ਏਪੀਏਆਰ ਲਿਖਣ ਲਈ 15 ਮਈ ਤੱਕ ਦਾ ਸਮਾਂ ਦਿੱਤਾ ਜਾਵੇ, ਅਧਿਆਪਕ ਆਗੂਆਂ ਨੇ ਕੀਤੀ ਮੰਗ
ਅਧਿਆਪਕ ਆਗੂਆਂ ਨੇ ਕਿਹਾ ਕਿ ਅਧਿਆਪਕਾਂ ਨੂੰ ਗੈਰ ਵਿੱਦਿਅਕ ਕੰਮਾਂ ਜਿਨ੍ਹਾਂ ਵਿਚ ਜਨਗਣਨਾ ਡਿਊਟੀਆਂ, ਡਰੱਗ ਜਨਗਣਨਾ ਡਿਊਟੀਆਂ, ਬੀਐੱਲਓ ਡਿਊਟੀਆਂ, ਹੈਲਥ ਕਾਰਡ ਬਣਾਉਣ ਸਬੰਧੀ ਡਿਊਟੀਆਂ, ਇਲੈਕਸ਼ਨ ਡਿਊਟੀਆਂ ਆਦਿ ਵਿਚ ਉਲਝਾ ਕੇ ਰੱਖਿਆ ਗਿਆ ਹੈ।
Publish Date: Sun, 19 Apr 2026 08:03 AM (IST)
Updated Date: Sun, 19 Apr 2026 08:06 AM (IST)
ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਪ੍ਰਧਾਨ ਵਿਕਰਮਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਅਧਿਆਪਕਾਂ 'ਤੇ ਪਾਏ ਜਾ ਰਹੇ ਗੈਰ ਵਿੱਦਿਅਕ ਕੰਮਾਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਸਰਕਾਰ ਨੇ ਅਧਿਆਪਕਾਂ ਨੂੰ ਸਕੂਲਾਂ ਵਿਚ ਡਾਟਾ ਐਂਟਰੀ ਆਪ੍ਰੇਟਰ ਬਣਾ ਕੇ ਰੱਖਿਆ ਹੋਇਆ ਹੈ। ਉਨ੍ਹਾਂ ਤੋਂ ਹਰ ਰੋਜ਼ ਵੱਖ-ਵੱਖ ਪੋਰਟਲਾਂ ’ਤੇ ਵੱਖ-ਵੱਖ ਜਾਣਕਾਰੀ ਹਰ ਰੋਜ਼ ਹੀ ਭਰਵਾਈ ਜਾਂਦੀ ਹੈ।
ਅਧਿਆਪਕ ਆਗੂਆਂ ਨੇ ਕਿਹਾ ਕਿ ਅਧਿਆਪਕਾਂ ਨੂੰ ਗੈਰ ਵਿੱਦਿਅਕ ਕੰਮਾਂ ਜਿਨ੍ਹਾਂ ਵਿਚ ਜਨਗਣਨਾ ਡਿਊਟੀਆਂ, ਡਰੱਗ ਜਨਗਣਨਾ ਡਿਊਟੀਆਂ, ਬੀਐੱਲਓ ਡਿਊਟੀਆਂ, ਹੈਲਥ ਕਾਰਡ ਬਣਾਉਣ ਸਬੰਧੀ ਡਿਊਟੀਆਂ, ਇਲੈਕਸ਼ਨ ਡਿਊਟੀਆਂ ਆਦਿ ਵਿਚ ਉਲਝਾ ਕੇ ਰੱਖਿਆ ਗਿਆ ਹੈ। ਨਾਲ ਹੀ ਸਕੂਲਾਂ ਵਿੱਚ ਚੱਲ ਰਹੀਆਂ ਵੱਖ-ਵੱਖ ਗਤੀਵਿਧੀਆਂ, ਪ੍ਰੀਖਿਆ ਡਿਊਟੀਆਂ, ਮੁਲਾਂਕਣ ਡਿਊਟੀਆਂ, ਦਾਖਲਾ ਮੁਹਿੰਮ, ਸਮਰੱਥ ਮਿਸ਼ਨ, ਅਧਿਆਪਕਾਂ ਦੀ ਘਾਟ, ਕਲਰਕਾਂ-ਡਾਟਾ ਐਂਟਰੀ ਅਪਰੇਟਰ ਦਾ ਨਾ ਹੋਣਾ ਆਦਿ ਨੇ ਅਧਿਆਪਕਾਂ ਦੀ ਕਾਰਗੁਜ਼ਾਰੀ ਨੂੰ ਪ੍ਰਭਾਵਿਤ ਕੀਤਾ ਹੈ। ਇਸੇ ਕਾਰਣ ਅਨੇਕਾਂ ਸਕੂਲ ਮੁਖੀ ਆਪਣੇ ਅਧੀਨ ਆਉਂਦੇ ਅਧਿਆਪਕਾਂ/ ਮੁਲਾਜ਼ਮਾਂ ਦੀਆਂ ਆਈਐੱਚਆਰਐੱਮਐੱਸ ਪੋਰਟਲ ਉੱਤੇ ਏਪੀਏਆਰ ਇਨੀਸ਼ੀਏਟ ਕਰਨ ਤੋਂ ਰਹਿ ਗਏ ਹਨ। ਉਨ੍ਹਾਂ ਦੱਸਿਆ ਕਿ ਏਪੀਏਆਰ ਇਨੀਸ਼ੀਏਟ ਕਰਨ ਲਈ ਪਹਿਲੀ ਅਪ੍ਰੈਲ ਤੋਂ ਦਸ ਅਪ੍ਰੈਲ ਤੱਕ ਦਾ ਸਮਾਂ ਦਿੱਤਾ ਗਿਆ ਸੀ।
ਆਗੂਆਂ ਨੇ ਮੰਗ ਕੀਤੀ ਕਿ ਇਸ ਲਈ ਸਕੂਲ ਮੁਖੀਆਂ ਨੂੰ ਇੱਕ ਮੌਕਾ ਦਿੰਦੇ ਹੋਏ ਏਪੀਏਆਰ ਇੰਨੀਸ਼ਈਏਟ ਕਰਨ ਦੀ ਅੰਤਿਮ ਮਿਤੀ ਘੱਟੋ-ਘੱਟ 30 ਅਪ੍ਰੈਲ ਕੀਤੀ ਜਾਵੇ ਅਤੇ ਕਰਮਚਾਰੀ ਨੂੰ ਆਪਣੀ ਏਪੀਏਆਰ ਲਿਖਣ ਲਈ 15 ਮਈ ਤੱਕ ਦਾ ਸਮਾਂ ਦਿੱਤਾ ਜਾਵੇ।