ਪਿੰਡਾਂ ਦੀ ਸ਼ਾਮਲਾਤ ਜ਼ਮੀਨਾਂ ’ਤੇ ਪਿੰਡ ਦੇ ਹੀ ਲੋਕਾਂ ਦਾ ਹੱਕ : ਬੰਨੀ ਸੰਧੂ
ਪਿੰਡਾਂ ਦੀ ਸ਼ਾਮਲਾਤ ਜ਼ਮੀਨਾਂ ’ਤੇ ਪਿੰਡ ਦੇ ਹੀ ਲੋਕਾਂ ਦਾ ਹੱਕ : ਬੰਨੀ ਸੰਧੂ
Publish Date: Fri, 12 Dec 2025 05:55 PM (IST)
Updated Date: Fri, 12 Dec 2025 05:57 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਚੋਣ ਪ੍ਰਚਾਰ ਦੇ ਆਖ਼ਰੀ ਦਿਨ ਭਾਂਖਰਪੁਰ ਜ਼ੋਨ ਦੇ ਭਾਜਪਾ ਉਮੀਦਵਾਰ ਜਸਪ੍ਰੀਤ ਸਿੰਘ ਦੇ ਹੱਕ ਵਿਚ ਸਥਾਨਕ ਭਾਜਪਾ ਨੇਤਾ ਮਨਪ੍ਰੀਤ ਸਿੰਘ ਬੰਨੀ ਸੰਧੂ ਵੱਲੋਂ ਪਿੰਡ ਵਿਚ ਭਰਵੀਂ ਬੈਠਕ ਕਰਵਾਈ ਗਈ, ਜਿਸ ਵਿਚ ਵੱਡੀ ਗਿਣਤੀ ’ਚ ਲੋਕਾਂ ਨੇ ਹਾਜ਼ਰੀ ਭਰੀ। ਬੈਠਕ ਦੌਰਾਨ ਬੰਨੀ ਸੰਧੂ ਨੇ ਲੋਕਾਂ ਨੂੰ ਕਮਲ ਦੇ ਫੁੱਲ ’ਤੇ ਮੋਹਰ ਲਗਾ ਕੇ ਵੋਟਾਂ ਪਾਉਣ ਲਈ ਅਪੀਲ ਕੀਤੀ ਅਤੇ ਪਿੰਡ ਦੇ ਵਿਕਾਸ ਸਬੰਧੀ ਵਾਅਦੇ ਰੱਖੇ। ਬੰਨੀ ਸੰਧੂ ਵੱਲੋਂ ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਕਿ ਪਿੰਡ ਦੀ ਸ਼ਾਮਲਾਤ ਜ਼ਮੀਨ ਨੂੰ ਮੌਜੂਦਾ ਸਰਕਾਰ ਵੱਲੋਂ ਕਿਸੇ ਵੀ ਹਾਲਤ ਵਿਚ ਐਕਵਾਈਰ ਜਾਂ ਵੇਚਣ ਨਹੀਂ ਦੇਵੇਗੇ ਅਤੇ ਡੱਟਕੇ ਪਿੰਡ ਵਾਸੀਆਂ ਨਾਲ ਖੜਾਂਗੇ। ਇਸ ਬੈਠਕ ਤੋਂ ਬਾਅਦ ਬੰਨੀ ਸੰਧੂ ਨੇ ਨਗਰ ਖੇੜੇ ਅਤੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕ ਕੇ ਚੋਣ ਪ੍ਰਚਾਰ ਦੀ ਕਾਮਯਾਬੀ ਲਈ ਅਰਦਾਸ ਕੀਤੀ। ਇਸ ਤੋਂ ਬਾਅਦ ਪਿੰਡ ਵਿਚ ਵੱਡੇ ਪੱਧਰ ’ਤੇ ਟਰੈਕਟਰ ਰੈਲੀ ਕੱਢੀ ਗਈ, ਜਿਸ ਨੇ ਇਲਾਕੇ ਦਾ ਮਾਹੌਲ ਚੋਣੀ ਰੰਗ ਵਿਚ ਰੰਗ ਦਿੱਤਾ ਅਤੇ ਲੋਕਾਂ ਵੱਲੋਂ ਸੰਧੂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਰੈਲੀ ਦੌਰਾਨ ਬੰਨੀ ਸੰਧੂ ਨੇ ਕਿਹਾ ਕਿ ਇਲਾਕੇ ਦੇ ਲੋਕਾਂ ਨੂੰ ਸੁਵਿਧਾਵਾਂ ਮਿਲਣ, ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮਿਲਣ ਅਤੇ ਕਿਸਾਨਾਂ ਨੂੰ ਵਧੇਰੇ ਸਹੂਲਤਾਂ ਦੇਣ ਲਈ ਕਈ ਕੰਮ ਪਹਿਲਾਂ ਹੀ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਭਾਂਖਰਪੁਰ ਜ਼ੋਨ ਦੇ ਹਰ ਘਰ ਤੱਕ ਸਰਕਾਰੀ ਸਕੀਮਾਂ ਪਹੁੰਚਣ। ਪੈਨਸ਼ਨ ਯੋਜਨਾਵਾਂ ਤੋਂ ਲੈ ਕੇ ਘਰਾਂ ਲਈ ਮਦਦ, ਹਰ ਚੀਜ਼ ਬਿਨਾਂ ਰੁਕਾਵਟ ਦੇਣੀ ਉਨ੍ਹਾਂ ਦੀ ਤਰਜੀਹ ਹੈ। ਨੌਜਵਾਨਾਂ ਨੂੰ ਰੁਜ਼ਗਾਰ ਯੋਗ ਬਣਾਉਣ ਲਈ ਸਕਿੱਲ ਡਿਵੈਲਪਮੈਂਟ ਤੇ ਸਪੋਰਟਸ ਸਬੰਧੀ ਪ੍ਰਾਜੈਕਟਾਂ ’ਤੇ ਖ਼ਾਸ ਧਿਆਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇ ਲੋਕਾਂ ਦਾ ਸਹਿਯੋਗ ਮਿਲਿਆ ਤਾਂ ਜਸਪ੍ਰੀਤ ਸਿੰਘ ਦੇ ਜ਼ਰੀਏ ਇਲਾਕੇ ਨੂੰ ਹੋਰ ਤਰੱਕੀ ਦੀ ਰਾਹ ’ਤੇ ਲਿਆਂਦਾ ਜਾਵੇਗਾ। ਟਰੈਕਟਰ ਰੈਲੀ ਦੇ ਅੰਤ ’ਤੇ ਸਥਾਨਕ ਲੋਕਾਂ ਨੇ ਬੰਨੀ ਸੰਧੂ ਦਾ ਸਨਮਾਨ ਕੀਤਾ ਅਤੇ ਚੋਣਾਂ ਵਿਚ ਵੱਡੇ ਸਮਰਥਨ ਦਾ ਭਰੋਸਾ ਦਿੱਤਾ। ਇਸ ਮੌਕੇ ਭਾਜਪਾ ਓਬੀਸੀ ਪੰਜਾਬ ਮੋਰਚੇ ਦੇ ਵਾਈਸ ਪ੍ਰਧਾਨ ਰਵਿੰਦਰ ਵੈਸ਼ਨਵ, ਭਾਜਪਾ ਮੰਡਲ ਪ੍ਰਧਾਨ ਪਵਨ ਧੀਮਾਨ (ਪੰਮਾ) ਅਤੇ ਹੋਰ ਆਗੂ ਵੀ ਹਾਜ਼ਰ ਸਨ।