ਗਿਆਨ ਜੋਤੀ ਸਕੂਲ ਦੇ ਵਿਦਿਆਰਥੀਆਂ ਦੀ ਕੌਮੀ ਸੀਬੀਐੱਸਈ ਮੁਕਾਬਲਿਆਂ ਲਈ ਚੋਣ
ਗਿਆਨ ਜੋਤੀ ਸਕੂਲ ਦੇ ਵਿਦਿਆਰਥੀਆਂ ਨੂੰ ਕੌਮੀ ਸੀਬੀਐੱਸਈ ਮੁਕਾਬਲਿਆਂ ’ਚ ਚੁਣਿਆ ਗਿਆ
Publish Date: Thu, 20 Nov 2025 05:24 PM (IST)
Updated Date: Thu, 20 Nov 2025 05:25 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਗਿਆਨ ਜੋਤੀ ਗਲੋਬਲ ਸਕੂਲ, ਫੇਜ਼-2, ਦੇ ਵਿਦਿਆਰਥੀਆਂ ਨੇ ਸੀਬੀਐੱਸਈ ਸਾਇੰਸ ਪ੍ਰਦਰਸ਼ਨੀ 2025-26 _ਚ ਪਾਣੀ ਦੀ ਸੰਭਾਲ ਅਤੇ ਪ੍ਰਬੰਧਨ ਉਪ-ਵਿਸ਼ੇ ਤਹਿਤ ਆਪਣਾ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਕੌਮੀ ਪੱਧਰ ਦੇ ਮੁਕਾਬਲਿਆਂ ਲਈ ਕੁਆਲੀਫਾਈ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਇਸ ਮੁਕਾਬਲੇ ਤੱਕ ਪਹੁੰਚਣ ਲਈ ਖੇਤਰੀ ਦੌਰ ਦੀ ਪ੍ਰਦਰਸ਼ਨੀ ਭਵਨ ਵਿਦਿਆਲਿਆ, ਸੈਕਟਰ-15, ਪੰਚਕੂਲਾ ਵਿਖੇ ਕਰਵਾਏ ਸਕੂਲ ਦੀ ਟੀਮ ਨੇ ਸਟੀਮ ਫੋਰ ਵਿਕਸਿਤ ਐਂਡ ਆਤਮਨਿਰਭਰ ਭਾਰਤ ਮੁੱਖ ਵਿਸ਼ੇ ਤਹਿਤ, ਕੈਟਾਗਰੀ 1 (ਕਲਾਸ 6-8) ਵਿਚ ਹਿੱਸਾ ਲਿਆ। ਇਸ ਦੌਰਾਨ ਅੱਠਵੀਂ ਕਲਾਸ ਦੇ ਵਿਦਿਆਰਥੀ ਮਾਨਵਜੀਤ ਸਿੰਘ ਅਤੇ ਵੰਸ਼ ਜਮਵਾਲ ਨੇ ਪਾਣੀ ਦੀ ਸੰਭਾਲ ਲਈ ਇਕ ਨਵੀਨਤਾਕਾਰੀ ਮਾਡਲ, ਜਿਸ ਦਾ ਨਾਮ ਸਮਾਰਟ ਰੇਨ ਵਾਟਰ ਹਾਰਵੈਸਟਿੰਗ ਅਤੇ ਮਨੀਟਰਿੰਗ ਸਿਸਟਮ ਪੇਸ਼ ਕੀਤਾ। ਉਨ੍ਹਾਂ ਦਾ ਇਹ ਪ੍ਰਾਜੈਕਟ ਆਧੁਨਿਕ ਤਕਨੀਕਾਂ ਦੀ ਵਰਤੋਂ ਕਰਕੇ ਪਾਣੀ ਦੀ ਬਰਬਾਦੀ ਨੂੰ ਰੋਕਣ ਅਤੇ ਇਸ ਦੀ ਕੁਸ਼ਲ ਵਰਤੋਂ ਨੂੰ ਯਕੀਨੀ ਬਣਾਉਣ ਤੇ ਕੇਂਦਰਿਤ ਸੀ। ਇਸ ਮਾਡਲ ਨੂੰ ਬਿਹਤਰੀਨ ਮਾਡਲ ਚੁਣਦੇ ਹੋਏ ਇਨ੍ਹਾਂ ਵਿਦਿਆਰਥੀਆਂ ਦੀ ਚੋਣ ਅਗਲੇ ਪੜਾਅ ਕੌਮੀ ਮੁਕਾਬਲਿਆਂ ਲਈ ਕੀਤੀ ਗਈ। ਜਿੱਥੋਂ ਇਹ ਵਿਦਿਆਰਥੀ ਹੁਣ ਦੇਸ਼ ਭਰ ਤੋਂ ਆਏ ਸਕੂਲਾਂ ਦੇ ਮੁਕਾਬਲਿਆਂ ਵਿਚ ਹਿੱਸਾ ਲੈਣਗੇ। ਵਿਦਿਆਰਥੀਆਂ ਨੇ ਇਸ ਸਫ਼ਲਤਾ ਤੇ ਆਪਣੀ ਖ਼ੁਸ਼ੀ ਜ਼ਾਹਰ ਕੀਤੀ। ਵੰਸ਼ ਜਮਵਾਲ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਸਾਡਾ ਮੰਨਣਾ ਹੈ ਕਿ ਪਾਣੀ ਦੀ ਸੰਭਾਲ ਸਮੇਂ ਦੀ ਲੋੜ ਹੈ, ਅਤੇ ਅਸੀਂ ਆਪਣੇ ਪ੍ਰੋਜੈਕਟ ਰਾਹੀਂ ਦੇਸ਼ ਦੀ ਸੇਵਾ ਵਿਚ ਯੋਗਦਾਨ ਪਾ ਕੇ ਬਹੁਤ ਖ਼ੁਸ਼ ਹਾਂ। ਇਸ ਮੌਕੇ ਗਿਆਨ ਜੋਤੀ ਗਲੋਬਲ ਸਕੂਲ ਦੀ ਡਾਇਰੈਕਟਰ ਪ੍ਰਿੰਸੀਪਲ ਰਣਜੀਤ ਬੇਦੀ ਨੇ ਇਸ ਪ੍ਰਾਪਤੀ ਲਈ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਇਸ ਪ੍ਰਾਪਤੀ ’ਤੇ ਖ਼ੁਸ਼ੀ ਪ੍ਰਗਟ ਕਰਦੇ ਹੋਏ ਕਿਹਾ ਕਿ ਮਾਨਵਜੀਤ ਅਤੇ ਵੰਸ਼ ਨੇ ਵਿਗਿਆਨ ਪ੍ਰਤੀ ਆਪਣੀ ਲਗਨ ਅਤੇ ਸਮਝ ਦਾ ਸਬੂਤ ਦਿੱਤਾ ਹੈ। ਅਸੀਂ ਉਨ੍ਹਾਂ ਨੂੰ ਨੈਸ਼ਨਲ ਪੱਧਰ ਦੀ ਤਿਆਰੀ ਲਈ ਪੂਰਾ ਸਮਰਥਨ ਦੇ ਰਹੇ ਹਾਂ। ਉਹ ਹੁਣ ਆਪਣੇ ਪ੍ਰੋਜੈਕਟ ’ਚ ਡਾਟਾ ਵਿਸ਼ਲੇਸ਼ਣ ਅਤੇ ਵਧੇਰੇ ਸੈਂਸਰ ਨੂੰ ਜੋੜ ਕੇ ਇਸ ਨੂੰ ਹੋਰ ਬਿਹਤਰ ਬਣਾਉਣ ਤੇ ਕੰਮ ਕਰ ਰਹੇ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਲਗਾਤਾਰ ਖੋਜ ਕਰਦੇ ਰਹਿਣ ਅਤੇ ਆਪਣੇ ਵਿਚਾਰਾਂ ਨਾਲ ਦੇਸ਼ ਨਿਰਮਾਣ ਵਿਚ ਯੋਗਦਾਨ ਪਾਉਣ ਲਈ ਉਤਸ਼ਾਹਤ ਕੀਤਾ।