ਰਹੀ ਸਖ਼ਤ ਚੈਕਿੰਗ ਮੁਹਿੰਮ ਦੌਰਾਨ, ਐਕਸਾਈਜ਼ ਅਫ਼ਸਰ ਦਿਵਾਨ ਚੰਦ ਦੀ ਨਿਗਰਾਨੀ ਹੇਠ ਡੇਰਾਬੱਸੀ ਦੇ ਐਕਸਾਈਜ਼ ਇੰਸਪੈਕਟਰ ਕੁਲਵਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਵਿਅਕਤੀਆਂ ਵਿਚੋਂ ਦੋ ਡੇਰਾਬੱਸੀ ਗਰੁੱਪ ਦੇ ਇੰਚਾਰਜ ਹਨ, ਜਦਕਿ ਇਕ ਵਿਕਰੀ ਏਜੰਟ ਦੇ ਤੌਰ ਤੇ ਕੰਮ ਕਰਦਾ ਸੀ। ਟੀਮ ਵੱਲੋਂ ਕਾਰਵਾਈ ਦੌਰਾਨ ਮਾਮਲਵਾ ਪੀਐੱਮਐੱਲ, ਇੰਪੀਰੀਅਲ ਬਲੂ ਅਤੇ ਰੋਇਲ ਸਟੈਗ ਬਰਾਂਡਾਂ ਦੀਆਂ ਕੁੱਲ 404 ਨਕਲੀ ਕੈਪ ਸੀਲਾਂ ਬਰਾਮਦ ਕੀਤੀਆਂ ਗਈਆਂ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਇਨ੍ਹਾਂ ਮੁਲਜ਼ਮਾਂ ਵੱਲੋਂ ਸ਼ਰਾਬ ਵਿਚ ਪਾਣੀ ਮਿਲਾ ਕੇ ਤੇ ਨਕਲੀ ਸੀਲਾਂ ਦੀ ਵਰਤੋਂ ਕਰਕੇ ਇਸ ਨੂੰ ਅਸਲੀ ਬਰਾਂਡ ਵਜੋਂ ਗਾਹਕਾਂ ਨੂੰ ਵੇਚਿਆ ਜਾ ਰਿਹਾ ਸੀ। ਗ੍ਰਿਫ਼ਤਾਰ ਵਿਅਕਤੀਆਂ ਦੀ ਪਛਾਣ ਪਰਦੀਪ ਕੁਮਾਰ ਵਾਸੀ ਹਰਿਆਣਾ, ਫੂਲ ਚੰਦ ਰਿਹਾਇਸ਼ੀ ਹਰਿਆਣਾ ਅਤੇ ਅਭਿਸ਼ੇਕ ਵਾਸੀ ਡੇਰਾਬੱਸੀ ਵਜੋਂ ਹੋਈ ਹੈ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਵਿਚੋਂ ਪਰਦੀਪ ਅਤੇ ਫੂਲ ਚੰਦ ਪਿੰਡ ਹਰੀਪੁਰ ਹਿੰਦੂਆਂ ਸ਼ਰਾਬ ਦੇ ਠੇਕੇਦਾਰ ਕੋਲ ਬਤੌਰ ਇੰਚਾਰਜ ਨੌਕਰੀ ਕਰਦੇ ਸੀ ਅਤੇ ਤੀਜਾ ਮੁਲਜ਼ਮ ਪ੍ਰਾਈਵੇਟ ਵਿਅਕਤੀ ਹੈ, ਜੋ ਇਨ੍ਹਾਂ ਦੀ ਮਦਦ ਕਰਦਾ ਸੀ। ਮਾਮਲੇ ਵਿਚ ਸ਼ਰਾਬ ਦੇ ਠੇਕੇਦਾਰ ਦੀ ਭੂਮਿਕਾ ਬਾਰੇ ਉਨ੍ਹਾਂ ਨੇ ਕਿਹਾ ਕਿ ਇਸਦੀ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧੀ ਡੇਰਾਬੱਸੀ ਪੁਲਿਸ ਸਟੇਸ਼ਨ ਵਿਚ ਪੰਜਾਬ ਐਕਸਾਈਜ਼ ਐਕਟ ਦੀਆਂ ਵੱਖ-ਵੱਖ ਧਾਰਾ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ। ਮਾਮਲੇ ਦੀ ਹੋਰ ਜਾਂਚ ਜਾਰੀ ਹੈ। ਠੇਕੇਦਾਰ ਦੀ ਭੂਮਿਕਾ ’ਤੇ ਸਵਾਲੀਆ ਨਿਸ਼ਾਨ : ਵਿਭਾਗ ਵੱਲੋਂ ਸ਼ਰਾਬ ਵਿਚ ਮਿਲਾਵਟ ਕਰਨ ਵਾਲੇ ਦੋਸ਼ ਹੇਠ ਫੜੇ ਗਏ ਠੇਕੇਦਾਰ ਦੇ ਕਰਿੰਦਿਆਂ ਨੇ ਇਲਾਕੇ ਵਿਚ ਵਿਕਣ ਵਾਲੀਆਂ ਸ਼ਰਾਬ ਦੀ ਗੁਣਵੱਤਾ ’ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ। ਲੋਕਾਂ ਨੇ ਸਵਾਲ ਚੁੱਕਦਿਆਂ ਕਿਹਾ ਕਿ ਬਿਨਾਂ ਠੇਕਦਾਰ ਦੀ ਸਹਿਮਤੀ ਤੋਂ ਇਹ ਕਿਵੇਂ ਕੋਈ ਮਿਲਾਵਟੀ ਸ਼ਰਾਬ ਵੇਚ ਸਕਦਾ ਹੈ। ਉਨ੍ਹਾਂ ਨੇ ਸ਼ੱਕ ਜਤਾਇਆ ਕਿ ਇਲਾਕੇ ਦੇ ਹੋਰ ਵੀ ਠੇਕੇਦਾਰ ਮਹਿੰਗੀ ਸ਼ਰਾਬ ਦੀਆਂ ਬੋਤਲਾਂ ਵਿਚ ਮਿਲਾਵਟ ਕਰਕੇ ਲੁੱਟ ਕਰਨ ਦੇ ਨਾਲ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ।