ਪਤਾ ਲੱਗਿਆ ਹੈ ਕਿ ਸੂਬਾ ਸਰਕਾਰ ਨੇ ਅਜਿਹਾ ਫੈਸਲਾ ਕਿਸੇ ਧਾਰਮਿਕ ਵਿਵਾਦ ਤੋਂ ਬਚਣ ਲਈ ਲਿਆ ਹੈ। ਜਾਣਕਾਰੀ ਅਨੁਸਾਰ ਸਰਕਾਰ ਨੇ ਇਹ ਵੀ ਫੈਸਲਾ ਕੀਤਾ ਹੈ ਕਿ ਮੁੱਖ ਮੰਤਰੀ, ਕੈਬਨਿਟ ਮੰਤਰੀ ਸਮੇਤ ਸੂਬੇ ਦੇ ਹੋਰ ਰਾਜਸੀ ਆਗੂ ਪੰਡਾਲ ’ਚ ਬੈਠਣਗੇ ਜਦਕਿ ਸਟੇਜ ’ਤੇ ਧਾਰਮਿਕ ਆਗੂ ਹੀ ਬਿਰਾਜਮਾਨ ਹੋਣਗੇ।
ਜੈ ਸਿੰਘ ਛਿੱਬਰ, ਪੰਜਾਬੀ ਜਾਗਰਣ, ਚੰਡੀਗੜ੍ਹ : ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਸਮਾਗਮ ਸੂਬਾ ਸਰਕਾਰ ਧਾਰਮਿਕ ਮਰਿਆਦਾ ਅਨੁਸਾਰ ਸਿੱਖ ਸੰਪਰਦਾਵਾਂ ਦੀ ਰਹਿਨਮਾਈ ਹੇਠ ਕਰੇਗੀ। ਇਹੀ ਨਹੀਂ ਸਰਕਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪੰਜ ਤਖ਼ਤਾਂ ਦੇ ਜਥੇਦਾਰ ਸਾਹਿਬਾਨ, ਦਮਦਮੀ ਟਕਸਾਲ, ਗੁਰੂ ਦੀ ਲਾਡਲੀ ਫੌਜ (ਨਿਹੰਗ ਸਿੰਘ), ਬਿਧੀ ਚੰਦ ਤੇ ਨਿਰਮਲੇ ਸੰਪਰਦਾਵਾਂ ਸਮੇਤ ਹੋਰ ਸਿੱਖ ਧਾਰਮਿਕ ਸੰਪਰਦਾਵਾਂ ਨੂੰ ਵੀ ਵਿਸ਼ੇਸ਼ ਤੌਰ ’ਤੇ ਸੱਦਾ ਦੇਣ ਦਾ ਫੈਸਲਾ ਕੀਤਾ ਹੈ। ਅਹਿਮ ਗੱਲ ਹੈ ਕਿ ਸੂਬਾ ਸਰਕਾਰ ਸਮਾਗਮਾਂ ਲਈ ਉਚੇਚਾ ਪ੍ਰਬੰਧ ਕਰੇਗੀ ਜਦਕਿ ਧਾਰਮਿਕ ਸਮਾਗਮਾਂ ਦੀ ਸਾਰੀ ਕਮਾਂਡ ਧਾਰਮਿਕ ਆਗੂਆਂ, ਸਿੱਖ ਸੰਪਰਦਾਵਾਂ ਦੇ ਹੱਥਾਂ ਵਿਚ ਰਹੇਗੀ। ਪਤਾ ਲੱਗਿਆ ਹੈ ਕਿ ਸੂਬਾ ਸਰਕਾਰ ਨੇ ਅਜਿਹਾ ਫੈਸਲਾ ਕਿਸੇ ਧਾਰਮਿਕ ਵਿਵਾਦ ਤੋਂ ਬਚਣ ਲਈ ਲਿਆ ਹੈ। ਜਾਣਕਾਰੀ ਅਨੁਸਾਰ ਸਰਕਾਰ ਨੇ ਇਹ ਵੀ ਫੈਸਲਾ ਕੀਤਾ ਹੈ ਕਿ ਮੁੱਖ ਮੰਤਰੀ, ਕੈਬਨਿਟ ਮੰਤਰੀ ਸਮੇਤ ਸੂਬੇ ਦੇ ਹੋਰ ਰਾਜਸੀ ਆਗੂ ਪੰਡਾਲ ’ਚ ਬੈਠਣਗੇ ਜਦਕਿ ਸਟੇਜ ’ਤੇ ਧਾਰਮਿਕ ਆਗੂ ਹੀ ਬਿਰਾਜਮਾਨ ਹੋਣਗੇ।
ਇਹ ਵੀਵੀਆਈਪੀ ਬੁਲਾਏ ਜਾਣਗੇ
ਸੁਪਰੀਮ ਕੋਰਟ, ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਸਮੇਤ ਸਾਰੇ ਜੱਜਾਂ, ਵੱਖ-ਵੱਖ ਦੇਸ਼ਾਂ ਦੇ ਰਾਜਦੂਤ, ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀ ਅਤੇ ਹੋਰ ਮਹਾਨ ਆਗੂਆਂ ਨੂੰ ਵੀ ਤਿੰਨ ਦਿਨਾ ਸਮਾਗਮ ਦਾ ਵਿਸ਼ੇਸ਼ ਸੱਦਾ ਦਿੱਤਾ ਜਾਵੇਗਾ। ਸੂਬੇ ਦੇ ਸਿੱਖਿਆ ਤੇ ਲੋਕ ਸੰਪਰਕ ਵਿਭਾਗ ਦੇ ਮੰਤਰੀ ਹਰਜੋਤ ਸਿੰਘ ਬੈਂਸ ਅਨੁਸਾਰ ਚੀਫ਼ ਜਸਟਿਸ ਤੇ ਹੋਰ ਜੱਜਾਂ ਨਾਲ ਤਾਲਮੇਲ ਕਰਨ ਦੀ ਜ਼ੁੰਮੇਵਾਰੀ ਐਡਵੋਕੇਟ ਜਨਰਲ ਦੇ ਦਫ਼ਤਰ ਦੀ ਟੀਮ ਨੂੰ ਸੌਂਪੀ ਗਈ ਹੈ। ਮੁੱਖ ਮੰਤਰੀਆਂ ਦੇ ਨਾਲ ਪੰਜਾਬ ਦੇ ਕੈਬਨਿਟ ਮੰਤਰੀਆਂ ਦੀ ਡਿਊਟੀ ਲਗਾਈ ਗਈ ਹੈ ਜਦਕਿ ਵੱਖ-ਵੱਖ ਦੇਸ਼ਾਂ ਦੇ ਰਾਜਦੂਤਾਂ ਨਾਲ ਤਾਲਮੇਲ ਰੱਖਣ ਲਈ ਆਈਏਐੱਸ ਅਫ਼ਸਰਾਂ ਦੀ ਡਿਊਟੀ ਲਗਾਈ ਗਈ ਹੈ। ਬੈਂਸ ਅਨੁਸਾਰ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਦੇਸ਼ ਦੇ ਗ੍ਰਹਿ ਮੰਤਰੀ ਨਾਲ ਰਾਬਤਾ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ। ਵੀਵੀਆਈਪੀ ਦੀ ਸਹੂਲਤ ਲਈ ਪ੍ਰਾਈਵੇਟ ਕੰਪਨੀ ਦੀਆਂ ਸੇਵਾਵਾਂ ਲਈਆਂ ਜਾਣਗੀਆਂ ਜੋ ਪ੍ਰੋਟੋਕਾਲ ਦੀ ਸੁਵਿਧਾ ਦੇਣਗੀਆਂ।
ਰਾਤ ਨੂੰ ਬਾਲ਼ੀਆਂ ਜਾਣਗੀਆਂ ਮਸ਼ਾਲਾਂ
ਸਮਾਗਮ ਨੂੰ ਯਾਦਗਾਰੀ ਤੇ ਵਿਲੱਖਣ ਬਣਾਉਣ ਲਈ ਰਾਤ ਨੂੰ ਬਿਜਲੀ ਲਾਈਟਿੰਗ ਦੀ ਥਾਂ ਮਸ਼ਾਲਾਂ ਜਗਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸੇ ਤਰ੍ਹਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅਤੇ ਉਨ੍ਹਾਂ ਨਾਲ ਸ਼ਹੀਦੀ ਪ੍ਰਾਪਤ ਕਰਨ ਵਾਲੇ ਭਾਈ ਦਿਆਲਾ ਜੀ, ਮਤੀ ਦਾਸ, ਸਤੀ ਦਾਸ, ਮੱਖਣ ਸ਼ਾਹ ਲੁਬਾਣਾ ਅਤੇ ਗੁਰੂ ਜੀ ਦੇ ਸੀਸ ਦੀ ਸੰਭਾਲ ਕਰਨ ਵਾਲੇ ਭਾਈ ਜੈਤਾ ਜੀ (ਬਾਬਾ ਜੀਵਨ ਸਿੰਘ) ਦੇ ਜੀਵਨ ਤੇ ਸ਼ਹੀਦੀ ਨੂੰ ਡ੍ਰੋਨ ਜ਼ਰੀਏ ਪੇਸ਼ ਕੀਤਾ ਜਾਵੇਗਾ। ਇਸ ਲਈ ਕਰੀਬ 500 ਡ੍ਰੋਨਾਂ ਦੀ ਵਰਤੋਂ ਕੀਤੀ ਜਾਵੇਗੀ।
65 ਏਕੜ ’ਚ ਬਣੇਗੀ ਟੈਂਟ ਸਿਟੀ
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਤਿੰਨ ਦਿਨਾ ਸਮਾਗਮ ਵਿਚ ਇਕ ਕਰੋੜ ਦੇ ਕਰੀਬ ਸੰਗਤ ਦੇ ਆਉਣ ਦਾ ਅਨੁਮਾਨ ਹੈ। ਸੰਗਤ ਦੀ ਸੁਵਿਧਾ ਲਈ 65 ਏਕੜ ਵਿਚ ਟੈਂਟ ਸਿਟੀ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਦੇਸ਼-ਵਿਦੇਸ਼ ’ਚ ਬੈਠੀ ਸੰਗਤ ਟੈਂਟ ਸਿਟੀ ਦੀ ਬੁਕਿੰਗ ਇਜ਼ੀ ਮਾਈ ਟ੍ਰਿਪ ਰਾਹੀਂ ਕਰ ਸਕਦੀ ਹੈ। ਇਹ ਸੁਵਿਧਾ ਬਿਲਕੁੱਲ ਮੁਫ਼ਤ ਹੋਵੇਗੀ। ਸਭ ਤੋਂ ਅਹਿਮ ਗੱਲ ਇਹ ਹੈ ਕਿ ਟੈਂਟ ਸਿਟੀ ਦੀ ਕਮਾਨ ਵੀ ਵੱਖ-ਵੱਖ ਸੰਪਰਦਾਵਾਂ ਦੇ ਮੁਖੀਆਂ ਕੋਲ ਹੋਵੇਗੀ। ਇਸੇ ਤਰ੍ਹਾਂ ਵੱਖ-ਵੱਖ ਰਾਜਾਂ ਤੋਂ ਆਉਣ ਵਾਲੇ ਨਗਰ ਕੀਰਤਨਾਂ ਦਾ ਸਵਾਗਤ ਕਰਨ ਅਤੇ ਹੋਰ ਜ਼ੁੰਮੇਵਾਰੀ ਵੀ ਧਾਰਮਿਕ ਸੰਪਰਦਾਵਾਂ ਦੇ ਮੁਖੀਆਂ ਨੂੰ ਦਿੱਤੀ ਗਈ ਹੈ।
ਵਿਦਿਆਰਥੀਆਂ ਨੂੰ ਦਿੱਤੀ ਜਾਵੇਗੀ ਗੁਰੂ ਸਾਹਿਬਾਨ ਬਾਰੇ ਜਾਣਕਾਰੀ
