ਫੇਜ਼–11 ਵਿਚ ਦੰਗਾ ਪੀੜਤਾਂ ਦੀਆਂ ਦੁਕਾਨਾਂ ਨੂੰ ਖਾਲੀ ਕਰਾਉਣ ’ਤੇ ਤਣਾਅ, ਧਰਨਾ ਜਾਰੀ
ਦੰਗਾ ਪੀੜਤਾਂ ਦੀਆਂ ਦੁਕਾਨਾਂ ਨੂੰ ਖਾਲੀ ਕਰਾਉਣ ’ਤੇ ਤਣਾਅ, ਧਰਨਾ ਜਾਰੀ, ਡਿਪਟੀ ਮੇਅਰ ਬੇਦੀ ਨੇ ਰੁਜ਼ਗਾਰ ਬਚਾਉਣ ਦੀ ਮੰਗ ਉਠਾਈ
Publish Date: Thu, 11 Dec 2025 07:29 PM (IST)
Updated Date: Thu, 11 Dec 2025 07:30 PM (IST)

ਡਿਪਟੀ ਮੇਅਰ ਬੇਦੀ ਨੇ ਰੁਜ਼ਗਾਰ ਬਚਾਉਣ ਦੀ ਮੰਗ ਚੁੱਕੀ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਮੁਹਾਲੀ ਦੇ ਫੇਜ਼-11 ਵਿਚ 1984 ਦੰਗਾ ਪੀੜਤਾਂ ਦੇ ਘਰਾਂ ਦੇ ਹੇਠਾਂ ਬਣੀਆਂ ਦੁਕਾਨਾਂ ਨੂੰ ਗਮਾਡਾ, ਨਗਰ ਨਿਗਮ ਤੇ ਪ੍ਰਸ਼ਾਸਨ ਵੱਲੋਂ ਖਾਲੀ ਕਰਾਉਣ ਦੀ ਕਾਰਵਾਈ ਪਿਛਲੇ ਦਿਨੀਂ ਕੀਤੀ ਗਈ। ਬਾਹਰਲੇ ਫੁੱਟਪਾਥ ਵਾਲੀਆਂ ਐਨਕਰੋਚਮੈਂਟਾਂ ਹਟਾਉਣ ਤੋਂ ਬਾਅਦ ਹੁਣ ਘਰਾਂ ਵਿਚ ਚੱਲ ਰਹੀਆਂ ਦੁਕਾਨਾਂ ਨੂੰ ਤੋੜਨ ਦੀ ਕੋਸ਼ਿਸ਼ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ। ਕਾਰਵਾਈ ਦੇ ਵਿਰੋਧ ਵਿਚ ਦੰਗਾ ਪੀੜਤ ਪਰਿਵਾਰਾਂ ਨੇ ਧਰਨਾ ਲਾ ਦਿੱਤਾ, ਜਿਸ ਵਿਚ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵੀਰਵਾਰ ਖ਼ਾਸ ਤੌਰ ’ਤੇ ਪਹੁੰਚੇ ਅਤੇ ਲੋਕਾਂ ਦੀਆਂ ਤਕਲੀਫ਼ਾਂ ਸੁਣੀਆਂ। ਬੇਦੀ ਨੇ ਕਿਹਾ ਕਿ ਇੱਥੇ ਰਹਿੰਦੇ ਪਰਿਵਾਰ ਪਹਿਲਾਂ ਹੀ 1984 ਦੀ ਤਰਾਸ਼ਦੀ ਦੇ ਮਾਰੇ ਹੋਏ ਹਨ ਅਤੇ ਪਿਛਲੇ 25-30 ਸਾਲਾ ਤੋਂ ਇਨ੍ਹਾਂ ਦੁਕਾਨਾਂ ਰਾਹੀਂ ਆਪਣਾ ਘਰ ਚਲਾ ਰਹੇ ਹਨ। ਕਈ ਪਰਿਵਾਰ ਕਿਸ਼ਤਾਂ ਭਰਦੇ ਹਨ, ਬੱਚਿਆਂ ਦੀਆਂ ਫੀਸਾਂ, ਘਰੇਲੂ ਖਰਚ ਤੇ ਸਰਦੀ ਦੇ ਮੌਸਮ ਵਿਚ ਰੁਜ਼ਗਾਰ ਇਕੋ ਆਸਰਾ ਹੈ। ਉਨ੍ਹਾਂ ਨੇ ਗਮਾਡਾ ਅਤੇ ਪ੍ਰਸ਼ਾਸਨ ਨੂੰ ਸਪੱਸ਼ਟ ਮੰਗ ਰੱਖੀ ਕਿ ਫੁੱਟਪਾਥ ਵਾਲੀਆਂ ਬਾਹਰਲੀ ਗ਼ੈਰ-ਕਾਨੂੰਨੀ ਐਨਕਰੋਚਮੈਂਟਾਂ ਤਾਂ ਜ਼ਰੂਰ ਹਟਾਈਆਂ ਜਾਣ, ਪਰ ਘਰਾਂ ਦੇ ਅੰਦਰ ਬਣੀਆਂ ਕਾਨੂੰਨੀ/ਸਰਕਾਰੀ ਘਰਾਂ ਨਾਲ ਜੁੜੀਆਂ ਦੁਕਾਨਾਂ ਨੂੰ ਨਾ ਛੇੜਿਆ ਜਾਵੇ, ਕਿਉਂਕਿ ਇਨ੍ਹਾਂ ਦੁਕਾਨਾਂ ਤੋਂ ਸੈਂਕੜੇ ਲੋਕ ਆਪਣਾ ਰੋਜ਼ੀ-ਰੋਟੀ ਕਮਾ ਰਹੇ ਹਨ। ਬੇਦੀ ਨੇ ਕਿਹਾ ਕਿ “ਦੰਗਾ ਪੀੜਤ ਪਰਿਵਾਰਾਂ ਦੀ ਰੋਟੀ ਖੋਹਣ ਦੀ ਕੋਈ ਵੀ ਕੋਸ਼ਿਸ਼ ਬਰਦਾਸ਼ਤ ਨਹੀਂ ਕੀਤੀ ਜਾਵੇਗੀ, ਜੇ ਬਾਹਰ ਐਨਕਰੋਚਮੈਂਟ ਹੈ ਤਾਂ ਉਹ ਅਸੀਂ ਵੀ ਕਹਿੰਦੇ ਹਾਂ ਹਟਾਓ, ਪਰ ਲੋਕਾਂ ਦੇ ਘਰਾਂ ਵਿਚ ਬਣੀਆਂ ਦੁਕਾਨਾਂ ਨਾ ਤੋੜੀਆਂ ਜਾਣ।” ਧਰਨਾ ਅਜੇ ਵੀ ਜਾਰੀ ਹੈ ਅਤੇ ਪੀੜਤ ਪਰਿਵਾਰ ਇਕੋ ਮੰਗ ਕਰ ਰਹੇ ਹਨ ਕਿ ਉਨ੍ਹਾਂ ਦੇ ਰੁਜ਼ਗਾਰ ਨੂੰ ਨਾ ਉਜਾੜਿਆ ਜਾਵੇ।