ਦੋ ਕਾਰਾਂ ਚੋਰੀ, ਸ਼ਿਕਾਇਤ ਦਰਜ
ਨਿਆਗਾਓਂ 'ਚ ਦੋ ਕਾਰਾਂ 'ਚੋਂ ਚੋਰੀ, ਸ਼ਿਕਾਇਤ ਦਰਜ
Publish Date: Mon, 17 Nov 2025 09:34 PM (IST)
Updated Date: Mon, 17 Nov 2025 09:37 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਨਿਆਗਾਓਂ : ਨਿਆਗਾਓਂ ਦੇ ਹਿਮਨਗਰ ਗੇਟ ਸਾਹਮਣੇ ਸੜਕ ਕਿਨਾਰੇ ਖੜ੍ਹੀਆਂ ਦੋ ਗੱਡੀਆਂ ਵਿਚੋਂ ਚੋਰ ਕੀਮਤੀ ਸਾਮਾਨ ਚੋਰੀ ਕਰਕੇ ਲੈ ਗਏ। ਇਸ ਘਟਨਾ ਤੋਂ ਬਾਅਦ ਇਲਾਕੇ ਦੀ ਸੁਰੱਖਿਆ ਵਿਵਸਥਾ ਨੂੰ ਲੈ ਕੇ ਲੋਕਾਂ ਵਿਚ ਭਾਰੀ ਗੁੱਸਾ ਹੈ। ਜਾਣਕਾਰੀ ਅਨੁਸਾਰ ਇਕ ਸਵਿਫਟ ਡਿਜ਼ਾਇਰ ਕਾਰ ਵਿਚੋਂ ਬੈਟਰੀ ਚੋਰੀ ਹੋ ਗਈ। ਜਦਕਿ, ਨੇੜੇ ਹੀ ਖੜ੍ਹੀ ਮਹਿੰਦਰਾ ਪਿਕਅੱਪ ਗੱਡੀ ਦਾ ਸ਼ੀਸ਼ਾ ਤੋੜ ਕੇ ਚੋਰ ਮਿਊਜ਼ਿਕ ਸਿਸਟਮ ਅਤੇ ਜ਼ਰੂਰੀ ਕਾਗਜ਼ਾਤ ਲੈ ਗਏ। ਪੀੜਤਾਂ ਨੇ ਦੱਸਿਆ ਕਿ ਪਾਰਕਿੰਗ ਦੀ ਜਗ੍ਹਾ ਨਾ ਮਿਲਣ ਕਾਰਨ ਗੱਡੀਆਂ ਰਾਤ ਨੂੰ ਸੜਕ ਕਿਨਾਰੇ ਖੜ੍ਹੀਆਂ ਕੀਤੀਆਂ ਗਈਆਂ ਸਨ, ਪਰ ਸਵੇਰੇ ਦੇਖਣ ਤੇ ਸਾਮਾਨ ਗਾਇਬ ਸੀ। ਪੀੜਤਾਂ ਵੱਲੋਂ ਥਾਣਾ ਨਿਆਗਾਓਂ ਵਿਚ ਚੋਰੀ ਸਬੰਧੀ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿਸ ਥਾਂ ਤੇ ਇਹ ਘਟਨਾ ਵਾਪਰੀ ਹੈ, ਉੱਥੇ ਨਗਰ ਕੌਂਸਲ ਵੱਲੋਂ ਲੱਖਾਂ ਰੁਪਏ ਖਰਚ ਕੇ ਲਗਾਏ ਗਏ ਸੀਸੀਟੀਵੀ ਕੈਮਰੇ ਕਈ ਦਿਨਾਂ ਤੋਂ ਬੰਦ ਪਏ ਹਨ। ਪੀੜਤਾਂ ਨੂੰ ਬਾਅਦ ਵਿਚ ਪਤਾ ਲੱਗਿਆ ਕਿ ਕੈਮਰੇ ਕੰਮ ਨਹੀਂ ਕਰ ਰਹੇ, ਜਿਸ ਕਾਰਨ ਚੋਰਾਂ ਦੀ ਪਛਾਣ ਕਰਨਾ ਬਹੁਤ ਮੁਸ਼ਕਲ ਹੋਵੇਗਾ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਕੈਮਰੇ ਚਾਲੂ ਹੁੰਦੇ ਤਾਂ ਚੋਰ ਫੜੇ ਜਾ ਸਕਦੇ ਸਨ, ਪਰ ਸੁਰੱਖਿਆ ਪ੍ਰਬੰਧਾਂ ਵਿਚ ਇਸ ਲਾਪਰਵਾਹੀ ਕਾਰਨ ਚੋਰੀ ਦੀਆਂ ਘਟਨਾਵਾਂ ਵਿਚ ਵਾਧਾ ਹੋ ਰਿਹਾ ਹੈ। ਲੋਕਾਂ ਨੇ ਨਗਰ ਕੌਂਸਲ ਦੀ ਕਾਰਜਪ੍ਰਣਾਲੀ ਅਤੇ ਸ਼ਹਿਰ ਵਿਚ ਲੱਗੀ ਸੁਰੱਖਿਆ ਵਿਵਸਥਾ ਦੀ ਖ਼ਰਾਬੀ ਤੇ ਸਖ਼ਤ ਸਵਾਲ ਖੜ੍ਹੇ ਕੀਤੇ ਹਨ।