ਬਾਬਾ ਬੰਦਾ ਸਿੰਘ ਬਹਾਦਰ ਯੁੱਧ ਸਮਾਰਕ ਨੂੰ ਜਾਂਦੀ ਸੜਕ ਬਦਹਾਲ
ਪੰਜਾਬ ਦੇ ਇਤਿਹਾਸਕ ਬਾਬਾ ਬੰਦਾ ਸਿੰਘ ਬਹਾਦਰ ਯੁੱਧ ਸਮਾਰਕ ਨੂੰ ਜਾਂਦੀ ਸੜਕ ਦੀ ਬਦਹਾਲੀ,
Publish Date: Thu, 20 Nov 2025 09:54 PM (IST)
Updated Date: Fri, 21 Nov 2025 04:16 AM (IST)

3.77 ਕਰੋੜ ਦੀ ਮਨਜ਼ੂਰੀ 6 ਮਹੀਨਿਆਂ ਬਾਅਦ ਵੀ ਲਟਕੀ ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਮੁਹਾਲੀ ਦੇ ਇਤਿਹਾਸਕ ਅਸਥਾਨ ਬਾਬਾ ਬੰਦਾ ਸਿੰਘ ਬਹਾਦਰ ਯੁੱਧ ਸਮਾਰਕ (ਚੱਪੜਚਿੜੀ) ਨੂੰ ਜਾਣ ਵਾਲੀ ਮੁੱਖ ਸੜਕ ਦੀ ਹਾਲਤ ਬੇਹੱਦ ਖ਼ਰਾਬ ਹੋ ਚੁੱਕੀ ਹੈ। ਵੱਡੇ-ਵੱਡੇ ਟੋਇਆਂ ਨਾਲ ਭਰੀ ਇਸ ਸੜਕ ’ਤੇ ਰੋਜ਼ਾਨਾ ਸੈਂਕੜੇ ਵਾਹਨ ਫਸਦੇ ਹਨ, ਜਿਸ ਕਾਰਨ ਸਥਾਨਕ ਨਿਵਾਸੀਆਂ, ਸਕੂਲੀ ਬੱਚਿਆਂ ਤੇ ਖ਼ਾਸ ਕਰ ਕੇ ਸੈਲਾਨੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸੜਕ ਦੇ ਕਿਨਾਰੇ 2 ਵੱਡੇ ਸਕੂਲ ਹੋਣ ਕਾਰਨ ਸਵੇਰ-ਸ਼ਾਮ ਹਜ਼ਾਰਾਂ ਬੱਚੇ ਆਉਂਦੇ-ਜਾਂਦੇ ਹਨ। ਸਭ ਤੋਂ ਅਹਿਮ ਗੱਲ ਇਹ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਯੁੱਧ ਸਮਾਰਕ ਇਸੇ ਪਿੰਡ ’ਚ ਸਥਿਤ ਹੈ, ਜਿੱਥੇ ਹਰ ਰੋਜ਼ ਕਰੀਬ 500 ਸੈਲਾਨੀ ਪਹੁੰਚਦੇ ਹਨ ਤੇ ਸੈਰ-ਸਪਾਟੇ ਦੇ ਸੀਜ਼ਨ ’ਚ ਇਹ ਗਿਣਤੀ ਹੋਰ ਵੱਧ ਜਾਂਦੀ ਹੈ। ਬਾਕਸ-- ਛੇ ਮਹੀਨਿਆਂ ਬਾਅਦ ਵੀ ਵਾਅਦਾ ਅਧੂਰਾ ਬੀਤੀ 12 ਮਈ 2025 ਨੂੰ ਬਾਬਾ ਬੰਦਾ ਸਿੰਘ ਬਹਾਦਰ ਦਾ ਸਾਲਾਨਾ ਪੁਰਬ ਮਨਾਇਆ ਗਿਆ ਸੀ, ਜਿਸ ਦੌਰਾਨ ਲੋਕਾਂ ਨੇ ਸੜਕ ਦੀ ਬਦਹਾਲੀ ਨੂੰ ਲੈ ਕੇ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਕੀਤਾ ਸੀ। ਉਸ ਸਮੇਂ ਖੇਤਰੀ ਵਿਧਾਇਕ ਕੁਲਵੰਤ ਸਿੰਘ ਨੇ ਸੜਕ ਬਣਾਉਣ ਦਾ ਵਾਅਦਾ ਕੀਤਾ ਸੀ ਪਰ 6 ਮਹੀਨੇ ਬੀਤਣ ਦੇ ਬਾਵਜੂਦ ਕੋਈ ਕੰਮ ਸ਼ੁਰੂ ਨਹੀਂ ਹੋਇਆ। ਬਾਕਸ-- 3.77 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਪਰ ਕੰਮ ਸ਼ੁਰੂ ਨਹੀਂ ਹੋਇਆ ਚੱਪੜਚਿੜੀ ਨੂੰ ਜੋੜਨ ਵਾਲੀ ਮੁੱਖ ਸੜਕ ਦੇ ਨਿਰਮਾਣ ਲਈ ਪੰਜਾਬ ਸਰਕਾਰ ਵੱਲੋਂ ਮਈ ਮਹੀਨੇ ’ਚ 3.77 ਕਰੋੜ ਰੁਪਏ ਦੀ ਰਾਸ਼ੀ ਪ੍ਰਵਾਨ ਕੀਤੀ ਗਈ ਸੀ। ਉਸ ਸਮੇਂ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਸੀ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਇਸ ਪ੍ਰਮੁੱਖ ਸੜਕ ਦੇ ਨਵੀਨੀਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪ੍ਰਵਾਨਿਤ ਯੋਜਨਾ ਤਹਿਤ 2.05 ਕਿਲੋਮੀਟਰ ਲੰਬੀ 18 ਫੁੱਟ ਚੌੜੀ ਸੜਕ ਦੀ ਮੁਰੰਮਤ ਕੀਤੀ ਜਾਣੀ ਹੈ, ਜਿਸ ’ਚ 80 ਮਿਲੀਮੀਟਰ ਦੀਆਂ ਇੰਟਰਲਾਕਿੰਗ ਟਾਈਲਾਂ ਲਾਈਆਂ ਜਾਣਗੀਆਂ। ਇਸ ਤੋਂ ਇਲਾਵਾ ਆਉਣ ਵਾਲੇ 5 ਸਾਲਾਂ ਲਈ ਇਸ ਦੀ ਮੁਰੰਮਤ ਵਾਸਤੇ 8.52 ਲੱਖ ਰੁਪਏ ਵੀ ਰੱਖੇ ਗਏ ਹਨ ਪਰ ਫੰਡ ਮਨਜ਼ੂਰ ਹੋਣ ਦੇ ਬਾਵਜੂਦ ਜ਼ਮੀਨੀ ਕੰਮ ਸ਼ੁਰੂ ਨਹੀਂ ਹੋ ਸਕਿਆ। ਬਾਕਸ-- ਵਿਰੋਧੀ ਆਗੂਆਂ ਦੇ ਤਿੱਖੇ ਬਿਆਨ : ਬਲਬੀਰ ਸਿੱਧੂ, ਸਾਬਕਾ ਕੈਬਨਿਟ ਮੰਤਰੀ, ਪੰਜਾਬ ਨੇ ਇਸ ਸਬੰਧੀ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, ਉਦੋਂ ਤੋਂ ਇਨ੍ਹਾਂ ਨੇ ਜਨਤਾ ਦਾ ਕੋਈ ਕੰਮ ਨਹੀਂ ਕੀਤਾ। ਚੱਪੜਚਿੜੀ ਦੀ ਮੁੱਖ ਸੜਕ ਦੀ ਇਹ ਹਾਲਤ ਮੌਜੂਦਾ ਸਰਕਾਰ ਦੀ ਪੂਰੀ ਨਾਕਾਮੀ ਨੂੰ ਬੇਨਕਾਬ ਕਰਦੀ ਹੈ। 3.77 ਕਰੋੜ ਦੀ ਮਨਜ਼ੂਰ ਹੋਈ ਰਕਮ ਦੇ ਬਾਵਜੂਦ 6 ਮਹੀਨੇ ਤੱਕ ਕੋਈ ਕੰਮ ਨਾ ਸ਼ੁਰੂ ਹੋਣਾ ਹੈਰਾਨੀਜਨਕ ਹੈ। ਮੁਹਾਲੀ ਦੇ ਜ਼ਿਆਦਾਤਰ ਇਲਾਕਿਆਂ ’ਚ ਟੁੱਟੀਆਂ ਸੜਕਾਂ, ਸਫ਼ਾਈ, ਬਿਜਲੀ, ਪਾਣੀ ਦੀ ਹਰ ਤਰ੍ਹਾਂ ਦੀ ਸਮੱਸਿਆ ਤੋਂ ਲੋਕ ਪਰੇਸ਼ਾਨ ਹਨ। ਹੁਣ ਲੋਕ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਇਸ ਸਰਕਾਰ ਨੂੰ ਜਵਾਬ ਦੇਣਗੇ। ਪਰਮਿੰਦਰ ਸਿੰਘ ਸੋਹਾਣਾ, ਮੁੱਖ ਸੇਵਾਦਾਰ, ਸ਼੍ਰੋਮਣੀ ਅਕਾਲੀ ਦਲ ਕਿਹਾ ਕਿ ਇਹ ਬਦਕਿਸਮਤੀ ਹੈ ਕਿ ਮੌਜੂਦਾ ਸਰਕਾਰ ਸੈਲਾਨੀਆਂ ਦੇ ਇੱਥੋਂ ਤੱਕ ਪਹੁੰਚਣ ਲਈ ਸੜਕ ਦਾ ਨਿਰਮਾਣ ਨਹੀਂ ਕਰਾ ਪਾ ਰਹੀ। ਪੂਰੀ ਸਰਕਾਰ ਨੂੰ ਦਿੱਲੀ ’ਚ ਬੈਠੇ ਨੇਤਾ ਨਿਰਦੇਸ਼ ਦੇ ਕੇ ਚਲਾ ਰਹੇ ਹਨ। ਇਨ੍ਹਾਂ ਨੂੰ ਸਿੱਖ ਇਤਿਹਾਸ ਤੋਂ ਕੋਈ ਮਤਲਬ ਨਹੀਂ ਹੈ, ਜਿਸ ਕਾਰਨ ਸਰਕਾਰ ਵੱਲੋਂ ਇਸ ਇਤਿਹਾਸਕ ਜਗ੍ਹਾ ਦੀ ਅਣਦੇਖੀ ਕੀਤੀ ਜਾ ਰਹੀ ਹੈ, ਜਦਕਿ ਅਕਾਲੀ ਦਲ ਪੰਜਾਬੀਆਂ ਦੀ ਆਪਣੀ ਪਾਰਟੀ ਹੈ ਤੇ ਹਰ ਪੰਜਾਬੀ ਦੇ ਦਿਲ ਦੀ ਭਾਵਨਾ ਨੂੰ ਚੰਗੀ ਤਰ੍ਹਾਂ ਸਮਝਦੀ ਹੈ। ਬਾਬਾ ਬੰਦਾ ਬਹਾਦਰ ਦੀ ਯਾਦਗਾਰ ਅਕਾਲੀ ਦਲ ਵੱਲੋਂ ਕੀਤਾ ਨਿਮਾਣਾ ਉਪਰਾਲਾ ਹੈ, ਜਿਸ ਦੀ ਸੰਭਾਲ ’ਚ ਮੌਜੂਦਾ ਸਰਕਾਰ ਨਾਕਾਮ ਰਹੀ ਹੈ। ==== ਅਮਨਜੋਤ ਕੌਰ ਰਾਮੂਵਾਲੀਆ (ਭਾਜਪੀ ਆਗੂ): ਸੱਤਾਧਾਰੀ ਪਾਰਟੀ ਲਗਾਤਾਰ ਜਨਤਾ ਨੂੰ ਝੂਠੇ ਵਾਅਦਿਆਂ ਦੇ ਜਾਲ ’ਚ ਫਸਾ ਰਹੀ ਹੈ। ਮਨਜ਼ੂਰੀ ਮਿਲਣ ਦੇ ਬਾਵਜੂਦ ਸੜਕ ਦਾ ਕੰਮ ਨਾ ਸ਼ੁਰੂ ਹੋਣਾ ਸਾਬਤ ਕਰਦਾ ਹੈ ਕਿ ਇਸ ਸਰਕਾਰ ਦੀ ਕੋਈ ਦੂਰ-ਅੰਦੇਸ਼ੀ ਨਹੀਂ ਹੈ। ਮੁੱਢਲੇ ਢਾਂਚੇ ਨੂੰ ਮਜ਼ਬੂਤ ਕਰਨ ਦੀ ਬਜਾਏ ਸਰਕਾਰ ਸਿਰਫ਼ ਸਿਆਸੀ ਪ੍ਰਚਾਰ ’ਚ ਰੁੱਝੀ ਹੋਈ ਹੈ। ਇਹ ਸਰਕਾਰ ਲੋਕਾਂ ਨਾਲ ਝੂਠੇ ਵਾਅਦੇ ਕਰਦੀ ਹੈ। ---- ਅਮਰਜੀਤ ਸਿੰਘ ਜੀਤੀ ਸਿੱਧੂ (ਮੇਅਰ, ਨਗਰ ਨਿਗਮ, ਮੁਹਾਲੀ) : ਮੁਹਾਲੀ ਵਿਧਾਨ ਸਭਾ ਵਿਚ ਵਿਧਾਇਕ ਆਮ ਆਦਮੀ ਪਾਰਟੀ ਦੇ ਹਨ। ਉਹ ਸ਼ਹਿਰ ਦੇ ਦਾਇਰੇ ’ਚ ਇਕ ਪਾਸੇ ਜਿੱਥੇ ਨਗਰ ਨਿਗਮ ਨੂੰ ਵਿਕਾਸ ਕਾਰਜ ਨਹੀਂ ਕਰਨ ਦਿੰਦੇ ਹਨ ਹਰ ਕੰਮ ’ਚ ਅੜਿੱਕਾ ਪਾ ਕੇ ਸਰਕਾਰ ਤੋਂ ਰੁਕਵਾ ਦਿੰਦੇ ਹਨ। ਉੱਥੇ ਹੀ ਪੇਂਡੂ ਇਲਾਕਿਆਂ ’ਚ ਉਨ੍ਹਾਂ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਆਪਣੀ ਸਰਕਾਰ ਹੁੰਦੇ ਹੋਏ ਵੀ ਇਤਿਹਾਸਕ ਸਥਾਨ ਦੀ ਸੜਕ ਸ਼ੁਰੂ ਨਾ ਹੋਣਾ ਇਹ ਵਿਧਾਇਕ ਦੀ ਨਾਕਾਮੀ ਹੈ। ਇਸ ਦੇ ਨਾਲ ਹੀ ਪੂਰੇ ਮੁਹਾਲੀ ਹਲਕੇ ਦਾ ਹਰ ਖੇਤਰ ’ਚ ਹੋਇਆ ਘਾਣ ਐੱਮਐੱਲਏ ਦੀ ਨਾਕਾਰਾਤਮਕ ਸੋਚ ਨੂੰ ਦਰਸਾਉਂਦਾ ਹੈ।