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਪੰਜਾਬ ਦੇ ਸਾਰੇ ਸਰਕਾਰੀ, ਪ੍ਰਾਈਵੇਟ, ਸੀਬੀਐੱਸਈ. ਆਈਸੀਐੱਸ ਬੋਰਡ ਨਾਲ ਸਬੰਧਤ ਸਾਰੇ ਸਕੂਲਾਂ ਵਿਚ ਗੂਰ ਜੀ ਅਤੇ ਉਨ੍ਹਾਂ ਦੇ ਨਾਲ ਸ਼ਹੀਦੀਆਂ ਪਾਉਣ ਵਾਲੇ ਹੋਰ ਸਿੰਘਾਂ ਸਿੰਘਣੀਆਂ ਦੇ ਜੀਵਨ ਬਾਰੇ ਰੋਜ਼ਾਨਾ 10 ਤੋਂ 15 ਮਿੰਟ ਤੱਕ ਜਾਣਕਾਰੀ ਦਿੱਤੀ ਜਾਵੇਗੀ। ਇਸ ਦੀ ਸ਼ੁਰੂਆਤ 10 ਨਵੰਬਰ ਤੋਂ ਸ਼ੁਰੂ ਕੀਤੀ ਜਾਵੇਗੀ ਅਤੇ 30 ਨਵੰਬਰ ਤੱਕ ਜ਼ਾਰੀ ਰਹੇਗੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਬਕਾਇਦਾ ਕਿਤਾਬਚਾ ਤਿਆਰ ਕੀਤਾ ਗਿਆ ਹੈ। ਬੈਂਸ ਨੇ ਦੱਸਿਆ ਕਿ ਇਸ ਦਾ ਉਦੇਸ਼ ਨਵੀਂ ਪੀੜ੍ਹੀ ਨੂੰ ਸਿੱਖ ਇਤਿਹਾਸ ਅਤੇ ਗੁਰੂਆਂ ਦੇ ਜੀਵਨ ਬਾਰੇ ਜਾਣੂੰ ਕਰਵਾਉਣਾ ਹੈ।
ਹੈਰੀਟੇਜ ਦਾ ਕੰਮ ਰੁਕਵਾਉਣ ’ਤੇ ਬੈਂਸ ਪਰੇਸ਼ਾਨ
ਸ੍ਰੀ ਅਨੰਦਪੁਰ ਸਾਹਿਬ ਵਿਖੇ ਹੈਰੀਟੇਜ ਸਟਰੀਟ ਦਾ ਕੰਮ ਰੁਕਵਾਏ ਜਾਣ ’ਤੇ ਸਿੱਖਿਆ ਮੰਤਰੀ ਅਤੇ ਹਲਕੇ ਦੇ ਵਿਧਾਇਕ ਹਰਜੋਤ ਸਿੰਘ ਬੈਂਸ ਕਾਫ਼ੀ ਪਰੇਸ਼ਾਨ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਅਤੇ ਸਿੰਘ ਸਾਹਿਬ ਨੂੰ ਭਰੋਸਾ ਦਿੱਤਾ ਸੀ ਕਿ ਸਮਾਗਮ ਦੌਰਾਨ ਸੰਗਤ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਸਮਾਗਮ ਆਰੰਭ ਹੋਣ ਤੱਕ ਕਾਫ਼ੀ ਕੰਮ ਮੁਕੰਮਲ ਹੋ ਜਾਣਾ ਸੀ ਅਤੇ ਸਮਾਗਮ ਦੇ ਦਿਨਾਂ ਦੌਰਾਨ ਕੰਮ ਰੋਕ ਦਿੱਤਾ ਜਾਵੇਗਾ। ਇਸ ਦੇ ਬਾਵਜੂਦ ਹੈਰੀਟੇਜ ਸਟਰੀਟ ਦਾ ਕੰਮ ਰੁਕਵਾ ਦਿੱਤਾ ਗਿਆ।