ਸੁਨੀਲ ਜਾਖੜ ਨੇ ਕਿਹਾ ਕਿ ਅਸੀਂ ਤੁਹਾਡੇ ਵਿਰੋਧ ਕਰਨ ਦੇ ਅਧਿਕਾਰ ਦਾ ਸਤਿਕਾਰ ਕਰਦੇ ਹਾਂ, ਪਰ ਵਿਰੋਧ ਦੌਰਾਨ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਰਾਜਨੀਤੀ ਮਰਿਆਦਾ ਅਤੇ ਸ਼ਾਲੀਨਤਾ ਦੇ ਦਾਇਰੇ ਵਿੱਚ ਰਹਿ ਕੇ ਕੀਤੀ ਜਾਣੀ ਚਾਹੀਦੀ ਹੈ।

ਸਟੇਟ ਬਿਊਰੋ, ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦਾ ਮਾਹੌਲ ਖਰਾਬ ਨਾ ਕਰਨ ਦੀ ਚਿਤਾਵਨੀ ਦਿੰਦਿਆਂ ਕਹਾ ਕਿ ਭਾਜਪਾ ਪੰਜਾਬ ਨੂੰ ਮਮਤਾ ਬੈਨਰਜੀ ਦੇ ਬੰਗਾਲ ਵਰਗਾ ਬਣਾਉਣ ਦੀਆਂ 'ਆਪ' ਦੀਆਂ ਕੋਸ਼ਿਸ਼ਾਂ ਨੂੰ ਕਦੇ ਸਫਲ ਨਹੀਂ ਹੋਣ ਦੇਵੇਗੀ। ਇਸ ਸਬੰਧੀ ਸੋਸ਼ਲ ਮੀਡੀਆ 'ਤੇ ਜਾਰੀ ਸੰਦੇਸ਼ 'ਚ ਸੁਨੀਲ ਜਾਖੜ ਨੇ ਲਿਖਿਆ, 'ਅਰਵਿੰਦ ਕੇਜਰੀਵਾਲ ਜੀ! ਧਿਆਨ ਨਾਲ ਸੁਣ ਲਓ, ਪੰਜਾਬ ਨੂੰ ਮਮਤਾ ਬੈਨਰਜੀ ਦਾ ਬੰਗਾਲ ਨਹੀਂ ਬਣਨ ਦਿੱਤਾ ਜਾਵੇਗਾ।'
ਪ੍ਰਦਰਸ਼ਨ ਦੇ ਨਾਂ 'ਤੇ ਬਲਾਚੌਰ 'ਚ ਅਕਾਲੀ ਦਲ ਤੋਂ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਤੁਹਾਡੇ ਵਿਧਾਇਕ ਸੁੱਖੀ ਨੇ ਪੁਲਿਸ ਦੀ ਮੌਜੂਦਗੀ 'ਚ ਭਾਜਪਾ ਦਫ਼ਤਰ 'ਚ ਵੜ ਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਨਾਲ ਕੁੱਟਮਾਰ ਅਤੇ ਭੰਨਤੋੜ ਕੀਤੀ। ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਨੂੰ ਆਮ ਆਦਮੀ ਪਾਰਟੀ 'ਚ ਸ਼ਾਮਲ ਕਰਵਾ ਕੇ ਵਿਧਾਇਕ ਨੂੰ ਲੁੱਟ ਕਰਨ ਦਾ ਲਾਇਸੈਂਸ ਤਾਂ ਦੇ ਹੀ ਦਿੱਤਾ ਸੀ, ਪਰ ਕੀ ਲੋਕਾਂ ਨੂੰ ਕੁੱਟਣ ਦਾ ਲਾਇਸੈਂਸ ਵੀ ਦੇ ਦਿੱਤਾ ਹੈ? ਲੁਧਿਆਣਾ ਸਮੇਤ ਕੁਝ ਹੋਰ ਥਾਵਾਂ ਤੋਂ ਵੀ ਅਜਿਹੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ।
ਅਰਵਿੰਦ ਕੇਜਰੀਵਾਲ ਜੀ, ਪੰਜਾਬੀ ਸਭ ਦੇਖ ਰਹੇ ਹਨ। ਤੁਸੀਂ ਚਾਹੇ ਜਿੰਨੇ ਮਰਜ਼ੀ ਡਰਾਮੇ ਕਰ ਲਓ, ਪੰਜਾਬ ਨੂੰ ਲੁੱਟਣ ਵਾਲੇ ਭ੍ਰਿਸ਼ਟਾਚਾਰੀਆਂ ਖ਼ਿਲਾਫ਼ ਕਾਰਵਾਈ ਜਾਰੀ ਰਹੇਗੀ ਤੇ ਉਨ੍ਹਾਂ ਲੋਕਾਂ ਤਕ ਵੀ ਪਹੁੰਚੇਗੀ ਜੋ ਅਜੇ ਪਰਦੇ ਪਿੱਛੇ ਛੁਪੇ ਹੋਏ ਹਨ। ਪੰਜਾਬ ਪੁਲਿਸ ਬਿਨਾਂ ਦੇਰੀ ਕੀਤੇ ਇਸ ਗੁੰਡਾਗਰਦੀ ਖ਼ਿਲਾਫ਼ ਸਖ਼ਤ ਕਦਮ ਚੁੱਕੇ।"
ਸੁਨੀਲ ਜਾਖੜ ਨੇ ਕਿਹਾ ਕਿ ਅਸੀਂ ਤੁਹਾਡੇ ਵਿਰੋਧ ਕਰਨ ਦੇ ਅਧਿਕਾਰ ਦਾ ਸਤਿਕਾਰ ਕਰਦੇ ਹਾਂ, ਪਰ ਵਿਰੋਧ ਦੌਰਾਨ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਰਾਜਨੀਤੀ ਮਰਿਆਦਾ ਅਤੇ ਸ਼ਾਲੀਨਤਾ ਦੇ ਦਾਇਰੇ ਵਿੱਚ ਰਹਿ ਕੇ ਕੀਤੀ ਜਾਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਨੈਤਿਕ ਪਤਨ ਇਸ ਹੱਦ ਤੱਕ ਹੋ ਚੁੱਕਾ ਹੈ ਕਿ ਭ੍ਰਿਸ਼ਟਾਚਾਰ ਵਿਰੁੱਧ ਧਰਨੇ-ਪ੍ਰਦਰਸ਼ਨ ਕਰਕੇ ਸੱਤਾ ਵਿੱਚ ਆਉਣ ਵਾਲੀ ਪਾਰਟੀ ਅੱਜ ਭ੍ਰਿਸ਼ਟਾਚਾਰੀਆਂ ਦੇ ਸਮਰਥਨ ਵਿੱਚ ਧਰਨੇ-ਪ੍ਰਦਰਸ਼ਨ ਕਰ ਰਹੀ ਹੈ।
ਭਾਜਪਾ ਸੂਬਾ ਪ੍ਰਧਾਨ ਨੇ ਕਿਹਾ ਕਿ ਪੁਲਿਸ ਇਸ ਗੁੰਡਾਗਰਦੀ ਖ਼ਿਲਾਫ਼ ਤੁਰੰਤ ਸਖ਼ਤ ਕਾਰਵਾਈ ਕਰੇ। ਕੈਮਰਿਆਂ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ 'ਆਪ' ਵਿਧਾਇਕ ਭਾਜਪਾ ਦਫ਼ਤਰ ਵਿੱਚ ਵੜ ਕੇ ਕੁੱਟਮਾਰ ਕਰ ਰਹੇ ਹਨ। ਇਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਆਪਣੇ ਸਰੋਤਾਂ ਦੀ 'ਆਪ' ਵੱਲੋਂ ਕੀਤੀ ਜਾ ਰਹੀ ਲੁੱਟ ਨੂੰ ਸਹਿਣ ਨਹੀਂ ਕਰਨਗੇ। ਉਨ੍ਹਾਂ ਦੋਸ਼ ਲਾਇਆ ਕਿ ਹੁਣ ਜਦੋਂ 'ਆਪ' ਦੀ ਲੁੱਟ ਦਾ ਭਾਂਡਾ ਫੁੱਟਣ ਲੱਗਾ ਹੈ ਤਾਂ ਅਰਵਿੰਦ ਕੇਜਰੀਵਾਲ ਬੌਖਲਾ ਗਏ ਹਨ ਅਤੇ ਆਪਣੇ ਵਿਧਾਇਕਾਂ ਨੂੰ ਗੁੰਡਾਗਰਦੀ ਦੀ ਖੁੱਲ੍ਹੀ ਛੋਟ ਦੇ ਰਹੇ ਹਨ, ਪਰ ਭਾਜਪਾ ਇਸ ਨੂੰ ਬਰਦਾਸ਼ਤ ਨਹੀਂ ਕਰੇਗੀ।