ਅਮਨ-ਸ਼ਾਂਤੀ ਨਾਲ ਵੋਟਾਂ ਪਾਉਣ ਦਾ ਕੰਮ ਨਿਰਵਿਘਨ ਨੇਪਰੇ ਚੜ੍ਹਿਆ, ਵੋਟਰਾਂ ਨੇ ਕੋਈ ਖ਼ਾਸ ਦਿਲਚਸਪੀ ਨਹੀਂ ਦਿਖਾਈ
ਅਮਨ-ਸ਼ਾਂਤੀ ਨਾਲ ਵੋਟਾਂ ਪਾਉਣ ਦਾ ਕੰਮ ਨਿਰਵਿਘਨ ਨੇਪਰੇ ਚੜ੍ਹਿਆ,
Publish Date: Sun, 14 Dec 2025 08:47 PM (IST)
Updated Date: Sun, 14 Dec 2025 08:48 PM (IST)

ਗੁਰਪ੍ਰੀਤ ਸਿੰਘ ਮਨੀ ਸੁਮਨ, ਪੰਜਾਬੀ ਜਾਗਰਣ, ਮੁੱਲਾਂਪੁਰ ਗਰੀਬਦਾਸ : ਐਤਵਾਰ ਨੂੰ ਬਲਾਕ ਮਾਜਰੀ ਵਿਖੇ ਬਲਾਕ ਸੰਮਤੀ ਦੇ 15 ਜ਼ੋਨਾਂ ਤੋਂ ਅੰਦਾਜ਼ਨ 44 ਫ਼ੀਸਦੀ ਵੋਟਾਂ ਪਈਆਂ ਹਨ। ਸਵੇਰ ਤੋਂ ਸ਼ਾਮ ਤੱਕ ਵੋਟਰਾਂ ਵਿਚ ਇਨ੍ਹਾਂ ਚੋਣਾਂ ਵਿਚ ਕੋਈ ਖ਼ਾਸ ਦਿਲਚਸਪੀ ਨਹੀਂ ਦਿਖਾਈ ਗਈ, ਜਿਸ ਸਦਕਾ ਹਰ ਪਿੰਡ ਦੇ ਪੋਲਿੰਗ ਸਟੇਸ਼ਨ ’ਤੇ ਲੰਮੀਆਂ ਲਾਈਨਾਂ ਦੀ ਬਜਾਏ ਵੋਟਰਾਂ ਦਾ ਇਕਾ ਦੁੱਕਾ ਆਉਣ-ਜਾਣ ਬਣਿਆ ਰਿਹਾ। ਇਸ ਵੋਟਾਂ ਦੀ ਗਿਣਤੀ 17 ਦਸੰਬਰ ਨੂੰ ਹੋਵੇਗੀ, ਜਿਸ ਤੋਂ ਬਾਅਦ ਨਤੀਜੇ ਸਾਹਮਣੇ ਆਉਣਗੇ, ਉਦੋਂ ਤੱਕ ਵੱਖ-ਵੱਖ ਰਾਜਨੀਤਿਕ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਦੀ ਕਿਸਮਤ ਪੇਟੀਆਂ ਵਿਚ ਬੰਦ ਹੋ ਗਈ ਹੈ। ਸਾਰੇ ਵੋਟਿੰਗ ਸਟੇਸ਼ਨਾਂ ਤੇ ਅਮਨ-ਸ਼ਾਂਤੀ ਨਾਲ ਵੋਟਾਂ ਪਾਉਣ ਦਾ ਕੰਮ ਨਿਰਵਿਘਨ ਨੇਪਰੇ ਚੜ੍ਹਿਆ। ਇਲਾਕੇ ਵਿਚ ਕਿਧਰੇ ਵੀ ਅਣਸੁਖਾਵੀਂ ਘਟਨਾ ਵਾਪਰਨ ਦੀ ਖ਼ਬਰ ਨਹੀਂ ਮਿਲੀ। ਬਹੁਤ ਸਾਰੇ ਪਿੰਡਾਂ ਵਿਚ ਭਾਈਚਾਰਕ ਸਾਂਝ ਨੂੰ ਬਣਾਈ ਰੱਖਣ ਲਈ ਸਾਂਝੇ ਪੋਲਿੰਗ ਬੂਥ ਸਥਾਪਿਤ ਕੀਤੇ ਗਏ ਸਨ। ਪਿੰਡ ਨਗਲੀਆਂ ਸਮੇਤ ਸ਼ਿਵਾਲਿਕ ਪਹਾੜੀਆਂ ਵਿਚ ਵਸਦੇ ਪਿੰਡ ਸਿਸਵਾਂ ਦੇ ਵਾਸੀਆਂ ਨੇ ਆਪਣੇ ਵੱਲੋਂ ਕਿਸੇ ਵੀ ਪਾਰਟੀ ਦਾ ਬੂਥ ਨਹੀਂ ਲਾਇਆ, ਸਗੋਂ ਵੋਟਰਾਂ ਦੀ ਸਹੂਲਤ ਲਈ ਪੰਚਾਇਤ ਵੱਲੋਂ ਬੂਥ ਸਥਾਪਿਤ ਕੀਤਾ ਗਿਆ। ਕਸਬਾ ਮੁੱਲਾਂਪੁਰ ਗਰੀਬਦਾਸ ਜਿੱਥੇ ਤਕਰੀਬਨ 4700 ਵੋਟਾਂ ’ਚੋਂ ਸਿਰਫ਼ 1988 ਵੋਟ ਦਾ ਭੁਗਤਾਨ ਹੋਇਆ ਹੈ। ਇਸੇ ਤਰ੍ਹਾਂ ਵੋਟਰਾਂ ਦੇ ਇਨ੍ਹਾਂ ਚੋਣਾਂ ਪ੍ਰਤੀ ਮੱਠੇ ਉਤਸ਼ਾਹ ਦੇ ਚਲਦਿਆਂ ਪਿੰਡ ਸਿਸਵਾਂ ਤੋਂ 550 ਵੋਟਾਂ ’ਚੋਂ 230 ਵੋਟਾਂ ਭੁਗਤੀਆਂ ਹਨ। ਰੁੜਕੀ ਖਾਮ ਜ਼ੋਨ ਦੇ ਪਿੰਡ ਪਲਹੇੜੀ 677, ਰੁੜਕੀ ਖਾਮ 580, ਮਲਕਪੁਰ 188, ਸਿਆਮੀਪੁਰ 65, ਬਹਾਲਪੁਰ 110, ਰਾਣੀਮਾਜਰਾ 650, ਪੜੌਲ ਜ਼ੋਨ ਦੇ ਪਿੰਡਾਂ ਤੱਕੀਪੁਰ 371, ਫਿਰੋਜਪੁਰ ਬੰਗਰ 241, ਭੜੌਜੀਆਂ 75, ਪਿੰਡ ਹੁਸ਼ਿਆਰਪੁਰ 767, ਪੜੌਲ 772, ਜੈਅੰਤੀ ਮਾਜਰੀ 548, ਕਸੌਲੀ 240 ਵੋਟਾਂ ਸਵੇਰ ਤੋਂ ਸ਼ਾਮ ਤੱਕ ਭੁਗਤਾਈਆਂ ਗਈਆਂ।