ਮੁਬਾਰਕਪੁਰ-ਪੰਡਵਾਲਾ ਰੋਡ 'ਤੇ ਬੰਦ ਘਰ ’ਚ ਚੋਰੀ, ਚੋਰ ਨਕਦੀ ਅਤੇ ਕੀਮਤੀ ਸਾਮਾਨ ਚੋਰੀ ਕਰਕੇ ਹੋਏ ਫ਼ਰਾਰ
ਮੁਬਾਰਕਪੁਰ-ਪੰਡਵਾਲਾ ਰੋਡ 'ਤੇ ਬੰਦ ਘਰ ’ਚ ਚੋਰੀ, ਚੋਰ ਨਕਦੀ ਅਤੇ ਕੀਮਤੀ ਸਾਮਾਨ ਚੋਰੀ ਕਰਕੇ ਹੋਏ ਫ਼ਰਾਰ
Publish Date: Sun, 07 Dec 2025 06:59 PM (IST)
Updated Date: Sun, 07 Dec 2025 07:00 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਮੁਬਾਰਕਪੁਰ-ਪੰਡਵਾਲਾ ਰੋਡ ਤੇ ਸਥਿਤ ਇਕ ਘਰ ਵਿਚ ਚੋਰਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਚੋਰ ਲਗਭਗ 40 ਹਜ਼ਾਰ ਰੁਪਏ ਨਕਦੀ, ਕੱਪੜੇ, ਦੋ ਸਿਲੰਡਰ ਅਤੇ ਇਕ ਲੱਖ ਦੇ ਗਹਿਣੇ ਦਿਨ ਦਿਹਾੜੇ ਚੋਰੀ ਕਰਕੇ ਮੌਕੇ ਤੋਂ ਫ਼ਰਾਰ ਹੋ ਗਏ। ਜਾਣਕਾਰੀ ਦਿੰਦੇ ਹੋਏ ਘਰ ਦੇ ਮਾਲਕ ਉਮਾ ਮਹੇਸ਼ ਨੇ ਦੱਸਿਆ ਕਿ ਇਹ ਚੋਰੀ ਸਵੇਰੇ ਕਰੀਬ 10 ਵਜੇ ਦੇ ਨੇੜੇ ਹੋਈ, ਜਦੋਂ ਉਹ ਘਰ ਵਾਪਸ ਆਏ ਤਾਂ ਘਰ ਦੇ ਦਰਵਾਜ਼ੇ ਦੇ ਤਾਲੇ ਟੁੱਟੇ ਹੋਏ ਸਨ ਅਤੇ ਘਰ ਦਾ ਸਾਮਾਨ ਖਿੱਲਰਿਆ ਪਿਆ ਸੀ। ਮਾਲਕ ਦੇ ਮੁਤਾਬਕ ਚੋਰਾਂ ਨੇ ਕਮਰੇ ਵਿਚੋਂ ਨਕਦੀ, ਨਵੇਂ ਕੱਪੜੇ ਅਤੇ ਗੈਸ ਸਿਲੰਡਰ ਚੋਰੀ ਕਰਕੇ ਲੈ ਗਏ। ਮਾਲਕ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਵਿਚ 10 ਫਰਵਰੀ ਨੂੰ ਲੜਕੇ ਦਾ ਵਿਆਹ ਸੀ, ਜਿਸ ਕਾਰਨ ਕਾਫ਼ੀ ਸਾਮਾਨ ਇਕੱਠਾ ਕੀਤਾ ਜਾ ਰਿਹਾ ਸੀ ਅਤੇ ਇਸ ਚੋਰੀ ਨਾਲ ਉਨ੍ਹਾਂ ਨੂੰ ਵੱਡਾ ਵਿੱਤੀ ਨੁਕਸਾਨ ਹੋਇਆ ਹੈ। ਮਾਲਕ ਨੇ ਦੱਸਿਆ ਕਿ ਉਹ ਬਿਹਾਰ ਦੇ ਰਹਿਣ ਵਾਲੇ ਹਨ ਅਤੇ ਇੱਥੇ ਕਿਰਾਏ ਦੇ ਮਕਾਨ ਚ ਰਹਿੰਦੇ ਹਨ। ਉਨ੍ਹਾਂ ਦੀ ਛੋਟੀ ਜਿਹੀ ਕਰਿਆਨਾ ਦੀ ਦੁਕਾਨ ਹੈ, ਜਿਸ ਤੋਂ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਚਲਦਾ ਹੈ। ਇਲਾਕੇ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਵਧ ਰਹੀਆਂ ਚੋਰੀਆਂ ਦੇ ਮੱਦੇਨਜ਼ਰ ਰਾਤ ਨੂੰ ਪੈਟਰੋਲਿੰਗ ਵਧਾਈ ਜਾਵੇ। ਲੋਕਾਂ ਚ ਰੋਸ ਹੈ ਕਿ ਮੁਬਾਰਕਪੂਰ ਵਿਚ ਜੇਕਰ ਦਿਨ ਦਿਹਾੜੇ ਹੀ ਚੋਰੀਆਂ ਹੋਣ ਲੱਗ ਗਈਆਂ ਤਾਂ ਰਾਤ ਵੇਲੇ ਲੋਕੀਂ ਕਿੱਥੇ ਸੁਰੱਖਿਅਤ ਹਨ। ਪੁਲਿਸ ਵੱਲੋਂ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ।