ਕਾਂਗਰਸ ਦੇ ਕੌਮੀ ਜਨਰਲ ਸਕੱਤਰ ਅਤੇ ਸਾਂਸਦ ਰਣਦੀਪ ਸਿੰਘ ਸੁਰਜੇਵਾਲਾ ਸ਼ੁੱਕਰਵਾਰ ਨੂੰ ਚੰਡੀਗੜ੍ਹ ਦੌਰੇ ’ਤੇ ਰਹੇ। ਨੈਸ਼ਨਲ ਹੈਰਲਡ ਮਾਮਲੇ ਨੂੰ ਲੈ ਕੇ ਸੈਕਟਰ-45 ਸਥਿਤ ਕਾਂਗਰਸ ਭਵਨ ਵਿੱਚ ਹੋਈ ਪੱਤਰਕਾਰ ਮਿਲਣੀ ਦੌਰਾਨ ਉਨ੍ਹਾਂ ਨੇ ਕੇਂਦਰ ਦੀ ਮੋਦੀ ਸਰਕਾਰ ‘ਤੇ ਤਿੱਖਾ ਹਮਲਾ ਬੋਲਿਆ। ਉਨ੍ਹਾਂ ਨੇ ਦਿੱਲੀ ਦੇ ਵਧਦੇ ਪ੍ਰਦੂਸ਼ਣ, ਇਸ ਦੇ ਚੰਡੀਗੜ੍ਹ ’ਤੇ ਪੈ ਰਹੇ ਪ੍ਰਭਾਵ ਅਤੇ ਮਨਰੇਗਾ ਨੂੰ ਲੈ ਕੇ ਵੀ ਕੇਂਦਰ ਸਰਕਾਰ ਨੂੰ ਘੇਰਿਆ। ਨੈਸ਼ਨਲ ਹੈਰਲਡ ਮਾਮਲੇ ’ਚ ਅਦਾਲਤ ਦੇ ਹਾਲੀਆ ਫ਼ੈਸਲੇ ਦਾ ਹਵਾਲਾ ਦਿੰਦਿਆਂ ਸੁਰਜੇਵਾਲਾ ਨੇ ਕਿਹਾ ਕਿ 16 ਦਸੰਬਰ ਨੂੰ ਮੋਦੀ ਸਰਕਾਰ ਦੀ ਬਦਲੇ ਅਤੇ ਨਫ਼ਰਤ ਦੀ ਰਾਜਨੀਤੀ ਤਾਸ਼ ਦੇ ਪੱਤਿਆਂ ਵਾਂਗ ਡਿੱ

ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ। ਕਾਂਗਰਸ ਦੇ ਕੌਮੀ ਜਨਰਲ ਸਕੱਤਰ ਅਤੇ ਸਾਂਸਦ ਰਣਦੀਪ ਸਿੰਘ ਸੁਰਜੇਵਾਲਾ ਸ਼ੁੱਕਰਵਾਰ ਨੂੰ ਚੰਡੀਗੜ੍ਹ ਦੌਰੇ ’ਤੇ ਰਹੇ। ਨੈਸ਼ਨਲ ਹੈਰਲਡ ਮਾਮਲੇ ਨੂੰ ਲੈ ਕੇ ਸੈਕਟਰ-45 ਸਥਿਤ ਕਾਂਗਰਸ ਭਵਨ ਵਿੱਚ ਹੋਈ ਪੱਤਰਕਾਰ ਮਿਲਣੀ ਦੌਰਾਨ ਉਨ੍ਹਾਂ ਨੇ ਕੇਂਦਰ ਦੀ ਮੋਦੀ ਸਰਕਾਰ ‘ਤੇ ਤਿੱਖਾ ਹਮਲਾ ਬੋਲਿਆ। ਉਨ੍ਹਾਂ ਨੇ ਦਿੱਲੀ ਦੇ ਵਧਦੇ ਪ੍ਰਦੂਸ਼ਣ, ਇਸ ਦੇ ਚੰਡੀਗੜ੍ਹ ’ਤੇ ਪੈ ਰਹੇ ਪ੍ਰਭਾਵ ਅਤੇ ਮਨਰੇਗਾ ਨੂੰ ਲੈ ਕੇ ਵੀ ਕੇਂਦਰ ਸਰਕਾਰ ਨੂੰ ਘੇਰਿਆ।
ਨੈਸ਼ਨਲ ਹੈਰਲਡ ਮਾਮਲੇ ’ਚ ਅਦਾਲਤ ਦੇ ਹਾਲੀਆ ਫ਼ੈਸਲੇ ਦਾ ਹਵਾਲਾ ਦਿੰਦਿਆਂ ਸੁਰਜੇਵਾਲਾ ਨੇ ਕਿਹਾ ਕਿ 16 ਦਸੰਬਰ ਨੂੰ ਮੋਦੀ ਸਰਕਾਰ ਦੀ ਬਦਲੇ ਅਤੇ ਨਫ਼ਰਤ ਦੀ ਰਾਜਨੀਤੀ ਤਾਸ਼ ਦੇ ਪੱਤਿਆਂ ਵਾਂਗ ਡਿੱਗ ਗਈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਹੱਥਾਂ ਦੀ ਕਠਪੁਤਲੀ ਬਣੀ ਈਡੀ ਨੂੰ ਵੀ ਇੰਤਕਾਮੀ ਕਾਰਵਾਈ ਦਾ ਕਰਾਰਾ ਜਵਾਬ ਮਿਲਿਆ ਹੈ। ਪਿਛਲੇ 11 ਸਾਲਾਂ ਤੋਂ ਕਾਂਗਰਸ ਸੰਸਦੀ ਕਮੇਟੀ ਦੀ ਚੇਅਰਪਰਸਨ ਸੋਨੀਆ ਗਾਂਧੀ ਅਤੇ ਲੋਕ ਸਭਾ ’ਚ ਵਿਰੋਧੀ ਨੇਤਾ ਰਾਹੁਲ ਗਾਂਧੀ ਨੂੰ ਜਾਣ-ਬੁੱਝ ਕੇ ਨਿਸ਼ਾਨਾ ਬਣਾਇਆ ਜਾਂਦਾ ਰਿਹਾ। ਅਦਾਲਤੀ ਫ਼ੈਸਲੇ ਨੇ ਸਾਬਤ ਕਰ ਦਿੱਤਾ ਕਿ ਨਾ ਕੋਈ ਅਪਰਾਧ ਸੀ ਅਤੇ ਨਾ ਹੀ ਹੋਇਆ, ਸਾਰਾ ਮਾਮਲਾ ਰਾਜਨੀਤਿਕ ਰੰਜਿਸ਼ ਨਾਲ ਪ੍ਰੇਰਿਤ ਸੀ।
ਪ੍ਰਦੂਸ਼ਣ ਰਾਸ਼ਟਰੀ ਸਿਹਤ ਐਮਰਜੈਂਸੀ
ਦਿੱਲੀ ਦੇ ਪ੍ਰਦੂਸ਼ਣ ’ਤੇ ਗੰਭੀਰ ਚਿੰਤਾ ਜਤਾਉਂਦਿਆਂ ਸੁਰਜੇਵਾਲਾ ਨੇ ਕਿਹਾ ਕਿ ਇਹ ਸਿਰਫ਼ ਦਿੱਲੀ ਜਾਂ ਐੱਨਸੀਆਰ ਦੀ ਸਮੱਸਿਆ ਨਹੀਂ ਰਹੀ। ਦਿੱਲੀ ਅੱਜ ਦੁਨੀਆ ਦਾ ਤੀਜਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਹੈ ਅਤੇ ਦੁਨੀਆ ਦੇ 100 ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿੱਚੋਂ ਅੱਧੇ ਭਾਰਤ ਵਿੱਚ ਹਨ।
ਦਿੱਲੀ-ਐਨਸੀਆਰ ‘ਚ ਏਕਿਊਆਈ ਦਾ ਔਸਤ 500 ਦੇ ਕਰੀਬ ਹੈ, ਕਈ ਥਾਵਾਂ ’ਤੇ ਇਹ 800 ਤੋਂ 900 ਤੱਕ ਪਹੁੰਚ ਚੁੱਕਾ ਹੈ। ਉਨ੍ਹਾਂ ਕਿਹਾ ਕਿ ਜਦੋਂ ਏਕਿਊਆਈ 400 ਤੋਂ ਉੱਪਰ ਹੋਵੇ ਤਾਂ ਖੁੱਲ੍ਹੀ ਹਵਾ ’ਚ ਸਾਹ ਲੈਣਾ ਹਰ ਰੋਜ਼ 68 ਸਿਗਰਟ ਪੀਣ ਦੇ ਬਰਾਬਰ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਦਿੱਲੀ ਦੇ ਇਕ ਹਸਪਤਾਲ ਵਿਚ ਸਾਹ ਦੀ ਬਿਮਾਰੀ ਦੀਆਂ ਦਵਾਈਆਂ ਤੱਕ ਖ਼ਤਮ ਹੋ ਚੁੱਕੀਆਂ ਹਨ। ਬੱਚੇ, ਬਜ਼ੁਰਗ ਅਤੇ ਨੌਜਵਾਨ ਮਜ਼ਬੂਰੀ ਵਿਚ ਇਹ ‘68 ਸਿਗਰਟਾਂ’ ਵਾਲੀ ਹਵਾ ਸਾਹ ਰਾਹੀਂ ਲੈ ਰਹੇ ਹਨ। ਇਹ ਸਾਫ਼ ਤੌਰ ’ਤੇ ਰਾਸ਼ਟਰੀ ਸਿਹਤ ਐਮਰਜੈਂਸੀ ਹੈ, ਪਰ ਦੁੱਖ ਦੀ ਗੱਲ ਹੈ ਕਿ ਸਰਕਾਰ ਅਜੇ ਵੀ ਇਕ-ਦੂਜੇ ’ਤੇ ਦੋਸ਼ ਲਗਾਉਣ ਦੀ ਰਾਜਨੀਤੀ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਵਾਡਰਾ, ਮੱਲਿਕਾਰਜੁਨ ਖੜਗੇ ਅਤੇ ਉਨ੍ਹਾਂ ਨੇ ਖ਼ੁਦ ਇਹ ਮੁੱਦਾ ਉਠਾਇਆ, ਪਰ ਸਰਕਾਰ ਸੁਣਨ ਨੂੰ ਤਿਆਰ ਨਹੀਂ। ਸੱਚਾਈ ਇਹ ਹੈ ਕਿ ਦਿੱਲੀ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਭਾਜਪਾ ਦੀਆਂ ਸਰਕਾਰਾਂ ਹਨ ਅਤੇ ਪ੍ਰਧਾਨ ਮੰਤਰੀ ਨੂੰ ਖ਼ੁਦ ਦਖ਼ਲ ਦੇ ਕੇ ਦੂਰਗਾਮੀ ਫ਼ੈਸਲੇ ਕਰਨੇ ਚਾਹੀਦੇ ਹਨ। ਸੁਰਜੇਵਾਲਾ ਨੇ ਸਵਾਲ ਕੀਤਾ ਕਿ ਜਦੋਂ ਬੀਜਿੰਗ ਵਰਗਾ ਸ਼ਹਿਰ ਆਪਣਾ ਏਕਿਊਆਈ ਠੀਕ ਕਰ ਸਕਦਾ ਹੈ ਤਾਂ ਅਸੀਂ ਕਿਉਂ ਨਹੀਂ?
ਉਨ੍ਹਾਂ ਦਿੱਲੀ ਦੀ ਮੁੱਖ ਮੰਤਰੀ ’ਤੇ ਤਨਜ਼ ਕਰਦਿਆਂ ਕਿਹਾ ਕਿ ਸਮੱਸਿਆ ਤਦੋਂ ਬਣਦੀ ਹੈ, ਜਦੋਂ ਏਕਿਊਆਈ ਨੂੰ ਆਈਕਿਊ ਸਮਝ ਲਿਆ ਜਾਵੇ। ਜਦੋਂ ਅੰਤਰ ਹੀ ਨਾ ਪਤਾ ਹੋਵੇ ਤਾਂ ਹੱਲ ਕਿਵੇਂ ਨਿਕਲੇਗਾ? ਕਦੇ ਯਮੁਨਾ ਨੂੰ ਕ੍ਰਿਤ੍ਰਿਮ ਤੌਰ ’ਤੇ ਸਾਫ਼ ਦਿਖਾਉਣ ਲਈ ਟੈਂਕਰ ਲਗਾਏ ਜਾਂਦੇ ਹਨ, ਕਦੇ ਏਕਿਊਆਈ ਮਾਪਣ ਕੇਂਦਰਾਂ ’ਤੇ ਪਾਣੀ ਛਿੜਕਿਆ ਜਾਂਦਾ ਹੈ। ਲੋਕਾਂ ਨੂੰ ਮੂਰਖ ਬਣਾ ਕੇ ਪ੍ਰਦੂਸ਼ਣ ਠੀਕ ਨਹੀਂ ਹੋਵੇਗਾ। ਇਸ ਨੂੰ ਤੁਰੰਤ ਰਾਸ਼ਟਰੀ ਸਿਹਤ ਐਮਰਜੈਂਸੀ ਐਲਾਨ ਕੀਤਾ ਜਾਣਾ ਚਾਹੀਦਾ ਹੈ।
ਚੰਡੀਗੜ੍ਹ ਵੀ ਐੱਨਸੀਆਰ ਬਣਨ ਦੇ ਰਾਹ ’ਤੇ
ਸੁਰਜੇਵਾਲਾ ਨੇ ਕਿਹਾ ਕਿ ਦਿੱਲੀ ਦੇ ਹਾਲਾਤ ਚੰਡੀਗੜ੍ਹ ਨਾਲ ਵੀ ਜੁੜ ਰਹੇ ਹਨ। ਉਹ ਖ਼ੁਦ ਚੰਡੀਗੜ੍ਹ ’ਚ ਪੈਦਾ ਹੋਏ ਅਤੇ ਇਥੇ ਪੜ੍ਹੇ-ਲਿਖੇ ਹਨ। ਅੱਜ ਚੰਡੀਗੜ੍ਹ ਦਾ ਏਕਿਊਆਈ 200 ਤੋਂ 250 ਤੱਕ ਪਹੁੰਚ ਰਿਹਾ ਹੈ, ਜੋ ਸ਼ਹਿਰ ਕਦੇ ਸਭ ਤੋਂ ਸਾਫ਼ ਮੰਨਿਆ ਜਾਂਦਾ ਸੀ, ਅੱਜ ਉਸ ਦੇ ਆਲੇ-ਦੁਆਲੇ ਹਰ ਪਾਸੇ ਨਿਰਮਾਣ ਅਤੇ ਅੰਬਾਲਾ ਤੋਂ ਬੱਦੀ ਤੱਕ ਉਦਯੋਗ ਹੀ ਉਦਯੋਗ ਹਨ। ਉਨ੍ਹਾਂ ਸਵਾਲ ਕੀਤਾ ਕਿ ਕੀ ਸਰਕਾਰਾਂ ਇਸ ਵੱਲ ਧਿਆਨ ਦੇ ਰਹੀਆਂ ਹਨ? ਜੇ ਸਮੇਂ ’ਤੇ ਕਦਮ ਨਾ ਚੁੱਕੇ ਗਏ ਤਾਂ ਉਹ ਦਿਨ ਦੂਰ ਨਹੀਂ ਜਦੋਂ ਚੰਡੀਗੜ੍ਹ ਵੀ ਦਿੱਲੀ ਐੱਨਸੀਆਰ ਬਣ ਜਾਵੇਗਾ।
ਚੰਡੀਗੜ੍ਹ ਦੇ ਦਰਜੇ ’ਤੇ ਬਿਆਨ
ਚੰਡੀਗੜ੍ਹ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਹੋਣ ਦੇ ਮੁੱਦੇ ’ਤੇ ਸਾਂਸਦ ਮਨੀਸ਼ ਤਿਵਾਰੀ ਦੇ ਬਿਆਨ ਬਾਰੇ ਪੁੱਛੇ ਗਏ ਸਵਾਲ ’ਤੇ ਸੁਰਜੇਵਾਲਾ ਨੇ ਕਿਹਾ ਕਿ ਹਰਿਆਣਾ ਦਾ ਚੰਡੀਗੜ੍ਹ ’ਤੇ 40 ਫ਼ੀਸਦੀ ਹਿੱਸਾ ਹੈ ਅਤੇ ਕੋਈ ਵੀ ਆਪਣਾ ਹੱਕ ਬਿਨਾਂ ਮੁਆਵਜ਼ੇ ਦੇ ਨਹੀਂ ਛੱਡਦਾ। ਉਨ੍ਹਾਂ ਕਿਹਾ ਕਿ ਜੇ ਮੋਦੀ ਸਰਕਾਰ ਹਰਿਆਣਾ ਨੂੰ ਨਵੀਂ ਰਾਜਧਾਨੀ ਬਣਾਉਣ ਲਈ ਇਕ ਲੱਖ ਕਰੋੜ ਰੁਪਏ ਦੇਵੇ, ਤਾਂ ਹਰਿਆਣਾ ਨੂੰ ਚੰਡੀਗੜ੍ਹ ਛੱਡਣ ’ਤੇ ਕੋਈ ਇਤਰਾਜ਼ ਨਹੀਂ ਹੋਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਪੰਜਾਬ ਅਤੇ ਹਰਿਆਣਾ ਵਿਚਕਾਰ 60:40 ਦਾ ਅਨੁਪਾਤ ਹੈ ਅਤੇ ਜੇ ਹਰਿਆਣਾ ਆਪਣਾ ਹਿੱਸਾ ਛੱਡਦਾ ਹੈ ਤਾਂ ਉਸ ਦੀ ਭਰਪਾਈ ਹੋਣੀ ਚਾਹੀਦੀ ਹੈ।
ਮਨਰੇਗਾ ’ਤੇ ਹਮਲਾ ਗਰੀਬਾਂ ਦੀ ਰੋਜ਼ੀ ’ਤੇ ਵਾਰ
ਮਨਰੇਗਾ ਬਾਰੇ ਗੱਲ ਕਰਦਿਆਂ ਸੁਰਜੇਵਾਲਾ ਨੇ ਕਿਹਾ ਕਿ ਨਵੇਂ ਕਾਨੂੰਨ ਰਾਹੀਂ ਮਨਰੇਗਾ ਨੂੰ ਖ਼ਤਮ ਕਰਨਾ 12 ਕਰੋੜ ਲੋਕਾਂ ਦੀ ਰੋਜ਼ੀ-ਰੋਟੀ ’ਤੇ ਸਿੱਧਾ ਹਮਲਾ ਹੈ। ਰਾਤ ਦੇ ਢਾਈ ਵਜੇ ਫ਼ੈਸਲਾ ਕਰਕੇ ਭਾਜਪਾ ਨੇ ਗਰੀਬ ਮਜ਼ਦੂਰਾਂ ਦੀ ਰੁਜ਼ਗਾਰ ਗਾਰੰਟੀ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਤੰਜ਼ ਕਰਦਿਆਂ ਕਿਹਾ ਕਿ ਭਾਜਪਾ ਇਸ਼ਤਿਹਾਰਾਂ ਲਈ ਗਾਂਧੀ ਜੀ ਦੇ ਚਸ਼ਮੇ ਦੀ ਵਰਤੋਂ ਕਰਦੀ ਹੈ ਅਤੇ ਬਾਅਦ ’ਚ ਉਸਨੂੰ ਕੂੜੇਦਾਨ ਵਿਚ ਸੁੱਟ ਦਿੰਦੀ ਹੈ। ਪ੍ਰਤੀਕਾਤਮਕ ਗੱਲਾਂ ਨਾਲ ਗਰੀਬਾਂ ਦਾ ਢਿੱਡ ਨਹੀਂ ਭਰਦਾ।